ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੋਗਾ ਪੁਲਿਸ ਯਤਨਸ਼ੀਲ, ਬੱਧਨੀ ਕਲਾਂ ਵਿੱਚ ਚਲਾਇਆ ਕਾਸੋ ਆਪ੍ਰੇਸ਼ਨ
*ਨਸ਼ਿਆਂ ਨਾਲ ਪ੍ਰਭਾਵਿਤ ਹੋਟਸਪੋਟ ਥਾਵਾਂ ਦੀ ਕੀਤੀ ਚੈਕਿੰਗ
ਮੋਗਾ, 17 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਘੇਰਾਬੰਦੀ ਅਤੇ ਸਰਚ ਅਪਰੇਸ਼ਨ (ਕਾਸੋ) ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ, ਅੱਜ ਸ਼੍ਰੀ ਨਿਲਾਂਬਰੀ ਜਗਦਲੇ ਵਿਜੇ (ਆਈ.ਪੀ.ਐਸ.) ਡੀ.ਆਈ.ਜੀ. ਫਰੀਦਕੋਟ ਰੇਂਜ ਅਤੇ ਸ਼੍ਰੀ ਅਜੈ ਗਾਂਧੀ (ਆਈ.ਪੀ.ਐਸ.) ਐਸ.ਐਸ.ਪੀ. ਮੋਗਾ ਦੀ ਯੋਗ ਅਗਵਾਈ ਵਿਚ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਵੱਲੋਂ ਪੁਲਿਸ ਫੋਰਸ ਨਾਲ ਬੱਧਨੀ ਕਲਾਂ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਸਥਾਨਾਂ ਉੱਪਰ ਸਰਚ ਅਪ੍ਰੇਸ਼ਨ ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ 60 ਪੁਲਿਸ ਕਰਮਚਾਰੀਆਂ ਵੱਲੋਂ ਬੱਧਨੀ ਕਲਾਂ, ਰਣੀਆ, ਬੁੱਟਰ ਕਲਾਂ ਵਿੱਚ ਘੇਰਾਬੰਦੀ ਕਰਕੇ ਚੈਕਿੰਗ ਕੀਤੀ ਗਈ।

ਐਸ.ਐਸ.ਪੀ. ਮੋਗਾ ਸ਼੍ਰੀ ਅਜੈ ਗਾਂਧੀ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਕਰੀਬ 25 ਸ਼ੱਕੀ ਘਰਾਂ ਦੀ ਸਰਚ ਕੀਤੀ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਝ ਸ਼ੱਕੀ ਵਹੀਕਲਾਂ ਨੂੰ ਪੁਲਿਸ ਵੱਲੋਂ ਕਬਜੇ ਵਿੱਚ ਲਿਆ ਗਿਆ ਹੈ ਜਿਹਨਾਂ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੀਤੇ ਸਮੇਂ ਵਿੱਚ ਬੇਲ ਉੱਪਰ ਆਏ ਵਿਅਕਤੀਆਂ ਨੂੰ ਚੈੱਕ ਕੀਤਾ ਗਿਆ ਹੈ। ਸ਼੍ਰੀ ਅਜੈ ਗਾਂਧੀ ਨੇ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੋਂ ਆਮ ਪਬਲਿਕ ਵੀ ਬਹੁਤ ਖੁਸ਼ ਹੈ ਅਤੇ ਇਸ ਕਾਰਵਾਈ ਸਬੰਧੀ ਪੁਲਿਸ ਦੀ ਸ਼ਲਾਘਾ ਵੀ ਕਰ ਰਹੀ ਹੈ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ ਅਤੇ ਜੇਕਰ ਉਹਨਾਂ ਪਾਸ ਨਸ਼ਾ ਵੇਚਣ ਅਤੇ ਖਰੀਦਣ ਜਾਂ ਕਰਨ ਆਦਿ ਸਬੰਧੀ ਜਾਣਕਾਰੀ ਹੈ ਤਾਂ ਉਹ ਮੋਗਾ ਪੁਲਿਸ ਦੇ ਕੰਟਰੋਲ ਰੂਮ ਨੰਬਰ 96568-96568 ਜਾਂ ਸੇਫ ਪੰਜਾਬ ਹੈਲਪਲਾਈਨ ਨੰਬਰ 97791-00200 ਉੱਪਰ ਸੂਚਿਤ ਕਰ ਸਕਦੇ ਹਨ, ਉਹਨਾਂ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਮੋਗਾ ਪੁਲਿਸ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਦ੍ਰਿੜ ਹੈ ਅਤੇ ਭੱਵਿਖ ਵਿੱਚ ਵੀ ਮਾੜੇ ਅਨਸਰਾਂ ਖਿਲਾਫ ਇਸ ਤਰ੍ਹਾਂ ਦੀਆ ਕਾਰਵਾਈਆਂ ਜਾਰੀ ਰਹਿਣਗੀਆਂ।
Share this content:



Post Comment