ਦੇਸ਼ ‘ਤੇ ਮਹਿੰਗਾਈ ਦੀ ਮਾਰ, ਆਉਣ ਵਾਲੇ ਦਿਨਾਂ ‘ਚ ਹਾਲਾਤ ਹੋਰ ਹੋਣਗੇ ਖਰਾਬ
ਲੁਧਿਆਣਾ, 21 ਦੇਸ਼ ਵਿੱਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਮਹਿੰਗਾਈ ਦੀ ਮਾਰ ਪੈ ਰਹੀ ਹੈ। ਇਸ ਮਹਿੰਗਾਈ ਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ, ਇਸ ਦੇ ਨਾਲ ਹੀ ਵਪਾਰੀਆਂ ਅਤੇ ਹੋਰਨਾ ਧੰਦਿਆਂ ਦੇ ਨਾਲ ਜੁੜੇ ਲੋਕਾਂ ‘ਤੇ ਵੀ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਮਹਿੰਗਾਈ ਦੀ ਸ਼ੁਰੂਆਤ ਦੁੱਧ ਦੀਆਂ ਕੀਮਤਾਂ ਅਤੇ ਪੈਟਰੋਲ ਡੀਜ਼ਲ ਦੇ ਨਾਲ ਸੀਐਨਜੀ ਦੀਆਂ ਕੀਮਤਾਂ ਵਧਣ ਦੇ ਨਾਲ ਹੋਈ, ਜਿਸ ਤੋਂ ਬਾਅਦ ਹੁਣ ਖਾਣ ਵਾਲੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜਾਫਾ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਕੱਚੇ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਲਗਾਤਾਰ ਕਮਜ਼ੋਰ ਹੋ ਰਿਹਾ ਡਾਲਰ ਦੇ ਮੁਕਾਬਲੇ ਰੁਪਿਆ ਹੋਰ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਨਾਲ ਇੰਪੋਰਟ ਡਿਊਟੀ ਦੇ ਹੋਰ ਖਰਚਾ ਹੋ ਰਿਹਾ ਹੈ।
ਸੀਪੀਐਲ ਅਤੇ ਡਬਲਿਉਪੀਐਲ ਰਿਪੋਰਟ
ਬੀਤੇ ਦਿਨੀਂ ਕੰਜਿਊਮਰ ਪ੍ਰਾਈਸ ਇੰਡੈਕਸ ਜਿਸ ਦੇ ਵਿੱਚ ਕੋਈ ਵੀ ਖਪਤਕਾਰ ਆਮ ਘਰੇਲੂ ਵਰਤੋਂ ਦਾ ਸਮਾਨ ਜਿਸ ਵਿੱਚ ਖਾਣਾ, ਹਾਊਸਿੰਗ, ਆਵਾਜਾਈ, ਸਿਹਤ ਸੁਵਿਧਾਵਾਂ ਅਤੇ ਸਿੱਖਿਆ ਸ਼ਾਮਿਲ ਹੈ, ਉਸ ਦੇ ਵਿੱਚ ਮਹਿੰਗਾਈ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਹੋਲਸੇਲ ਪ੍ਰਾਈਸ ਇੰਡੈਕਸ ਦੇ ਵਿੱਚ ਵੀ ਵਾਧਾ ਹੋਇਆ ਹੈ। ਜਿਸ ਦੇ ਵਿੱਚ ਖਪਤਕਾਰਾਂ ਤੱਕ ਘਰੇਲੂ ਸਮਾਨ ਪਹੁੰਚਾਉਣਾ ਮਹਿੰਗਾ ਹੋ ਚੁੱਕਾ ਹੈ, ਇਸ ਵਿੱਚ ਤੇਲ ਦੀਆਂ ਕੀਮਤਾਂ ਕੱਚਾ ਮਾਲ ਮੈਟਲ ਕੈਮੀਕਲਸ ਅਤੇ ਹੋਰ ਪ੍ਰੋਡਕਟ ਵੀ ਮਹਿੰਗੇ ਹੋਣ ਦੀ ਕਗਾਰ ਤੇ ਹਨ। ਹੋਲਸੇਲ ਮਹਿੰਗਾਈ ਦਰ ਅਪ੍ਰੈਲ ਮਹੀਨੇ ਦੇ ਵਿੱਚ 8.3 ਫੀਸਦੀ ਰਹੀ ਹੈ, ਜਿਸ ਨੂੰ 42 ਮਹੀਨਿਆਂ ਦੇ ਵਿੱਚ ਸਭ ਤੋਂ ਜਿਆਦਾ ਵੱਧ ਮੰਨਿਆ ਗਿਆ ਹੈ ਮਾਰਚ ਦੇ ਵਿੱਚ ਇਹ 3.88 ਫੀਸਦੀ ਸੀ। ਇਸ ਦਾ ਸਭ ਤੋਂ ਜ਼ਿਆਦਾ ਅਸਰ ਪੈਟਰੋਲੀਅਮ ਪਦਾਰਥਾਂ ਦਾ ਪਿਆ ਹੈ ਭਾਵੇਂ ਉਹ ਪੈਟਰੋਲ ਡੀਜ਼ਲ ਹੋਣ ਭਾਵੇਂ ਉਹ ਸੀਐਨਜੀ ਅਤੇ ਐਲਪੀਜੀ ਦੇ ਸਿਲੰਡਰ ਹੀ ਕਿਉਂ ਨਾ ਹੋਣ।
ਮਹਿੰਗਾਈ ਦਾ ਅਸਰ
ਆਮ ਦੁਕਾਨਦਾਰ ਤੋਂ ਲੈ ਕੇ ਆਮ ਗ੍ਰਾਹਕ ਤੱਕ ਮਹਿੰਗਾਈ ਦਾ ਸੇਕ ਲੱਗਿਆ ਹੈ, ਅਰਥਸ਼ਾਸ਼ਤਰੀ ਆਕਾਸ਼ ਜਿੰਦਲ ਦੱਸਦੇ ਹਨ ਕਿ “ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਹਰ ਪ੍ਰੋਡਕਟ ‘ਤੇ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਸਿਲੰਡਰ ਮਹਿੰਗਾ ਹੋ ਗਿਆ ਹੈ ਹੋਲਸੇਲ ਅਤੇ ਕੰਜਿਊਮਰ ਰੇਟ ਵੱਧ ਗਈ ਹੈ। ਪੈਟਰੋਲ ਡੀਜ਼ਲ ਮਹਿੰਗਾ ਹੋਣ ਦੇ ਨਾਲ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਨੇ ਦੁੱਧ ਮਹਿੰਗਾ ਹੋ ਗਿਆ ਹੈ, ਆਉਣ ਵਾਲੇ ਦਿਨਾਂ ‘ਚ ਸੀਪੀਆਈ 1 ਫੀਸਦੀ ਹੋਰ ਵੱਧ ਜਾਵੇਗੀ। ਜਿਸ ਨਾਲ ਆਮ ਆਦਮੀ ਲਈ ਵੀ ਪ੍ਰੇਸ਼ਾਨੀ ਵਧੇਗੀ ਅਰਥ ਵਿਵਸਥਾ ‘ਤੇ ਵੀ ਅਸਰ ਪਵੇਗਾ। ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ ਨੂੰ ਕੈਸ਼ ਦੀ ਕਿੱਲਤ ਆਉਣੀ ਸ਼ੁਰੂ ਹੋ ਗਈ ਹੈ ਖਾੜੀ ਮੁਲਕਾਂ ਦੀ ਲੜਾਈ ਕਰਕੇ ਆਮਦਨ ਨਹੀਂ ਵੱਧ ਸਕੀ, ਪਰ ਖਰਚੇ ਜਰੂਰ ਵੱਧ ਰਹੇ ਨੇ, ਕਮਾਈ ਰੁਕ ਗਈ ਹੈ, ਡਾਲਰ ਹੋਰ ਮਹਿੰਗਾ ਹੋ ਸਕਦਾ ਹੈ। ਜੇਕਰ ਸਟੇਟ ਆਫ ਹਰਮੂਜ਼ ਨਹੀਂ ਖੁੱਲ੍ਹਦਾ ਤਾਂ ਹੋਰ ਮਹਿੰਗਾਈ ਵਧੇਗੀ। ਹਾਲਾਂਕਿ ਸਰਕਾਰ ਕੰਮ ਕਰ ਰਹੀ ਹੈ ਪਰ ਗਲੋਬਲ ਕਰਾਇਸਿਸ ਦੀ ਵਜ੍ਹਾ ਕਰਕੇ ਇਹ ਦਿੱਕਤਾਂ ਹੋ ਰਹੀਆਂ ਨੇ ਜੇਕਰ ਹਾਲਾਤ ਇਸ ਤਰਾਂ ਦੇ ਬਣੇ ਰਹੇ ਤਾਂ ਆਮ ਆਦਮੀ ਲਈ ਮੁਸ਼ਕਿਲਾਂ ਹੋਰ ਵੱਧ ਜਾਣਗੀਆਂ।”
ਡਾਕਟਰ ਪ੍ਰੋਫੈਸਰ ਅਮਨਪ੍ਰੀਤ ਬਰਾੜ ਕਹਿੰਦੇ ਨੇ ਕਿ “42 ਮਹੀਨਿਆਂ ‘ਚ ਸਭ ਤੋਂ ਵੱਡਾ ਉਛਾਲ ਆਇਆ ਹੈ ਅੱਜ ਦੋਵੇਂ ਇੰਡੈਕਸ ਵੱਧ ਗਏ ਨੇ, ਹੋਲਸੇਲ ਇੰਡੈਕਸ ਵਾਧੇ ਦਾ ਅਸਰ ਜੂਨ ਮਹੀਨੇ ਵਿੱਚ ਨਜ਼ਰ ਆਵੇਗਾ। ਐਲਪੀਜੀ ਦੀਆਂ ਕੀਮਤਾਂ ਵੀ ਵੱਧ ਸਕਦੀਆਂ ਨੇ ਆਵਾਜਾਈ ਮਹਿੰਗੀ ਹੋਣ ਨਾਲ ਹੋਰ ਪ੍ਰੋਡਕਟ ਵੀ ਮਹਿੰਗੇ ਹੋ ਜਾਣਗੇ। ਸਾਨੂੰ ਖਾਦਾਂ ਨਹੀਂ ਮਿਲ ਰਹੀਆਂ ਕਿਉਂਕਿ ਖਾਦਾਂ ਇੰਪੋਰਟ ਕਰਵਾਈ ਜਾਂਦੀਆਂ ਨੇ ਜੇਕਰ ਖਾਦਾਂ ਨਹੀਂ ਮਿਲਦੀਆਂ ਅਤੇ ਅਲ ਨਿਨੋ ਦਾ ਅਸਰ ਰਹਿੰਦਾ ਹੈ ਤਾਂ ਇਸ ਦਾ ਅਸਰ ਸਿੱਧਾ ਅਨਾਜ ਦੀ ਪੈਦਾਵਾਰ ਤੇ ਪਵੇਗਾ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ। ਆਮ ਵਿਅਕਤੀ ਦੀ ਤਨਖਾਹ ਨਹੀਂ ਵੱਧ ਸਕਦੀ, ਨੌਕਰੀਆਂ ਵਿੱਚ ਕੋਈ ਫਾਇਦਾ ਨਹੀਂ ਹੋ ਰਿਹਾ ਆਮ ਇਨਸਾਨ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ।”
ਡਾਲਰ ਮੁਕਾਬਲੇ ਰੁਪਏ ਕਮਜ਼ੋਰ
ਵਿਸ਼ਵ ਐਮਐਸਐਮਈ ਫੋਰਮ ਦੇ ਪ੍ਰਧਾਨ ਬਾਦੀਸ਼ ਜਿੰਦਲ ਨੇ ਕਿਹਾ ਕਿ “ਕੁਝ ਸਮੇਂ ਪਹਿਲਾਂ ਇੱਕ ਡਾਲਰ 84 ਦਾ ਸੀ ਅੱਜ ਸਵੇਰੇ ਡਾਲਰ ਦੀ ਕੀਮਤ 97 ਤੋਂ ਪਾਰ ਹੋ ਚੁੱਕੀ ਹੈ, ਭਾਰਤ 17 ਲੱਖ ਕਰੋੜ ਦਾ ਇਕੱਲਾ ਤੇਲ ਹੀ ਮੰਗਾਉਂਦਾ ਸੀ ਜੇਕਰ ਡਾਲਰ ਹੋਰ ਵਧੇਗਾ ਤਾਂ 35 ਲੱਖ ਕਰੋੜ ਰੁਪਏ ਦੀ ਲੋੜ ਪਵੇਗੀ, ਜੇਕਰ ਇਰਾਨ ਅਤੇ ਅਮਰੀਕਾ ਦੀ ਜੰਗ ਵਧੀ ਤਾਂ ਭਾਰਤ ਵਿੱਚ ਮਹਿੰਗਾਈ 20 ਫੀਸਦੀ ਤੱਕ ਵਧ ਜਾਵੇਗੀ। ਕੇਂਦਰ ਅਤੇ ਸੂਬਾ ਸਰਕਾਰ ਪੈਟਰੋਲ ਡੀਜ਼ਲ ਤੇ ਟੈਕਸ ਅਤੇ ਐਕਸਾਇਜ ਤੇ ਕੋਈ ਛੋਟ ਨਹੀਂ ਦੇ ਰਹੀ। ਜਿਸ ਤੇ ਤੁਰੰਤ ਰਾਹਤ ਦੇਣ ਦੀ ਲੋੜ ਹੈ ਜਦੋਂ ਕੱਚਾ ਤੇਲ ਸਸਤਾ ਮਿਲ ਰਿਹਾ ਸੀ ਉਦੋਂ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਮਿਲਿਆ, ਸਗੋਂ ਉਸ ਦਾ ਫਾਇਦਾ ਤੇਲ ਕੰਪਨੀਆਂ ਨੂੰ ਮਿਲਿਆ।”
ਦੁਕਾਨਦਾਰ ਪ੍ਰੇਸ਼ਾਨ
ਇਸ ਸਬੰਧੀ ਲੰਬੇ ਸਮੇਂ ਤੋਂ ਦੁਕਾਨਦਾਰੀ ਕਰ ਰਹੇ ਰਾਜੇਸ਼ ਸਿੰਘਲਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖਾਣ-ਪੀਣ ਦੇ ਸਮਾਨ ਦੀਆਂ ਕੀਮਤਾਂ ਦੇ ਵਿੱਚ ਦੋ ਰੁਪਏ ਤੋਂ ਲੈ ਕੇ 5 ਰੁਪਏ ਤੱਕ ਦਾ ਵਾਧਾ ਦਰਜ ਹੋ ਰਿਹਾ ਹੈ। ਇਸ ਦਾ ਇੱਕ ਵੱਡਾ ਕਾਰਨ ਬੀਤੇ ਦਿਨ੍ਹਾਂ ਵਿੱਚ ਵਧੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਨ। ਦੁੱਧ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਚੁੱਕੀਆਂ ਹਨ।
Share this content:



Post Comment