ਨਗਰ ਕੌਂਸਲ ਦੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਖੰਨਾ, 24 ਨਵੰਬਰ- ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸ਼ਹਿਰ ਦੇ ਵਿਗੜ ਰਹੇ ਹਾਲਾਤ ਅਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ ਖ਼ਿਲਾਫ਼ ਅੱਜ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਕੌਂਸਲ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ‘ਖੰਨਾ ਮੰਗਦਾ ਜਵਾਬ’ ਦੇ ਨਾਅਰੇ ਲਾਉਂਦਿਆਂ ਪੁੱਛਿਆ ਕਿ ‘ਚੰਡੀਗੜ੍ਹ ਵਰਗਾ ਖੰਨਾ ਕਿੱਥੇ ਹੈ?’ ਉਨ੍ਹਾਂਕੌਂਸਲ ਵਿੱਚ ਕਥਿਤ ਭ੍ਰਿਸ਼ਟਾਚਾਰ ਅਤੇ ‘ਟਰਾਲੀ ਚੋਰ, ਬੋਰਡ ਚੋਰ’ ਵਰਗੇ ਨਾਅਰਿਆਂ ਰਾਹੀਂ ਪ੍ਰਬੰਧਾਂ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਇਆ।
ਉਨ੍ਹਾਂ ਸਫ਼ਾਈ ਵਿਵਸਥਾ ਦੇ ਮਾੜੇ ਹਾਲ ਅਤੇ ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਨਾਲ ਕਥਿਤ ਵਿਤਕਰੇ ਦੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਵਾਰਡ ਨੰਬਰ 9 ਵਿੱਚ ਕਰੀਬ 8 ਹਜ਼ਾਰ ਆਬਾਦੀ ਤੇ 4500 ਵੋਟਾਂ ਪਿੱਛੇ ਸਿਰਫ਼ 3 ਸਫ਼ਾਈ ਕਰਮਚਾਰੀ ਤਾਇਨਾਤ ਹਨ। ਵਾਰਡ ਨੰਬਰ 16 ਵਿੱਚ 6 ਹਜ਼ਾਰ ਆਬਾਦੀ ਤੇ 4200 ਵੋਟਾਂ ਪਿੱਛੇ ਮਹਿਜ਼ 5 ਅਤੇ ਵਾਰਡ ਨੰਬਰ 25 ਵਿੱਚ 3500 ਆਬਾਦੀ ਤੇ 2800 ਵੋਟਾਂ ਦੇ ਬਾਵਜੂਦ ਸਿਰਫ਼ 5 ਸਫ਼ਾਈ ਕਰਮਚਾਰੀ ਕੰਮ ਚਲਾ ਰਹੇ ਹਨ। ਕੋਟਲੀ ਅਤੇ ਵਾਰਡ ਵਾਸੀਆਂ ਨੇ ਵਿਤਕਰਾ ਬੰਦ ਕਰ ਕੇ ਆਬਾਦੀ ਤੇ ਖੇਤਰ ਮੁਤਾਬਕ ਸਫ਼ਾਈ ਕਰਮਚਾਰੀ ਦੇਣ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਪਾਰਦਰਸ਼ੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਰਾਜੀਵ ਰਾਏ ਮਹਿਤਾ ਤੇ ਹਰਜਿੰਦਰ ਸਿੰਘ ਇਕੋਲਾਹਾ, ਸਾਬਕਾ ਪ੍ਰਧਾਨ ਕਮਲਜੀਤ ਸਿੰਘ ਲੱਧੜ ਤੇ ਵਿਕਾਸ ਮਹਿਤਾ, ਲਛਮਣ ਸਿੰਘ ਗਰੇਵਾਲ, ਅਨਿਲ ਸ਼ੁਕਲਾ, ਕੌਂਸਲਰ ਰਵਿੰਦਰ ਸਿੰਘ ਬੱਬੂ, ਗੁਰਮੀਤ ਸਿੰਘ ਨਾਗਪਾਲ ਤੇ ਹੋਰ ਹਾਜ਼ਰ ਸਨ।
Share this content:



Post Comment