ਦਿੱਲੀ ਏਅਰਪੋਰਟ ’ਤੇ 3.84 ਕਰੋੜ ਰੁਪਏ ਦਾ ਸੋਨਾ ਅਤੇ ਗਾਂਜਾ ਜ਼ਬਤ
ਨਵੀਂ ਦਿੱਲੀ, 30 ਅਕਤੂਬਰ – ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਤਸਕਰੀ ਵਿਰੁੱਧ ਵੱਡੀ ਕਾਰਵਾਈ ਕਰਦਿਆਂ 24 ਤੋਂ 26 ਅਕਤੂਬਰ ਦਰਮਿਆਨ ਲਗਪਗ 3.84 ਕਰੋੜ ਰੁਪਏ ਦਾ ਸੋਨਾ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਨ੍ਹਾਂ ਮਾਮਲਿਆਂ ਵਿੱਚ ਬੈਂਕਾਕ ਅਤੇ ਸ਼ਾਰਜਾਹ ਤੋਂ ਆਏ ਯਾਤਰੀਆਂ ਕੋਲੋਂ 3.37 ਕਰੋੜ ਰੁਪਏ ਦਾ 9.6 ਕਿਲੋ ਤੋਂ ਵੱਧ ਗਾਂਜਾ (ਮੈਰੀਜੁਆਨਾ) ਅਤੇ 47.38 ਲੱਖ ਰੁਪਏ ਦਾ 332 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਟਰਮੀਨਲ 3 ’ਤੇ ਕੀਤੀ ਜਾਂਚ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਬੈਂਕਾਕ ਤੋਂ ਆਏ ਦੋ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪਹਿਲੇ ਮਾਮਲੇ ਵਿੱਚ 24 ਅਕਤੂਬਰ ਨੂੰ ਇੱਕ ਯਾਤਰੀ ਦੇ ਸਾਮਾਨ ਦੀ ਐਕਸ-ਰੇਅ ਸਕ੍ਰੀਨਿੰਗ ਦੌਰਾਨ 1.48 ਕਰੋੜ ਰੁਪਏ ਕੀਮਤ ਦਾ 4,229 ਗ੍ਰਾਮ ਗਾਂਜਾ ਬਰਾਮਦ ਹੋਇਆ। ਇਸੇ ਤਰ੍ਹਾਂ 26 ਅਕਤੂਬਰ ਨੂੰ ਦੂਜੇ ਯਾਤਰੀ ਦੇ ਟਰਾਲੀ ਬੈਗ ’ਚੋਂ 1.89 ਕਰੋੜ ਰੁਪਏ ਕੀਮਤ ਦਾ 5,426 ਗ੍ਰਾਮ ਗਾਂਜਾ ਜ਼ਬਤ ਕੀਤਾ ਗਿਆ। ਦੋਵਾਂ ਮਾਮਲਿਆਂ ਵਿੱਚ ਮੁੱਢਲੀ ਜਾਂਚ ਦੌਰਾਨ ਗਾਂਜੇ ਦੀ ਪੁਸ਼ਟੀ ਹੋਣ ਤੋਂ ਬਾਅਦ NDPS ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਸੋਨੇ ਦੀ ਤਸਕਰੀ ਦਾ ਤੀਜਾ ਮਾਮਲਾ ਵੀ 26 ਅਕਤੂਬਰ ਨੂੰ ਸਾਹਮਣੇ ਆਇਆ। ਸ਼ਾਰਜਾਹ ਤੋਂ ਆਏ ਦੋ ਯਾਤਰੀਆਂ ਨੂੰ ਸ਼ੱਕ ਦੇ ਆਧਾਰ ’ਤੇ ਗ੍ਰੀਨ ਚੈਨਲ ਪਾਰ ਕਰਨ ਤੋਂ ਬਾਅਦ ਰੋਕਿਆ ਗਿਆ। ਭਾਵੇਂ ਉਨ੍ਹਾਂ ਦੇ ਬੈਗਾਂ ਵਿੱਚੋਂ ਕੁੱਛ ਨਹੀਂ ਮਿਲਿਆ, ਪਰ ਮੈਟਲ ਡਿਟੈਕਟਰ ਦੀ ਬੀਪ ਵੱਜਣ ਤੋਂ ਬਾਅਦ ਜਦੋਂ ਸਰੀਰਕ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਅੰਡਰਗਾਰਮੈਂਟਸ ਵਿੱਚ ਲੁਕਾਈਆਂ 2 ਸੋਨੇ ਦੀਆਂ ਚੇਨਾਂ ਬਰਾਮਦ ਹੋਈਆਂ। 999 ਸ਼ੁੱਧਤਾ ਵਾਲੇ ਇਸ 332 ਗ੍ਰਾਮ ਸੋਨੇ ਦੀ ਕੀਮਤ 47.38 ਲੱਖ ਰੁਪਏ ਹੈ, ਜਿਸ ਨੂੰ ਕਾਲੀ ਟੇਪ ਅਤੇ ਕਾਰਬਨ ਪੇਪਰ ਵਿੱਚ ਲਪੇਟਿਆ ਗਿਆ ਸੀ। ਇਸ ਸੋਨੇ ਨੂੰ ਕਸਟਮਜ਼ ਐਕਟ ਤਹਿਤ ਜ਼ਬਤ ਕਰ ਲਿਆ ਗਿਆ ਹੈ।
Share this content:



Post Comment