Loading Now

ਨਾਭਾ ਦੇ ਪਿੰਡ ਫਰੀਦਪੁਰ ‘ਚ ਪਲਟੀ PRTC ਦੀ ਬੱਸ, ਕਈ ਯਾਤਰੀ ਗੰਭੀਰ ਜਖ਼ਮੀ

ਨਾਭਾ ਦੇ ਪਿੰਡ ਫਰੀਦਪੁਰ ‘ਚ ਪਲਟੀ PRTC ਦੀ ਬੱਸ, ਕਈ ਯਾਤਰੀ ਗੰਭੀਰ ਜਖ਼ਮੀ

ਪਟਿਆਲਾ, 11 ਸਤੰਬਰ – ਜ਼ਿਲ੍ਹਾ ਪਟਿਆਲਾ ਦੇ ਨਾਭਾ ਬਲਾਕ ਅਧੀਨ ਪੈਂਦੇ ਪਿੰਡ ਫਰੀਦਪੁਰ ਵਿਖੇ PRTC ਬੱਸ ਸੰਤੁਲਨ ਗੁਆਉਣ ਮਗਰੋਂ ਸਿੱਧੀ ਬਹੁਤ ਵੱਡੇ ਦਰੱਖਤ ਵਿੱਚ ਜਾ ਵੱਜੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿੱਥੇ ਦਰੱਖਤ ਦੇ ਟੋਟੇ ਹੋ ਗਏ ਉੱਥੇ ਹੀ ਬੱਸ ਦੇ ਵੀ ਪਰਖੱਚੇ ਉੱਡ ਗਏ।

‘ਹਾਦਸੇ ਦੌਰਾਨ ਹੋਇਆ ਵੱਡਾ ਖੜਾਕ’

ਇਸ ਮੌਕੇ ਉੱਤੇ ਪਿੰਡ ਵਾਸੀਆਂ ਨੇ ਦੱਸਿਆ ਕਿ, ‘ਜਦੋਂ ਬੱਸ ਹਾਦਸਾਗ੍ਰਸਤ ਹੋਈ ਤਾਂ ਅਸੀਂ ਮੌਕੇ ‘ਤੇ ਪਹੁੰਚੇ ਕਿਉਂਕਿ ਬਹੁਤ ਵੱਡੇ ਖੜਾਕੇ ਦੀ ਅਵਾਜ਼ ਆਈ। ਜਦੋਂ ਅਸੀਂ ਵੇਖਿਆ ਤਾਂ ਬੱਸ ਦੇ ਉੱਪਰ ਦਰੱਖਤ ਡਿੱਗਿਆ ਪਿਆ ਸੀ ਅਤੇ ਬੱਸ ਵਿੱਚੋਂ ਚੀਕਾਂ ਦੀਆਂ ਅਵਾਜ਼ਾਂ ਆ ਰਹੀ ਸਨ। ਅਸੀਂ ਸਵਾਰੀਆਂ ਨੂੰ ਬੱਸ ਵਿੱਚੋਂ ਬਾਰੀਆਂ ਅਤੇ ਸ਼ੀਸ਼ੇ ਭੰਨ੍ਹ ਕੇ ਬਾਹਰ ਕੱਢਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ।’

‘ਸਥਾਨਕਵਾਸੀਆਂ ਨੇ ਕੀਤੀ ਜ਼ਖ਼ਮੀਆਂ ਦੀ ਮਦਦ’

ਮੌਕੇ ਉੱਤੇ ਲੋਕਾਂ ਨੇ ਕਰੜੀ ਮੁਸ਼ੱਕਤ ਨਾਲ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ‘ਬੱਸ ਵਿੱਚ ਸਵਾਰੀਆਂ ਦੀ ਗਿਣਤੀ 100 ਤੋਂ ਜ਼ਿਆਦਾ ਸੀ ਅਤੇ 30 ਤੋਂ ਜ਼ਿਆਦਾ ਲੋਕ ਇਸ ਭਿਆਨਕ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ। ਉਨ੍ਹਾਂ ਬੱਸ ਹਾਦਸਾਗ੍ਰਸਤ ਹੋਣ ਦਾ ਕਾਰਨ ਓਵਰਲੋਡ ਸਵਾਰੀਆਂ ਅਤੇ ਸਮਾਨ ਨੂੰ ਦੱਸਿਆ ਹੈ। ਬੱਸ ਵਿੱਚ ਜ਼ਿਆਦਾਤਰ ਕਾਲਜਾਂ ਦੇ ਮੁੰਡੇ-ਕੁੜੀਆਂ ਸਵਾਰ ਸਨ।’

‘ਓਵਰਲੋਡ ਕਾਰਣ ਵਾਪਰਿਆ ਹਾਦਸਾ’

ਹਾਦਸਾਗ੍ਰਸਤ ਹੋਈ ਇਸ ਬੱਸ ਦੇ ਪਹਿਲੇ ਡਰਾਈਵਰ ਮਨਿੰਦਰ ਸਿੰਘ ਨੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ‘ਬੱਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿਉਂਕਿ ਬੱਸ ਦੇ ਪਰਖੱਚੇ ਉੱਡ ਗਏ ਹਨ। ਸਵੇਰੇ ਸਵੇਰੇ ਜਦੋਂ ਪੀਆਰਟੀਸੀ ਦੀ ਬੱਸ 140 ਦੇ ਕਰੀਬ ਓਵਰਲੋਡ ਸਵਾਰੀਆਂ ਲੈ ਕੇ ਮੱਲੇਵਾਲ ਤੋਂ ਪਟਿਆਲਾ ਵੱਲ ਜਾ ਰਹੀ ਸੀ ਤਾਂ ਬੱਸ ਦੀਆਂ ਕਮਾਣੀਆਂ ਟੁੱਟ ਗਈਆਂ ਅਤੇ ਬੱਸ ਬੇਕਾਬੂ ਹੋ ਕੇ ਗਲਤ ਸਾਈਡ ਉੱਤੇ ਜਾ ਕੇ ਇੱਕ ਵੱਡੇ ਦਰੱਖਤ ਵਿੱਚ ਜਾ ਵੱਜੀ। ਬੱਸ ਦੇ ਪਰਖੱਚੇ ਉੱਡ ਗਏ ਅਤੇ ਦੱਰਖਤ ਦੇ ਵੀ ਟੋਟੇ-ਟੋਟੇ ਹੋ ਗਏ।’

ਬੱਸ ਕੰਡਕਟਰ ਨੇ ਦੱਸੀ ਹੱਡਬੀਤੀ’

ਬੱਸ ਦੇ ਕੰਡਕਟਰ ਰਵਿੰਦਰ ਸਿੰਘ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਹੈ ਅਤੇ ਉਸ ਨੇ ਅੱਖੀਂ ਦੇਖਿਆ ਹਾਲ ਬਿਆਨ ਕਰਦਿਆਂ ਕਿਹਾ ਕਿ,’ਮੈਂ ਆਪਣਾ ਕੰਮ ਕਰਦਿਆਂ ਬੱਸ ਵਿੱਚ ਸਵਾਰ ਲੋਕਾਂ ਦੀਆਂ ਟਿਕਟਾਂ ਕੱਟ ਰਿਹਾ ਸੀ ਕਿ ਅਚਾਨਕ ਬੱਸ ਦਾ ਕਮਾਣੀਆਂ ਟੁੱਟਣ ਕਰਕੇ ਸੰਤੁਲਨ ਵਿਗੜਿਆ ਅਤੇ ਬੱਸ ਦਰੱਖਤ ਨਾਲ ਟਕਰਾ ਗਈ। ਬੱਸ ਦਾ ਡਰਾਈਵਰ ਗੰਭੀਕ ਜ਼ਖ਼ਮੀ ਹੈ, ਉਸ ਨੂੰ ਨਾਭਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੱਸ ਵਿੱਚ ਸਵਾਰੀਆਂ ਦੀ ਗਿਣਤੀ 100 ਤੋਂ ਜ਼ਿਆਦਾ ਸੀ। ਮੇਰੀ ਮਸ਼ੀਨ ਗੁੰਮ ਹੋ ਗਈ ਹੈ ਅਤੇ ਜਦੋਂ ਮਸ਼ੀਨ ਲੱਭ ਜਾਵੇਗੀ ਉਦੋਂ ਪਤਾ ਚੱਲ ਜਾਵੇਗਾ ਕਿ ਬੱਸ ਵਿੱਚ ਕਿੰਨੇ ਲੋਕ ਸਵਾਰ ਸਨ।’

Share this content:

Post Comment