Loading Now

ਨਸ਼ੇ ’ਚ ਧੁੱਤ ਥਾਣੇਦਾਰ ਨੇ ਰੇਲਵੇ ਲਾਈਨਾਂ ’ਚ ਵਾੜ ਦਿੱਤੀ ਸਰਕਾਰੀ ਪੀ.ਸੀ.ਆਰ

ਨਸ਼ੇ ’ਚ ਧੁੱਤ ਥਾਣੇਦਾਰ ਨੇ ਰੇਲਵੇ ਲਾਈਨਾਂ ’ਚ ਵਾੜ ਦਿੱਤੀ ਸਰਕਾਰੀ ਪੀ.ਸੀ.ਆਰ

ਅੰਮ੍ਰਿਤਸਰ, 5 ਅਗਸਤ – ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਪੰਜਾਬ ਪੁਲੀਸ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਅਸਿਸਟੈਂਟ ਸਬ-ਇੰਸਪੈਕਟਰ (ASI) ਨੇ ਪੁਲੀਸ ਦੀ ਸਰਕਾਰੀ ਪੀਸੀਆਰ (PCR) ਗੱਡੀ ਸਿੱਧੀ ਰੇਲਵੇ ਟਰੈਕ ’ਤੇ ਚੜ੍ਹਾ ਦਿੱਤੀ। ਭਗਤਾਂਵਾਲਾ ਰੇਲਵੇ ਫਾਟਕ ਨੇੜੇ ਵਾਪਰੀ ਇਸ ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਦਾ ਇਕੱਠ ਹੋ ਗਿਆ, ਜਿਨ੍ਹਾਂ ਨੇ ਇਸ ਪੂਰੇ ਹਾਦਸੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਪੁਲੀਸ ਮੁਲਾਜ਼ਮ ਦੀ ਪਛਾਣ ਏਐੱਸਆਈ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਥਾਣੇਦਾਰ ਇੰਨਾ ਨਸ਼ੇ ਵਿੱਚ ਸੀ ਕਿ ਗੱਡੀ ਤੋਂ ਸੰਤੁਲਨ ਗੁਆ ਬੈਠਾ ਅਤੇ ਸਰਕਾਰੀ ਵਾਹਨ ਨੂੰ ਰੇਲਵੇ ਲਾਈਨਾਂ ’ਤੇ ਲੈ ਗਿਆ, ਜਿੱਥੇ ਜਾ ਕੇ ਗੱਡੀ ਫਸ ਗਈ। ਜਦੋਂ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਨਸ਼ੇ ’ਚ ਧੁੱਤ ਥਾਣੇਦਾਰ ਨੇ ਬੇਸ਼ਰਮੀ ਨਾਲ ਜਵਾਬ ਦਿੱਤਾ, “ਮੈਂ ਤਾਂ ਥੋੜ੍ਹੀ ਜਿਹੀ ਹੀ ਪੀਤੀ ਸੀ, ਮੈਨੂੰ ਨਹੀਂ ਪਤਾ ਗੱਡੀ ਇੱਥੇ ਕਿਵੇਂ ਆ ਗਈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਨਗੜ੍ਹ ਦੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਏਐੱਸਆਈ ਨੂੰ ਆਪਣੇ ਨਾਲ ਲੈ ਗਈ, ਜਿਸ ਤੋਂ ਬਾਅਦ ਰੇਲਵੇ ਟਰੈਕ ਤੋਂ ਪੀਸੀਆਰ ਵਾਹਨ ਨੂੰ ਹਟਾਇਆ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਸ ਵੇਲੇ ਕੋਈ ਰੇਲਗੱਡੀ ਆ ਜਾਂਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਸਬੰਧੀ ਏਡੀਸੀਪੀ (ADCP) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਿਯਮਾਂ ਅਨੁਸਾਰ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਡਿਊਟੀ ਦੌਰਾਨ ਲਾਪਰਵਾਹੀ ਅਤੇ ਅਨੁਸ਼ਾਸਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Share this content:

Post Comment