ਦੇਸ਼ ’ਚ ਥੋਕ ਮਹਿੰਗਾਈ ਜਨਵਰੀ ’ਚ ਵਧ ਕੇ 1.81 ਫ਼ੀਸਦੀ ਹੋਈ
ਨਵੀਂ ਦਿੱਲੀ, 16 ਫਰਵਰੀ – ਦੇਸ਼ ’ਚ ਥੋਕ ਮਹਿੰਗਾਈ ਜਨਵਰੀ ਦੌਰਾਨ ਲਗਾਤਾਰ ਤੀਜੇ ਮਹੀਨੇ ਵਧ ਕੇ 1.81 ਫ਼ੀ ਸਦੀ ’ਤੇ ਪਹੁੰਚ ਗਈ। ਭੋਜਨ ਪਦਾਰਥ, ਗ਼ੈਰ-ਭੋਜਨ ਪਦਾਰਥ ਅਤੇ ਨਿਰਮਿਤ ਉਤਪਾਦਾਂ ਦੀਆਂ ਕੀਮਤਾਂ ’ਚ ਮਹੀਨਾਵਾਰ ਆਧਾਰ ’ਤੇ ਵਾਧਾ ਇਸ ਦਾ ਮੁੱਖ ਕਾਰਨ ਰਿਹਾ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ। ਥੋਕ ਮੁੱਖ ਸੂਚਕ ਅੰਕ (ਡਬਲਿਊ.ਪੀ.ਆਈ.) ਅਧਾਰਤ ਮਹਿੰਗਾਈ ਦਰ ਪਿਛਲੇ ਸਾਲ ਜਨਵਰੀ ’ਚ 2.51 ਫ਼ੀ ਸਦੀ ਜਦਕਿ ਦਸੰਬਰ 2025 ’ਚ 0.82 ਫ਼ੀ ਸਦੀ ਰਹੀ ਸੀ।
ਉਦਯੋਗ ਮੰਤਰਾਲਾ ਨੇ ਬਿਆਨ ’ਚ ਕਿਹਾ, ‘‘ਜਨਵਰੀ 2026 ’ਚ ਥੋਕ ਮਹਿੰਗਾਈ ਵਧਣ ਦਾ ਮੁੱਖ ਕਾਰਨ ਮੂਲ ਧਾਤਾਂ ਦੇ ਨਿਰਮਾਣ, ਹੋਰ ਨਿਰਮਾਣ, ਗ਼ੈਰ-ਭੋਜਨ ਪਦਾਰਥ ਚੀਜ਼ਾਂ, ਭੋਜਨ ਪਦਾਰਥਾਂ ਅਤੇ ਕਪੜਿਆਂ ਆਦਿ ਦੀਆਂ ਕੀਮਤਾਂ ’ਚ ਵਾਧਾ ਰਿਹਾ। ਥੋਕ ਮੁੱਲ ਸੂਚਕ ਅੰਕ (ਡਬਲਿਊ.ਪੀ.ਆਈ.) ਦੇ ਅੰਕੜਿਆਂ ਅਨੁਸਾਰ, ਜਨਵਰੀ ’ਚ ਭੋਜਨ ਪਦਾਰਥਾਂ ਦੀ ਮਹਿੰਗਾਈ ਦਰ 1.55 ਫ਼ੀ ਸਦੀ ਰਹੀ ਜਦਕਿ ਦਸੰਬਰ ’ਚ ਇਸ ’ਚ 0.43 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।
ਸਬਜ਼ੀਆਂ ਦੇ ਮਾਮਲੇ ’ਚ ਜਨਵਰੀ ’ਚ ਮਹਿੰਗਾਈ ਦਰ 6.78 ਫ਼ੀ ਸਦੀ ਰਹੀ, ਜਦਕਿ ਦਸੰਬਰ ’ਚ ਇਸ ’ਚ 3.50 ਫ਼ੀ ਸਦੀ ਦੀ ਗਿਰਾਵਟ ਆਈ ਸੀ। ਨਿਰਮਿਤ ਉਤਪਾਦਾਂ ’ਚ ਥੋਕ ਮਹਿੰਗਾਈ ਜਨਵਰੀ ਤੋਂ ਵਧ ਕੇ 2.86 ਫ਼ੀ ਸਦੀ ਹੋ ਗਈ ਜੋ ਦਸੰਬਰ ’ਚ 1.82 ਫ਼ੀ ਸਦੀ ਸੀ। ਗ਼ੈਰ-ਭੋਜਨ ਪਦਾਰਥਾਂ ਦੀ ਸ਼੍ਰੇਣੀ ’ਚ ਮਹਿੰਗਾਈ ਜਨਵਰੀ ਦੌਰਾਨ ਤੇਜ਼ ਉਛਾਲ ਨਾਲ 7.58 ਹੋ ਗਈ ਜਦਕਿ ਦਸੰਬਰ ’ਚ ਇਹ 2.95 ਫ਼ੀ ਸਦੀ ਸੀ। ਬਾਲਣ ਅਤੇ ਬਿਜਲੀ ਖੇਤਰ ’ਚ ਮਹਿੰਗਾਈ ਦਰ ’ਚ ਗਿਰਾਵਟ ਜਾਰੀ ਰਹੀ। ਇਹ ਜਨਵਰੀ ’ਚ 4.01 ਫ਼ੀ ਸਦੀ ਰਹੀ ਸੀ ਜੋ ਦਸੰਬਰ ’ਚ 2.31 ਫ਼ੀ ਸਦੀ ਸੀ। ਸਰਕਾਰ ਵਲੋਂ ਪਿਛਲੇ ਹਫ਼ਤੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ਦੀ ਪ੍ਰਚੂਨ ਮਹਿੰਗਾਈ ਦਰ ਜਨਵਰੀ ’ਚ ਵਧ ਕੇ 2.75 ਫ਼ੀ ਸਦੀ ਹੋ ਗਈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਵਿਆਜ ਦਰਾਂ ਨੂੰ ਮਿੱਥਣ ਲਈ ਪ੍ਰਚੂਨ ਮਹਿੰਗਾਈ ਦਰ ਦਾ ਆਧਾਰ ਬਣਾਉਂਦਾ ਹੈ।
Share this content:



Post Comment