Loading Now

ਦਲਬਦਲੂਆਂ ਦੇ ਆਸਰੇ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ : ਭਗਵੰਤ ਮਾਨ

ਦਲਬਦਲੂਆਂ ਦੇ ਆਸਰੇ ਸਰਕਾਰ ਬਣਾਉਣ ਦੇ ਸੁਪਨੇ ਲੈ ਰਹੀ : ਭਗਵੰਤ ਮਾਨ

ਮਾਨਸਾ, 25 ਫਰਵਰੀ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਇੱਥੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਪਿੰਡ ਫਤਿਹਗੜ੍ਹ ਸਹਿਣੀਆਂਵਾਲੀ ਵਿਖੇ 24.5 ਕਰੋੜ ਰੁਪਏ ਦੀ ਲਾਗਤ ਵਾਲੇ ਉਦਯੋਗਿਕ ਸਿਖਲਾਈ ਸੰਸਥਾ (ਆਈ ਟੀ ਆਈ) ਦਾ ਨੀਂਹ ਪੱਥਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਸਿਆਸੀ ਹਮਲਾ ਕੀਤਾ। ਆਪਣੇ 35 ਮਿੰਟ ਲੰਮੇ ਭਾਸ਼ਣ ਵਿੱਚ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਯਕੀਨੀ ਬਣਾਉਣ ਦੀ ਬਜਾਏ ਇਸ ਇਲਾਕੇ ਨੂੰ ਪੱਛੜਿਆ ਦੱਸ ਕੇ ਸਰਟੀਫਿਕੇਟ ਵੰਡੇ ਸਨ।

ਅਕਾਲੀ ਦਲ ’ਤੇ ਤਨਜ਼ ਕੱਸਦਿਆਂ ਉਨ੍ਹਾ ਸੁਖਬੀਰ ਸਿੰਘ ਬਾਦਲ ਦੇ ਬਿਆਨਾਂ ਦਾ ਹਵਾਲਾ ਦਿੱਤਾ ਅਤੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਦੀਆਂ ਸਿੱਖਿਆ ਨੀਤੀਆਂ ਨੇ ਅਕਾਦਮਿਕ ਮਿਆਰ ਕਮਜ਼ੋਰ ਕੀਤੇ ਸਨ। ਉਨ੍ਹਾ ਅਕਾਲੀਆਂ ਅਤੇ ਕਾਂਗਰਸ ਦੋਵਾਂ ’ਤੇ ‘ਮੈਂ, ਮੇਰਾ ਪੁੱਤ, ਮੇਰਾ ਭਤੀਜਾ ਅਤੇ ਮੇਰਾ ਜੀਜਾ’ ’ਤੇ ਕੇਂਦਰਤ ਸੀਮਤ ਚਾਰ ਨੁਕਾਤੀ ਪ੍ਰੋਗਰਾਮਾਂ ਰਾਹੀਂ ਸਰਕਾਰਾਂ ਚਲਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਨ੍ਹਾਂ ਸਿਰਫ਼ ਪਰਿਵਾਰਕ ਹਿੱਤਾਂ ਨੂੰ ਪ੍ਰਮੁੱਖ ਰੱਖਿਆ। ਵਿਸ਼ੇਸ਼ ਆਗੂਆਂ ਦਾ ਨਾਂਅ ਲਏ ਬਿਨਾਂ ਮਾਨ ਨੇ ਭਾਜਪਾ ’ਤੇ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਾਰਟੀ ਦਾ ਕੋਈ ਅਸਲ ਆਧਾਰ ਨਹੀਂ। ਉਨ੍ਹਾ ’ਆਪ’ ਦੇ ਇੰਜਣ ਨੂੰ ‘ਨਵੀਨਤਮ ਤਕਨਾਲੋਜੀ ਇੰਜਣ’ ਦੱਸਦਿਆਂ ਟਿੱਪਣੀ ਕੀਤੀ, ‘ਇੱਕ ਇੰਜਣ ਬਚੇ ਹੋਏ ਪੁਰਜ਼ਿਆਂ ਨਾਲ ਨਹੀਂ ਚੱਲ ਸਕਦਾ।’

ਉਨ੍ਹਾ ਚੇਤੇ ਕਰਵਾਇਆ ਕਿ ਡਾਇਨਾਸੋਰ ਮਨੁੱਖਾਂ ਲਈ ਘਾਤਕ ਸਨ।ਉਨ੍ਹਾ ਕਿਹਾ ਕਿ ਡਾਇਨਾਸੋਰ ਅਕਾਲੀਆਂ ਦਾ ਪਸੰਦੀਦਾ ਜਾਨਵਰ ਹੈ, ਕਿਉਕਿ ਅਕਾਲੀਆਂ ਨੇ ਵੀ ਪੰਜਾਬ ਤੇ ਪੰਜਾਬੀਆਂ ਦੀ ਮਿਹਨਤ ਦੀ ਕਮਾਈ ਖਾਧੀ ਹੈ।ਉਨ੍ਹਾ ਕਿਹਾਲੋਕ ਕਦੇ ਵੀ ਅਜਿਹੇ ਆਗੂਆਂ ਨੂੰ ਨਹੀਂ ਚੁਣਨਗੇ, ਜਿਨ੍ਹਾਂ ਸੂਬੇ ਨੂੰ ਬਰਬਾਦ ਕੀਤਾ ਹੈ ਅਤੇ ਆਪਣੀਆਂ ਘਿਨਾਉਣੀਆਂ ਹਰਕਤਾਂ ਨਾਲ ਸਾਡੀਆਂ ਪੀੜ੍ਹੀਆਂ ਨੂੰ ਹੜੱਪ ਲਿਆ ਹੈ।ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ’ਤੇ ਵਿਅੰਗ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਇਸ ਚਾਲ ਦਾ ਅਸਲੀ ਨਾਂਅ ‘ਪਰਵਾਰ ਬਚਾਓ ਯਾਤਰਾ’ ਹੈ।

ਉਨ੍ਹਾ ਕਿਹਾ,‘ਮੈਂ ਅਕਾਲੀ ਆਗੂਆਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਹ ਦੱਸਣ ਕਿ 15 ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਉਹ ਸੂਬੇ ਨੂੰ ਕਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਾਂ ਅਕਾਲੀਆਂ ਨੂੰ ਚੁਣਿਆ ਸੀ, ਪਰ ਉਹ ਗੱਦਾਰ ਸਾਬਤ ਹੋਏ ਅਤੇ ਹਮੇਸ਼ਾ ਸੂਬੇ ਅਤੇ ਇਸ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।’ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾ ਕਿਹਾ ਕਿ ਭਗਵਾਂ ਪਾਰਟੀ ਚੋਣਾਂ ਜਿੱਤਣ ਦੀ ਉਮੀਦ ਵਿੱਚ ਦੂਜੀਆਂ ਪਾਰਟੀਆਂ ਦੇ ਦਲਬਦਲੂਆਂ ’ਤੇ ਨਿਰਭਰ ਕਰ ਰਹੀ ਹੈ।ਭਾਜਪਾ ਦੀ ਇਹ ਰਣਨੀਤੀ ਪੰਜਾਬ ਵਿੱਚ ਕੰਮ ਨਹੀਂ ਕਰੇਗੀ। ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਹਵਾਲਾ ਦਿੰਦੇ ਹੋਏ ਉਨ੍ਹਾ ਅਕਾਲੀ ਦਲ ’ਤੇ ਲੋਕਾਂ ਨੂੰ ਗੰੁਮਰਾਹ ਕਰਨ ਦਾ ਦੋਸ਼ ਲਾਇਆ ਅਤੇ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਕੁਰਬਾਨੀ ਦੀ ਬਜਾਏ ਸਿਆਸੀ ਮਜਬੂਰੀ ਕਰਾਰ ਦਿੱਤਾ।

ਉਨ੍ਹਾ ਪਿਛਲੀਆਂ ਸਰਕਾਰਾਂ ਦੌਰਾਨ ਰੇਤ ਮਾਈਨਿੰਗ ਅਤੇ ਜਨਤਕ ਕੰਮਾਂ ਵਿੱਚ ਭਿ੍ਰਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਿਹਾ, ‘ਮੈਂ ਇਕ ਰੁਪਿਆ ਵੀ ਇੱਧਰ-ਉਧਰ ਨਹੀਂ ਹੋਣ ਦੇਵਾਂਗਾ। ਜੇ ਅਸੀਂ ਕਿਸੇ ਕਾਲੀ ਭੇਡ ਨੂੰ ਬਖਸ਼ਦੇ ਹਾਂ, ਤਾਂ ਅਸੀਂ ਜ਼ਿੰਮੇਵਾਰ ਹਾਂ।’ ਪ੍ਰਾਪਤੀਆਂ ’ਤੇ ਚਾਨਣਾ ਪਾਉਂਦਿਆਂ ਮਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ 63,000 ਨੌਕਰੀਆਂ ਦਿੱਤੀਆਂ ਹਨ ਅਤੇ ਨਹਿਰੀ ਸਿੰਚਾਈ ਦਾ ਘੇਰਾ 2022 ਵਿੱਚ 21-22 ਫੀਸਦੀ ਤੋਂ ਵਧਾ ਕੇ ਚਾਰ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 68 ਫੀਸਦੀ ਕਰ ਦਿੱਤਾ ਹੈ।

ਉਨ੍ਹਾ 31.2 ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ-ਤਲਵੰਡੀ ਸੜਕ ਨੂੰ ਅਪਗ੍ਰੇਡ ਕਰਨ, 33.07 ਕਰੋੜ ਰੁਪਏ ਦੀ ਲਾਗਤ ਨਾਲ 158 ਕਿਲੋਮੀਟਰ ਲੰਮੀਆਂ ਨਵੀਆਂ ਸਿੰਚਾਈ ਨਹਿਰਾਂ, 12 ਕਰੋੜ ਰੁਪਏ ਤੋਂ ਵੱਧ ਦੇ ਤਿੰਨ ਨਵੇਂ ਪਾਵਰ ਗਰਿੱਡ ਅਤੇ ਸਰਦੂਲਗੜ੍ਹ ਦੇ ਸੀਵਰੇਜ ਸਿਸਟਮ ਲਈ 14.76 ਕਰੋੜ ਰੁਪਏ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਨੇ ਆਈ ਟੀ ਆਈ ਲਈ ਜ਼ਮੀਨ ਦਿੱਤੀ ਹੈ ਅਤੇ ਕਿਹਾ ਕਿ ‘ਆਪ’ ਦਾ ਗਠਨ’ ਦੇਸ਼ ਭਰ ਦੀ ਰਾਜਨੀਤੀ ਵਿੱਚ ਸਿੱਖਿਆ ਦੇ ਬੀਜ ਬੀਜਣ ਲਈ ਹੋਇਆ ਹੈ। ਰਾਜ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 240 ਸੀਟਾਂ ਅਤੇ ਪੰਜ ਟਰੇਨਰਾਂ ਵਾਲੀ ਇਹ ਸੰਸਥਾ ਵਿਦਿਆਰਥੀਆਂ ਲਈ ਨੌਕਰੀਆਂ ਤੇ ਉੱਦਮਤਾ ਦੇ ਮੌਕੇ ਯਕੀਨੀ ਬਣਾਏਗਾ।

Share this content:

Post Comment