ਦਿਨ-ਦਿਹਾੜੇ ਸ਼ੋਅਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ, 3 ਬਾਈਕ ਸਵਾਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਅਬੋਹਰ, 7 ਜੁਲਾਈ – ਪੰਜਾਬ ’ਚ ਇਸ ਸਮੇਂ ਕਾਨੂੰਨ ਵਿਵਸਥਾ ਇਸ ਕਦਰ ਖਰਾਬ ਹੋ ਚੁੱਕੀ ਹੈ ਕਿ ਕਤਲ ਦੀਆਂ ਵਾਰਦਾਤ ਆਮ ਹੁੰਦੀਆਂ ਜਾ ਰਹੀਆਂ ਹਨ। ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਸ਼ਹਿਰ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਸ਼ਹਿਰ ਦੇ ਇੱਕ ਮਸ਼ਹੂਰ ਕਾਰੋਬਾਰੀ ਅਤੇ ਨਿਊ ਵੇਅਰ ਵੈੱਲ ਜੈਂਟਸ ਟੇਲਰ ਸ਼ੋਅਰੂਮ ਦੇ ਸਹਿ-ਮਾਲਕ ਸੰਜੇ ਵਰਮਾ ਦੀ ਸੋਮਵਾਰ ਨੂੰ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਹ ਸਨਸਨੀਖੇਜ਼ ਘਟਨਾ ਭਗਤ ਸਿੰਘ ਚੌਕ ਸਥਿਤ ਉਨ੍ਹਾਂ ਦੇ ਸ਼ੋਅਰੂਮ ਦੇ ਬਾਹਰ ਉਦੋਂ ਵਾਪਰੀ ਜਦੋਂ ਸੰਜੇ ਵਰਮਾ ਆਪਣੀ ਕਾਰ ਵਿੱਚ ਉੱਥੇ ਪਹੁੰਚੇ। ਚਸ਼ਮਦੀਦਾਂ ਅਨੁਸਾਰ ਤਿੰਨ ਹਮਲਾਵਰ ਇੱਕ ਮੋਟਰਸਾਈਕਲ ‘ਤੇ ਆਏ ਅਤੇ ਜਿਵੇਂ ਹੀ ਸੰਜੇ ਵਰਮਾ ਕਾਰ ਤੋਂ ਬਾਹਰ ਨਿਕਲਿਆ, ਉਨ੍ਹਾਂ ਨੇ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ ਹਮਲਾਵਰਾਂ ਦੀ ਬਾਈਕ ਫਿਸਲ ਗਈ, ਜਿਸ ਤੋਂ ਬਾਅਦ ਉਹ ਕੁਝ ਦੂਰੀ ਤੱਕ ਪੈਦਲ ਭੱਜੇ ਅਤੇ ਇੱਕ ਹੋਰ ਮੋਟਰਸਾਈਕਲ ਸਵਾਰ ਨੂੰ ਬਾਈਕ ਤੋਂ ਉਤਾਰ ਕੇ ਉਸਦੀ ਬਾਈਕ ਖੋਹ ਲਈ ਅਤੇ ਭੱਜ ਗਏ। ਜ਼ਖਮੀ ਸੰਜੇ ਵਰਮਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮਾਮਲੇ ਮਗਰੋਂ ਵਿਰੋਧੀ ਆਗੂਆਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਅਬੋਹਰ ਵਿਚ ਪ੍ਰਸਿੱਧ ਵਪਾਰੀ ਸੰਜੈ ਵਰਮਾ ਦੀ ਦਿਨ ਦਿਹਾੜੇ ਕੀਤੀ ਗਈ ਹੱਤਿਆ ਦੀ ਸਖ਼ਤ ਸਬਦਾਂ ਵਿਚ ਨਿੰਦਾ ਕਰਦੇ ਹਾਂ ਅਤੇ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸਰੀਕ ਹਾਂ। ਪਰ ਇਹ ਘਟਨਾ ਸਬੂਤ ਹੈ ਇਸ ਵੇਲੇ ਪੰਜਾਬ ਦੀ ਅਮਨ ਕਾਨੂੰਨ ਦੀ ਅਸਲ ਸਥਿਤੀ ਦਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਸ਼ਰੇਆਮ ਲੋਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਜਦ ਕਿ ਸਰਕਾਰ ਗਾਇਬ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਆਪਣੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਅਬੋਹਰ ਵਿੱਚ ਦ ਨਿਊ ਵੇਅਰ ਵੈੱਲ ਟੇਲਰਜ਼ ਦੇ ਮਾਲਕ ਸੰਜੇ ਵਰਮਾ ਦਾ ਦਿਨ-ਦਿਹਾੜੇ ਹੋਇਆ ਹੈਰਾਨ ਕਰਨ ਵਾਲਾ ਕਤਲ, ਪ੍ਰਚਲਿਤ ਜੰਗਲ ਰਾਜ ਨੂੰ ਦਰਸਾਉਂਦਾ ਹੈ। ਡਾਕਟਰ, ਕਲਾਕਾਰ ਅਤੇ ਖਿਡਾਰੀ ਸਮੇਤ ਕਾਰੋਬਾਰੀ ਅਤੇ ਪੇਸ਼ੇਵਰ ਜਬਰੀ ਵਸੂਲੀ ਕਰਨ ਵਾਲਿਆਂ ਤੋਂ ਗੰਭੀਰ ਧਮਕੀਆਂ ਦਾ ਸਾਹਮਣਾ ਕਰ ਰਹੇ ਹਨ।
Share this content:



Post Comment