ਧਰਤੀ ਦੀ ਰੱਖਿਆ ਢਾਲ਼ ਹੈ ਓਜ਼ੋਨ ਪਰਤ
ਸੰਨ 1994 ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ 16 ਸਤੰਬਰ ਨੂੰ ਓਜ਼ੋਨ ਪਰਤ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਦਿਵਸ ਘੋਸ਼ਿਤ ਕੀਤਾ ਸੀ। ਇਹ ਦਿਵਸ ਮਾਂਟਰੀਅਲ ਪ੍ਰੋਟੋਕਾਲ ਦੀ ਵਰ੍ਹੇਗੰਢ ਦੇ ਰੂਪ ਵਿਚ ਦੁਨੀਆ ਭਰ ’ਚ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿਚ ਓਜ਼ੋਨ ਪਰਤ ਦੀ ਮਹੱਤਤਾ ਤੇ ਇਸ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ। ਓਜ਼ੋਨ ਪਰਤ ਧਰਤੀ ਦੇ ਵਾਯੂਮੰਡਲ ਦੀ ਦੂਸਰੀ ਪਰਤ ਸਟਰੈਟੋਸਫੀਅਰ ਵਿਚ ਮੌਜੂਦ ਹੁੰਦੀ ਹੈ। ਇਹ ਪਰਤ ਟਰੋਪੋਸਫੀਅਰ ਤੋਂ ਉੱਪਰ ਹੈ। ਇਹ ਧਰਤੀ ਦੀ ਸਤ੍ਹਾ ਤੋਂ ਲਗਪਗ 10 ਤੋਂ 50 ਕਿੱਲੋਮੀਟਰ ਦੇ ਵਿਚਕਾਰ ਫੈਲੀ ਹੋਈ ਹੈ। ਓਜ਼ੋਨ ਰਸਾਇਣਕ ਤੌਰ ’ਤੇ ਤਿੰਨ ਆਕਸੀਜਨ ਪਰਮਾਣੂਆਂ ਦਾ ਇਕ ਅਣੂ ਹੈ। ਇਸ ਦਾ ਰਸਾਇਣਕ ਸੂਤਰ ਓ ਹੈ। ਸੂਰਜ ਦੀ ਰੋਸ਼ਨੀ ਤੋਂ ਬਿਨਾਂ ਧਰਤੀ ’ਤੇ ਜੀਵਨ ਸੰਭਵ ਨਹੀਂ ਪਰ ਇਸ ਦੇ ਪ੍ਰਕਾਸ਼ ਵਿਚ ਹਾਨੀਕਾਰਕ ਪਰਾਬੈਂਗਨੀ ਵਿਕਿਰਨਾਂ ਵੀ ਮੌਜੂਦ ਹੁੰਦੀਆਂ ਹਨ ਜੋ ਸਾਡੇ, ਜੀਵ-ਜੰਤੂਆਂ ਤੇ ਪੇੜ-ਪੌਦਿਆਂ ਲਈ ਬਹੁਤ ਨੁਕਸਾਨਦਾਇਕ ਹਨ ਪਰ ਓਜ਼ੋਨ ਪਰਤ ਇਨ੍ਹਾਂ ਹਾਨੀਕਾਰਕ ਵਿਕਿਰਨਾਂ ਨੂੰ ਸੋਖ ਕੇ ਧਰਤੀ ਉੱਪਰ ਜੀਵਨ ਦੀ ਰੱਖਿਆ ਕਰਦੀ ਹੈ।
ਇਹ ਚਮੜੀ ਦੇ ਕੈਂਸਰ, ਅੱਖਾਂ ਦੇ ਨੁਕਸਾਨ ਅਤੇ ਮਨੁੱਖਾਂ ਵਿਚ ਮੋਤੀਆਬਿੰਦ ਨੂੰ ਰੋਕਦੀ ਹੈ। ਇਹ ਰੋਗ ਰੱਖਿਅਕ ਪ੍ਰਣਾਲੀ ਨੂੰ ਕਮਜ਼ੋਰ ਨਹੀਂ ਹੋਣ ਦਿੰਦੀ ਹੈ। ਇਹ ਪੌਦਿਆਂ ਤੇ ਜਾਨਵਰਾਂ ਨੂੰ ਡੀਐੱਨਏ ਦੇ ਨੁਕਸਾਨ ਤੋਂ ਬਚਾਉਂਦੀ ਹੈ ਜੋ ਉਨ੍ਹਾਂ ਦੇ ਵਿਕਾਸ ਅਤੇ ਪ੍ਰਜਣਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਨ੍ਹਾਂ ਹਾਨੀਕਾਰਕ ਵਿਕਿਰਨਾਂ ਨੂੰ ਸੋਖ ਕੇ ਓਜ਼ੋਨ ਪਰਤ ਧਰਤੀ ਦੇ ਤਾਪਮਾਨ ਨੂੰ ਬਣਾਈ ਰੱਖਣ ਵਿਚ ਵੀ ਮਦਦ ਕਰਦੀ ਹੈ ਤੇ ਵਾਤਾਵਰਨ ਵਿਚ ਨੁਕਸਾਨਦਾਇਕ ਕਿਰਿਆਵਾਂ ਨੂੰ ਰੋਕ ਕੇ ਸਿਹਤਮੰਦ ਵਾਤਾਵਰਨ ਬਣਾਉਂਦੀ ਹੈ। ਇਹ ਸਮੁੰਦਰੀ ਜੀਵ ਜਿਵੇਂ ਪਲੈਂਕਟਨ ਜੋ ਭੋਜਨ ਲੜੀ ਦਾ ਆਧਾਰ ਹਨ, ਨੂੰ ਨਸ਼ਟ ਹੋਣ ਤੋਂ ਬਚਾਉਂਦੀ ਹੈ। ਇਹ ਮੱਛੀਆਂ ਅਤੇ ਹੋਰ ਸਮੁੰਦਰੀ ਜੀਵਾਂ ਦੀ ਵੀ ਰੱਖਿਆ ਕਰਦੀ ਹੈ। ਇਸ ਲਈ ਓਜ਼ੋਨ ਪਰਤ ਨੂੰ ਧਰਤੀ ਦਾ ਸੁਰੱਖਿਆ ਕੰਬਲ ਜਾਂ ਢਾਲ ਕਿਹਾ ਜਾਂਦਾ ਹੈ। ਆਧੁਨਿਕ ਸਮੇਂ ਵਿਚ ਮਨੁੱਖੀ ਗਤੀਵਿਧੀਆਂ ਨੇ ਓਜ਼ੋਨ ਪਰਤ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਕਲੋਰੋ ਫਲੋਰੋ ਕਾਰਬਨਜ਼, ਹੈਲੋਨ, ਮਿਥਾਈਲ ਕਲੋਰੋਫਾਰਮ ਅਤੇ ਕਾਰਬਨ ਟੈਟਰਾਕਲੋਰਾਈਡ ਵਰਗੇ ਪਦਾਰਥ ਓਜ਼ੋਨ ਪਰਤ ਲਈ ਸਭ ਤੋਂ ਵੱਡਾ ਖ਼ਤਰਾ ਹਨ। ਇਹ ਗੈਸਾਂ ਏਅਰ ਕੰਡੀਸ਼ਨਰਾਂ ,ਫਰਿੱਜਾਂ, ਸਪਰੇਅ, ਫੈਕਟਰੀਆਂ ਤੇ ਵਾਹਨਾਂ ਤੋਂ ਨਿਕਲਦੀਆਂ ਹਨ। ਜਦੋਂ ਇਹ ਗੈਸਾਂ ਜਾਂ ਪਦਾਰਥ ਵਾਤਾਵਰਨ ’ਚ ਦਾਖ਼ਲ ਹੁੰਦੇ ਹਨ ਤਾਂ ਪਰਾਬੈਂਗਨੀ ਵਿਕਿਰਨਾਂ ਨਾਲ ਕਿਰਿਆ ਕਰ ਕੇ ਕਲੋਰੀਨ ਤੇ ਬਰੋਮੀਨ ਛੱਡਦੇ ਹਨ ਜੋ ਓਜ਼ੋਨ ਅਣੂ ਦੇ ਬੰਧਨਾਂ ਨੂੰ ਤੋੜਦੇ ਹਨ ਅਤੇ ਓਜ਼ੋਨ ਪਰਤ ਨੂੰ ਪਤਲਾ ਕਰਦੇ ਹਨ।
ਇਹ ਓਜ਼ੋਨ ਤੋੜੂ ਪਦਾਰਥ ਜਿਵੇਂ ਕਲੋਰੋ ਫਲੋਰੋ ਕਾਰਬਨਜ਼ ਬਹੁਤ ਲੰਮਾ ਸਮਾਂ ਵਾਯੂਮੰਡਲ ਵਿਚ ਰਹਿ ਸਕਦੇ ਹਨ। ਓਜ਼ੋਨ ਪਰਤ ਦਾ ਪਤਲਾ ਹੋਣਾ ਜਾਂ ਓਜ਼ੋਨ ਪਰਤ ’ਚ ਛੇਕ ਬਣਨਾ ਸਭ ਤੋਂ ਪਹਿਲਾਂ ਅੰਟਾਰਕਟਿਕਾ ’ਤੇ ਦੇਖਿਆ ਗਿਆ ਸੀ। ਸੰਨ 1980 ਦੇ ਦਹਾਕੇ ਵਿਚ ਬ੍ਰਿਟੇਨ ਦੇ ਬ੍ਰਿਟਿਸ਼ ਅੰਟਾਰਕਟਿਕ ਸਰਵੇ ਦੇ ਵਿਗਿਆਨੀਆਂ ਨੇ ਸਭ ਤੋਂ ਪਹਿਲਾਂ ਅੰਟਾਰਕਟਿਕਾ ਖੇਤਰ ਵਿਚ ਓਜ਼ੋਨ ਦੀ ਮਾਤਰਾ ਅਚਾਨਕ ਘੱਟ ਪਾਈ। ਸੰਨ 1985 ਵਿਚ ਜੋ ਫਾਰਮਰ , ਬ੍ਰਾਇਨ ਗਾਰਡਿਨਰ ਅਤੇ ਜੋਨਾਥਨ ਸ਼ੈਂਕਲੀਨ ਨੇ ਆਪਣੇ ਰਿਸਰਚ ਪੇਪਰ ਜੋ ਕਿ ‘ਨੇਚਰ’ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਸੀ, ਰਾਹੀਂ ਓਜ਼ੋਨ ਛੇਕ ਦੀ ਖੋਜ ਦਾ ਐਲਾਨ ਕੀਤਾ। ਇਸ ਕਾਰਨ ਇਹ ਅੰਤਰਰਾਸ਼ਟਰੀ ਪੱਧਰ ’ਤੇ ਚਿੰਤਾ ਦਾ ਵਿਸ਼ਾ ਸੀ। ਓਜ਼ੋਨ ਪਰਤ ਦੀ ਸੁਰੱਖਿਆ ਲਈ ਦੁਨੀਆ ਭਰ ਵਿਚ ਕਈ ਮਹੱਤਵਪੂਰਨ ਸੰਮੇਲਨ ਕੀਤੇ ਗਏ। ਓਜ਼ੋਨ ਪਰਤ ਦੀ ਸੁਰੱਖਿਆ ਲਈ ਸਭ ਤੋਂ ਪਹਿਲੀ ਕਨਵੈਨਸ਼ਨ ਆਸਟਰੀਆ ਦੀ ਰਾਜਧਾਨੀ ਵਿਆਨਾ ਵਿਚ 22 ਮਾਰਚ 1985 ਨੂੰ ਕੀਤੀ ਗਈ। ਇਸ ਵਿਚ 28 ਦੇਸ਼ਾਂ ਨੇ ਹਿੱਸਾ ਲਿਆ। ਇਸ ਦਾ ਮੁੱਖ ਉਦੇਸ਼ ਓਜ਼ੋਨ ਪਰਤ ਦੇ ਘਟਣ ਦੇ ਮੁੱਦੇ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਸਹਿਯੋਗ ਅਤੇ ਖੋਜ ਲਈ ਇਕ ਢਾਂਚਾ ਪ੍ਰਦਾਨ ਕਰਨਾ ਸੀ ਤਾਂ ਜੋ ਓਜ਼ੋਨ ਪਰਤ ਦੀ ਰੱਖਿਆ ਲਈ ਕਾਰਵਾਈ ਕੀਤੀ ਜਾ ਸਕੇ। ਇਕ ਸੰਮੇਲਨ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਵਿਚ 16 ਸਤੰਬਰ 1987 ਨੂੰ ਹੋਇਆ। ਓਜ਼ੋਨ ਪਰਤ ਦੀ ਰੱਖਿਆ ਲਈ ਹੋਰ ਵੀ ਕਈ ਸੰਮੇਲਨ ਸਮੇਂ-ਸਮੇਂ ’ਤੇ ਹੁੰਦੇ ਰਹੇ ਹਨ।
Share this content:



Post Comment