Loading Now

ਦਲਿਤਾਂ ‘ਤੇ ਅੱਤਿਆਚਾਰ ਖਿਲਾਫ ਕੌਮੀ ਪੱਧਰ ‘ਤੇ ਲੜਾਈ ਲੜਾਂਗੇ – ਰਾਹੁਲ ਗਾਂਧੀ

ਦਲਿਤਾਂ ‘ਤੇ ਅੱਤਿਆਚਾਰ ਖਿਲਾਫ ਕੌਮੀ ਪੱਧਰ ‘ਤੇ ਲੜਾਈ ਲੜਾਂਗੇ – ਰਾਹੁਲ ਗਾਂਧੀ

ਚੰਡੀਗੜ੍ਹ , 15 ਅਕਤੂਬਰ – ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਮਰਹੂਮ ਵਾਈ. ਪੂਰਨ ਕੁਮਾਰ ਦੀ ਆਈ ਏ ਐੱਸ ਪਤਨੀ ਅਮਨੀਤ ਪੀ.ਕੁਮਾਰ ਤੇ ਹੋਰਨਾਂ ਪਰਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ | ਇਸ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਵਿੱਚ ਦਲਿਤਾਂ ‘ਤੇ ਅੱਤਿਆਚਾਰ ਹੋ ਰਿਹਾ ਹੈ | ਉਨ੍ਹਾ ਕਿਹਾ ਕਿ ਇਹ ਕਿਸੇ ਇੱਕ ਪਰਵਾਰ ਦਾ ਨਹੀਂ, ਬਲਕਿ ਦੇਸ਼ ਦੇ ਕਰੋੜਾਂ ਦਲਿਤਾਂ ਨਾਲ ਜੁੜਿਆ ਹੋਇਆ ਮਸਲਾ ਹੈ | ਉਨ੍ਹਾ ਕਿਹਾ ਕਿ ਇਸ ਪੂਰੇ ਮਾਮਲੇ ਤੋਂ ਸਾਫ਼ ਹੈ ਕਿ ਕਿਵੇਂ ਇੱਕ ਅਧਿਕਾਰੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ | ਪ੍ਰੇਸ਼ਾਨੀ ਦੇ ਇਸੇ ਦਬਾਅ ਵਿਚ ਆ ਕੇ ਆਈ ਪੀ ਐੱਸ ਅਧਿਕਾਰੀ ਨੇ ਖੁਦਕੁਸ਼ੀ ਕਰ ਲਈ | ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪੀੜਤ ਪਰਵਾਰ ਨਾਲ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ |

ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਵਾਈ. ਪੂਰਨ ਕੁਮਾਰ ਦਾ ਸਸਕਾਰ ਕਰਵਾਇਆ ਜਾਵੇ | ਰਾਹੁਲ ਗਾਂਧੀ ਨੇ ਕਿਹਾ ਕਿ ਪੀੜਤ ਪਰਵਾਰ ਦੀ ਵੀ ਇਹੀ ਮੰਗ ਹੈ ਕਿ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇ ਅਤੇ ਉਕਤ ਮਾਮਲੇ ਵਿੱਚ ਸ਼ਾਮਲ ਅਧਿਕਾਰੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਭੁਪਿੰਦਰ ਹੁੱਡਾ, ਕੁਮਾਰੀ ਸ਼ੈਲਜਾ ਤੇ ਹਰਿਆਣਾ ਕਾਂਗਰਸ ਨਾਲ ਸੰਬੰਧਤ ਹੋਰ ਆਗੂ ਵੀ ਮੌਜੂਦ ਸਨ | ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਅਮਨੀਤ ਪੀ.ਕੁਮਾਰ ਨਾਲ ਗੱਲ ਕੀਤੀ ਤਾਂ ਮਹਿਸੂਸ ਕੀਤਾ ਕਿ ਪਰਵਾਰ ਕਿਸ ਦਰਦ ‘ਚੋਂ ਲੰਘ ਰਿਹਾ ਹੈ | ਉਨ੍ਹਾ ਕਿਹਾ, ”ਇਕ ਭੈਣ ਨੇ ਆਪਣੇ ਪਤੀ ਨੂੰ ਤੇ ਦੋ ਧੀਆਂ ਨੇ ਆਪਣੇ ਪਿਤਾ ਨੂੰ ਗੁਆਇਆ ਹੈ |” ਰਾਹੁਲ ਗਾਂਧੀ ਨੇ ਕਿਹਾ, ‘ਇਹ ਸਿਰਫ਼ ਖੁਦਕੁਸ਼ੀ ਨਹੀਂ ਹੈ, ਇਹ ਇੱਕ ਅਸੰਵੇਦਨਸ਼ੀਲ ਪ੍ਰਣਾਲੀ ਅਤੇ ਜਾਤੀ ਭੇਦਭਾਵ ਦਾ ਸਿੱਟਾ ਹੈ | ਇੱਕ ਇਮਾਨਦਾਰ ਅਧਿਕਾਰੀ, ਜਿਸ ਨੇ ਸਾਰੀ ਉਮਰ ਕਾਨੂੰਨ ਅਤੇ ਨਿਆਂ ਲਈ ਕੰਮ ਕੀਤਾ, ਉਸੇ ਪ੍ਰਣਾਲੀ ਦੁਆਰਾ ਟੁੱਟ ਗਿਆ |

Share this content:

Previous post

ਭਾਰਤ ਹੁਣ ਸਾਰੇ ਕੈਨੇਡੀਅਨ ਡਿਪਲੋਮੈਟਸ ਨੂੰ ਬਹਾਲ ਕਰਨ ਲਈ ਸਹਿਮਤ: ਅਨੀਤਾ ਅਨੰਦ

Next post

ਕਾਨੂੰਨ ਦੇ ਹੱਥ ਲੰਬੇ : ਦੋ ਸਾਲਾਂ ਦੀ ਜਾਂਚ ਤੋਂ ਬਾਅਦ, ਕਾਨੂੰਨ ਤਹਿਤ ਲਗਭਗ 36 ਮਿਲੀਅਨ ਡਾਲਰ ਮੁੱਲ ਦੀਆਂ ਔਕਲੈਂਡ ਦੀਆਂ ਚਾਰ ਜਾਇਦਾਦਾਂ ਨੂੰ ਕਬਜ਼ੇ ’ਚ ਲਿਆ

Post Comment