Loading Now

ਤੁਸੀਂ ਪੰਜਾਬ ਲਈ ਕੀ ਕਰ ਸਕਦੇ ਹੋ?

ਤੁਸੀਂ ਪੰਜਾਬ ਲਈ ਕੀ ਕਰ ਸਕਦੇ ਹੋ?

ਪੰਜਾਬ ਵਿੱਚ ਇਸ ਵਾਰ ਮੌਸਮ ਬਦਲਣ ਦੇ ਨਾਲ-ਨਾਲ ਇੱਕ ਵੱਖਰਾ ਹੀ ਸਿਆਸੀ ਘਮਸਾਣ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਅਤੇ ਦੇਸ਼ ਭਰ ਦੇ ਖੇਤਾਂ ਨੂੰ ਸਿੰਜਣ ਵਾਲਾ ਦੱਖਣੀ-ਪੱਛਮੀ ਮੌਨਸੂਨ ਹਿੰਦੂ ਕੈਲੰਡਰ ਦੇ ਮਹੀਨੇ ‘ਸਾਵਣ’ ਦੇ ਨਾਲ ਹੀ ਹਰ ਸਾਲ ਵਾਂਗ ਹੁਣ ਵਿਦਾਈ ਵੱਲ ਵਧ ਰਿਹਾ ਹੈ। ਇਸੇ ਤਰ੍ਹਾਂ ਜਦੋਂ ਸਾਵਣ ਮਹੀਨੇ ਦੀ ਆਖਰੀ ਪੂਰਨਮਾਸ਼ੀ ਯਾਨੀ ਰੱਖੜ ਪੁੰਨਿਆ ਦਾ ਚੰਨ ਚੜ੍ਹਿਆ ਤਾਂ ਇਸ ਦੀ ਸੁਨਹਿਰੀ ਚਮਕ ਆਪਣੇ ਨਾਲ ਆਉਣ ਵਾਲੇ ਮੌਸਮ ਦਾ ਇਹ ਗੁਪਤ ਸੁਨੇਹਾ ਵੀ ਲੈ ਕੇ ਆਈ ਸੀ ਕਿ ਅਗਲੇ ਕੁਝ ਮਹੀਨਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਤਾਜ ਕਿਹੜੀ ਸਿਆਸੀ ਪਾਰਟੀ ਦੇ ਸਿਰ ਸਜੇਗਾ।

ਇਸ ਦੀ ਸ਼ੁਰੂਆਤ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੌਕੇ ’ਤੇ ਹੋ ਚੁੱਕੀ ਹੈ, ਜਿੱਥੇ 1664 ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ। ਇਸ ਪਵਿੱਤਰ ਦਿਹਾੜੇ ’ਤੇ ਰਵਾਇਤੀ ਤੌਰ ’ਤੇ ਹੋਣ ਵਾਲੀਆਂ ਸਿਆਸੀ ਕਾਨਫਰੰਸਾਂ ਵਿੱਚ ਸਾਰੀਆਂ ਪਾਰਟੀਆਂ ਨੇ ਆਪਣੀ ਪੂਰੀ ਤਾਕਤ ਦਿਖਾਈ ਹੈ। ਇਤਿਹਾਸ ਵਿੱਚ ਪਹਿਲੀ ਵਾਰ ਭਾਜਪਾ ਨੇ ਵੀ ਇੱਥੇ ਆਪਣੀ ਰੈਲੀ ਕੀਤੀ ਹੈ, ਜਿਸ ਤੋਂ ਸਾਫ਼ ਸੰਕੇਤ ਮਿਲਦਾ ਹੈ ਕਿ ਉਹ ਜਾਂ ਤਾਂ ਆਪਣੇ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਜਾਂ ਫਿਰ ਇਕੱਲੇ ਹੀ ਪੰਜਾਬ ਵਿੱਚ ਮੁੜ ਪੈਰ ਜਮਾਉਣ ਦੀ ਪੂਰੀ ਤਿਆਰੀ ਵਿੱਚ ਹੈ।

ਅਗਲੇ ਛੇ ਮਹੀਨਿਆਂ ਵਿੱਚ ਹੋਣ ਵਾਲੀਆਂ ਚੋਣਾਂ ਦੀ ਗੱਲ ਕਰੀਏ ਤਾਂ ‘ਇੰਡੀਆ ਟੁਡੇ’ ਸਮੂਹ ਵੱਲੋਂ ਕਰਵਾਏ ਗਏ ‘ਮੂਡ ਆਫ਼ ਦਿ ਨੇਸ਼ਨ’ ਸਰਵੇਖਣ ਨੇ ਸਥਿਤੀ ਨੂੰ ਹੋਰ ਸਪੱਸ਼ਟ ਕਰ ਦਿੱਤਾ ਹੈ। ਇਸ ਸਰਵੇਖਣ ਮੁਤਾਬਿਕ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਨੂੰ ਦੇਸ਼ ਭਰ ਵਿੱਚ 45.1 ਫ਼ੀਸਦੀ ਵੋਟ ਹਿੱਸੇਦਾਰੀ ਮਿਲਣ ਦੀ ਉਮੀਦ ਹੈ, ਜਦੋਂ ਕਿ ‘ਇੰਡੀਆ’ ਗੱਠਜੋੜ ਨੂੰ 39.1 ਫ਼ੀਸਦੀ ਵੋਟਾਂ ਮਿਲ ਸਕਦੀਆਂ ਹਨ, ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਫਿਲਹਾਲ ਪ੍ਰਧਾਨ ਮੰਤਰੀ ਮੋਦੀ ਨੂੰ ਚੁਣੌਤੀ ਦੇਣ ਵਾਲਾ ਕੋਈ ਵੱਡਾ ਆਗੂ ਸਾਹਮਣੇ ਨਹੀਂ ਆਇਆ। ਹਾਲਾਂਕਿ, ਸਿਆਸੀ ਮਾਹਿਰ ਹੀ ਇਸ ਗੱਲ ਵੱਲ ਧਿਆਨ ਦੇਣਗੇ ਕਿ ਐੱਨ ਡੀ ਏ ਦਾ ਇਹ ਵੋਟ ਸ਼ੇਅਰ ਇਸ ਸਾਲ ਜਨਵਰੀ ਵਿੱਚ ਅੰਦਾਜ਼ਨ 47 ਫ਼ੀਸਦੀ ਅਤੇ ਇੱਕ ਸਾਲ ਪਹਿਲਾਂ ਦੇ 46.7 ਫ਼ੀਸਦੀ ਨਾਲੋਂ ਕੁਝ ਘੱਟ ਜ਼ਰੂਰ ਹੋਇਆ ਹੈ।

ਇਸ ਸਭ ਦਾ ਪੰਜਾਬ ਦੇ ਨਾਲ-ਨਾਲ ਉੱਤਰ ਪ੍ਰਦੇਸ਼, ਗੋਆ, ਮਣੀਪੁਰ ਅਤੇ ਉਤਰਾਖੰਡ ਵਿੱਚ ਅਗਲੇ ਸਾਲ ਦੇ ਸ਼ੁਰੂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਤੇ ਕੀ ਅਸਰ ਪਵੇਗਾ? ਬਿਨਾਂ ਸ਼ੱਕ, ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਬਣੇ ਆਪਣੀ ਜਿੱਤ ਦੇ ਸਿਲਸਿਲੇ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਦ੍ਰਿੜ ਹੋਵੇਗੀ, ਕਿਉਂਕਿ ਇਸ ਸਮੇਂ ਦੌਰਾਨ ਹਰਿਆਣਾ, ਮਹਾਰਾਸ਼ਟਰ, ਦਿੱਲੀ, ਬਿਹਾਰ ਜਾਂ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ ਵਿੱਚ ਪਾਰਟੀ ਨੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ।

ਤੇ ਹੁਣ ਭਾਜਪਾ ਪੰਜਾਬ ਨੂੰ ਜਿੱਤਣਾ ਚਾਹੁੰਦੀ ਹੈ। ਉਹ ਜਾਣਦੀ ਹੈ ਕਿ ਭਾਵੇਂ ਰਾਮ ਮੰਦਰ ਦੇ ਮੁੱਦੇ ’ਤੇ ਵਿਵਾਦ ਰਿਹਾ ਹੋਵੇ ਪਰ ਉਹ ਫਿਰ ਵੀ ਉੱਤਰ ਪ੍ਰਦੇਸ਼ ਜਿੱਤ ਸਕਦੀ ਹੈ। ਇਸੇ ਤਰ੍ਹਾਂ ਮਣੀਪੁਰ ਵਿੱਚ ਤਿੰਨ ਸਾਲਾਂ ਤੋਂ ਚੱਲ ਰਿਹਾ ਨਸਲੀ ਟਕਰਾਅ ਅਜੇ ਹੱਲ ਨਹੀਂ ਹੋਇਆ ਫਿਰ ਵੀ ਉਹ ਉੱਥੇ ਜਿੱਤਣ ਦੀ ਉਮੀਦ ਰੱਖਦੀ ਹੈ ਅਤੇ ਗੋਆ ਨੂੰ ਉਹ ਲਗਾਤਾਰ ਤਿੰਨ ਵਾਰ ਜਿੱਤ ਚੁੱਕੀ ਹੈ। ਪੱਛਮੀ ਬੰਗਾਲ ਜਿੱਤਣ ਤੋਂ ਬਾਅਦ ਹੁਣ ਭਾਜਪਾ ਦੀਆਂ ਨਜ਼ਰਾਂ ਦੇਸ਼ ਦੇ ਇਸ ਸਿਰੇ ’ਤੇ ਵੀ ਟਿਕ ਗਈਆਂ ਹਨ। ਇਸੇ ਕਰਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਬਾਬਾ ਬਕਾਲਾ ਪਹੁੰਚੇ ਅਤੇ ਲੋਕਾਂ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ, ‘ਸਾਨੂੰ ਵੋਟ ਦਿਓ, ਅਸੀਂ ਤੁਹਾਡੀਆਂ ਸਮੱਸਿਆਵਾਂ ਹੱਲ ਕਰ ਦੇਵਾਂਗੇ।’

ਪ੍ਰਧਾਨ ਮੰਤਰੀ ਮੋਦੀ ਤੋਂ ਸ਼ੁਰੂ ਇਹੋ ਜਿਹੇ ਸੁਨੇਹੇ ਪੰਜਾਬ ਨੂੰ ਕਾਫ਼ੀ ਸਮੇਂ ਤੋਂ ਮਿਲ ਰਹੇ ਹਨ ਕਿ ‘ਅਸੀਂ ਤੁਹਾਡਾ ਕਰਜ਼ਾ ਉਤਾਰ ਦੇਵਾਂਗੇ, ਸਰਹੱਦੋਂ ਪਾਰੋਂ ਡਰੋਨਾਂ ਰਾਹੀਂ ਆਉਂਦੀ ਨਸ਼ੇ ਦੀ ਤਸਕਰੀ ਨੂੰ ਰੋਕਾਂਗੇ, ਤੁਹਾਡੀ ਖੇਤੀਬਾੜੀ ਨੂੰ ਨਵੇਂ ਸਿਰੇ ਤੋਂ ਲੀਹ ’ਤੇ ਪਾਵਾਂਗੇ, ਸਕੂਲਾਂ ਨੂੰ ਸੁਧਾਰਾਂਗੇ, ਸੜਕਾਂ ਬਣਾਵਾਂਗੇ ਅਤੇ ਹਰਿਆਣਾ ਤੇ ਰਾਜਸਥਾਨ ਨਾਲ ਪਾਣੀ ਦੀ ਵੰਡ ਦੇ ਵਿਵਾਦ ਨੂੰ ਹੱਲ ਕਰਾਂਗੇ।’ ਇਸ ਪਿੱਛੇ ਅਣਕਿਹਾ ਸੁਨੇਹਾ ਇਹੀ ਹੈ ਕਿ ਭਾਜਪਾ ਨੂੰ ਵੋਟ ਪਾਓ।

ਪੰਜਾਬ ਦੇ ਲੋਕਾਂ ਵਿੱਚ ਇੱਕ ਵੱਖਰੀ ਹੀ ਖੁੱਲ੍ਹਦਿਲੀ ਹੈ ਜੋ ਦੇਸ਼ ਦੇ ਕਿਸੇ ਹੋਰ ਸੂਬੇ ਵਿੱਚ ਦੇਖਣ ਨੂੰ ਨਹੀਂ ਮਿਲਦੀ। ਦਿੱਲੀ ਵਿੱਚ ਸੀ ਏ ਏ ਪ੍ਰਦਰਸ਼ਨਕਾਰੀਆਂ ਦੀ ਮਦਦ ਲਈ ਗੁਰਦੁਆਰਿਆਂ ਦਾ ਖੁੱਲ੍ਹਣਾ ਹੋਵੇ ਜਾਂ ਫਿਰ ਪੰਜਾਬੀਆਂ ਵੱਲੋਂ ਹਾਲ ਹੀ ਵਿੱਚ ਆਸਾਮ ਦੇ ਹੜ੍ਹ ਪੀੜਤਾਂ ਦੀ ਕੀਤੀ ਗਈ ਮਦਦ, ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਇਹ ਸੂਬਾ ਇੱਕ ਮੁਸ਼ਕਲ ਗੁਆਂਢੀ ਨਾਲ ਸਰਹੱਦ ਸਾਂਝੀ ਕਰਦਾ ਹੈ ਪਰ ਫਿਰ ਵੀ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਭਾਜਪਾ ਕਰਤਾਰਪੁਰ ਸਾਹਿਬ ਲਾਂਘੇ ਨੂੰ ਮੁੜ ਕਿਉਂ ਨਹੀਂ ਖੋਲ੍ਹ ਰਹੀ? ਆਜ਼ਾਦੀ ਤੋਂ ਬਾਅਦ ਪਿਛਲੇ 80 ਸਾਲਾਂ ਵਿੱਚ ਬੰਗਾਲ ਦਾ ਵੀ ਦਿੱਲੀ ਨਾਲ ਰਿਸ਼ਤਾ ਕੁਝ ਖ਼ਾਸ ਵਧੀਆ ਨਹੀਂ ਰਿਹਾ ਪਰ ਪੰਜਾਬ ਨੂੰ ਦੋ ਵਾਰ ਕੱਟ ਕੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਬਣਾ ਦਿੱਤਾ ਗਿਆ। ਇਸ ਤੋਂ ਇਲਾਵਾ ਅਤਿਵਾਦ, ਉਦਯੋਗਾਂ ਦੇ ਪਲਾਇਨ ਅਤੇ ਖੇਤੀਬਾੜੀ ਇਨਕਲਾਬ ਦੇ ਆਪਣੇ ਹੀ ਪੁੱਠੇ ਗੇੜ ਵਿੱਚ ਫਸ ਜਾਣ ਨੇ ਸੂਬੇ ਦੇ ਸਵੈ-ਮਾਣ ਨੂੰ ਹੋਰ ਡੂੰਘੀ ਸੱਟ ਮਾਰੀ ਹੈ।

ਪੰਜਾਬੀ ਇੱਕ ਸ਼ਬਦ ਨੂੰ ਬਹੁਤ ਆਮ ਵਰਤਦੇ ਹਨ ਪਰ ਇਹ ਉਨ੍ਹਾਂ ਦੀ ਹੋਂਦ ਦੀ ਡੂੰਘੀ ਤਾਸੀਰ ਨੂੰ ਬਿਆਨ ਕਰਦਾ ਹੈ, ਉਹ ਸ਼ਬਦ ਹੈ ‘ਧੱਕਾ’, ਜਿਸ ਦਾ ਮਤਲਬ ਹੈ ‘ਮੇਰੇ ਨਾਲ ਧੱਕੇਸ਼ਾਹੀ ਨਾ ਕਰੋ।’ ‘ਮੇਰੇ ਤੋਂ ਧੱਕੇ ਨਾਲ ਕੰਮ ਨਾ ਕਰਵਾਓ।’ ਮਤਲਬ ਕਿ ਮੈਥੋਂ ਮੇਰੀ ਮਰਜ਼ੀ ਦੇ ਖ਼ਿਲਾਫ਼ ਕੁਝ ਵੀ ਨਾ ਕਰਵਾਓ।

ਪੰਜਾਬ ਨੂੰ ਜਿੱਤਣ ਦੀ ਇੱਛਾ ਰੱਖਣ ਵਾਲੀ ਹਰ ਸਿਆਸੀ ਪਾਰਟੀ ਨੂੰ ਇਹੋ ਜਿਹੇ ਸ਼ਬਦ ਨੂੰ ਆਪਣੇ ਅੰਦਰੂਨੀ ਦਸਤਾਵੇਜ਼ਾਂ ਵਿੱਚ ਇੱਕ ਨਾਅਰੇ ਵਜੋਂ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਦਾ ਬਿਨਾਂ ਮੰਗਿਆ ਨੈਤਿਕ ਸਬਕ ਇਹ ਹੈ ਕਿ ਪੰਜਾਬ ਦੇ 2.1 ਕਰੋੜ ਵੋਟਰਾਂ ਜੋ ਹੁਣ ਐੱਸ ਆਈ ਆਰ ਦੀ ਚੱਕੀ ਵਿੱਚੋਂ ਲੰਘਣ ਤੋਂ ਬਾਅਦ 20 ਲੱਖ ਦੇ ਕਰੀਬ ਘੱਟ ਕੇ 1.9 ਕਰੋੜ ਰਹਿ ਗਏ ਹਨ, ਨੂੰ ਧਰਮ (ਸਿੱਖ, ਹਿੰਦੂ), ਜਾਤ (ਜੱਟ, ਖੱਤਰੀ, ਰਵਿਦਾਸੀਆ, ਰਾਮਦਾਸੀਆ, ਵਾਲਮੀਕਿ ਆਦਿ), ਡੇਰਿਆਂ (ਰਾਧਾ ਸੁਆਮੀ, ਸੱਚਖੰਡ ਬੱਲਾਂ, ਸੱਚਾ ਸੌਦਾ) ਅਤੇ ਸੰਤਾਂ-ਬਾਬਿਆਂ ਦੇ ਹਿਸਾਬ ਨਾਲ ਵੰਡ ਕੇ ਵੋਟਾਂ ਜੋੜਨ ਦੀ ਗ਼ਲਤਫ਼ਹਿਮੀ ਆਪਣੇ ਦਿਮਾਗ ਵਿੱਚੋਂ ਕੱਢ ਦਿਓ। ਜਿਸ ਸੂਬੇ ਨੂੰ ਤੁਸੀਂ ਜਿੱਤਣਾ ਚਾਹੁੰਦੇ ਹੋ, ਉਸ ਦੀ ਬਦਨਾਮੀ ਨਾ ਕਰੋ, ਭਾਵੇਂ ਇਹ ਸੱਚ ਹੀ ਕਿਉਂ ਨਾ ਹੋਵੇ ਕਿ ਸਕੂਲਾਂ ਦੀ ਹਾਲਤ ਮਾੜੀ ਹੈ, ਕਾਲਜ ਹੋਰ ਵੀ ਬਦਤਰ ਹਨ, ਬੁੱਢਾ ਨਾਲਾ ਗੰਦਾ ਨਾਲਾ ਬਣ ਚੁੱਕਿਆ ਹੈ, ਉਦਯੋਗ ਬਿਨਾਂ ਕਿਸੇ ਪ੍ਰਵਾਹ ਦੇ ਦਰਿਆਵਾਂ ਅਤੇ ਨਾਲਿਆਂ ਵਿੱਚ ਗੰਦਾ ਪਾਣੀ ਛੱਡ ਰਹੇ ਹਨ, ਗੈਂਗਸਟਰਵਾਦ ਸਿਖ਼ਰਾਂ ’ਤੇ ਹੈ ਅਤੇ ਨਸ਼ਾਖ਼ੋਰੀ ਅੰਤਾਂ ਦੀ ਫੈਲੀ ਹੋਈ ਹੈ। ਜੇ ਤੁਸੀਂ ਸੂਬੇ ਨੂੰ ਜਿੱਤਣਾ ਚਾਹੁੰਦੇ ਹੋ ਤਾਂ ਸੂਬੇ ਨੂੰ ਇਸ ਸੰਕਟ ਵਿੱਚੋਂ ਉੱਭਰਨ ਵਿੱਚ ਮਦਦ ਕਰੋ। ਸੂਬੇ ਨੂੰ ਸਪੱਸ਼ਟ ਤੌਰ ’ਤੇ ਤੁਹਾਡੀ ਮਦਦ ਦੀ ਲੋੜ ਹੈ।

ਜਿਵੇਂ-ਜਿਵੇਂ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਦਾ ਛੇ ਮਹੀਨਿਆਂ ਦਾ ਆਖ਼ਰੀ ਪੜਾਅ ਸ਼ੁਰੂ ਹੋ ਰਿਹਾ ਹੈ, ਇਹ ਗੱਲ ਸਾਫ਼ ਹੁੰਦੀ ਜਾ ਰਹੀ ਹੈ ਕਿ ਨਾ ਤਾਂ ਭਾਜਪਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ’ਤੇ ਲੋਕਾਂ ਵਿੱਚ ਅਜਿਹਾ ਜੋਸ਼ ਪੈਦਾ ਕਰ ਸਕਦੇ ਹਨ ਜਿਸ ਨਾਲ ਉਹ ਚੋਣਾਂ ਜਿੱਤ ਸਕਣ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਇਸ ਅਸਾਧਾਰਨ ਸੂਬੇ ਉੱਤੇ ਖਾਸ ਨਜ਼ਰ ਰੱਖਣ ਦੀ ਲੋੜ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦਾ ਸਭ ਤੋਂ ਨਵਾਂ ਸੂਤਰਧਾਰ ਗੁਜਰਾਤ ਤੋਂ ਉਨ੍ਹਾਂ ਦਾ ਖ਼ਾਸ ਰਾਜ਼ਦਾਰ, ਨਵਸਾਰੀ ਤੋਂ ਚਾਰ ਵਾਰ ਸੰਸਦ ਮੈਂਬਰ ਅਤੇ ਗੁਜਰਾਤ ਭਾਜਪਾ ਦੇ ਪਹਿਲੇ ਗ਼ੈਰ-ਗੁਜਰਾਤੀ ਮੁਖੀ, ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੂੰ ਬਣਾਇਆ ਗਿਆ ਹੈ। ਇਨ੍ਹਾਂ ਦੋਹਾਂ ਪੁਰਾਣੇ ਭਾਈਵਾਲਾਂ ਦੇ ਮੁੜ ਇਕੱਠੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਗੱਠਜੋੜ ਦੀ ਇੱਛਾ ਤੋਂ ਵੱਧ ਦੋਹਾਂ ਨੂੰ ਇਸ ਦੀ ਲੋੜ ਜ਼ਿਆਦਾ ਮਹਿਸੂਸ ਹੁੰਦੀ ਹੈ।

ਇਹ ਮੁਕਾਬਲਾ ਦਿਨੋ-ਦਿਨ ਹੋਰ ਵੀ ਅਸਾਧਾਰਨ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ ਸੱਤਾਧਾਰੀ ‘ਆਪ’ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਮਹਿਲਾ ਸਬਸਿਡੀ ਵਾਲੀ ਰਣਨੀਤੀ ਦੀ ਨਕਲ ਕਰ ਲਈ ਹੈ ਜਿਵੇਂ ਕਿ ਭਾਜਪਾ ਨੇ ਹਰਿਆਣਾ, ਮਹਾਰਾਸ਼ਟਰ ਅਤੇ ਦਿੱਲੀ ਵਿੱਚ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਪਾ ਕੇ ਸਫਲਤਾ ਹਾਸਲ ਕੀਤੀ ਹੈ, ਉਸੇ ਤਰ੍ਹਾਂ ‘ਆਪ’ ਵੀ ਪੰਜਾਬ ਵਿੱਚ ਕਰ ਰਹੀ ਹੈ। ਕਾਂਗਰਸ ਪਾਰਟੀ, ਜੋ ਕਿ ਵਧੀਆ ਪ੍ਰਦਰਸ਼ਨ ਕਰ ਸਕਦੀ ਸੀ, ਨੂੰ ਸ਼ਾਇਦ ਹੁਣ ਤੀਜੇ ਸਥਾਨ ’ਤੇ ਸਬਰ ਕਰਨਾ ਪਵੇ ਅਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਰਾਹੁਲ ਗਾਂਧੀ ਅਜੇ ਤੱਕ ਇਹ ਫ਼ੈਸਲਾ ਨਹੀਂ ਕਰ ਸਕੇ ਕਿ ਪਾਰਟੀ ਦੀ ਅਗਵਾਈ ਕਿਸ ਨੇ ਕਰਨੀ ਹੈ ਅਤੇ ਲਗਦੈ ਆਉਣ ਵਾਲੇ ਹਫ਼ਤੇ ਵਿੱਚ ਉਹ ਪਾਰਟੀ ਵਿੱਚਲੀ ਇਸ ਧੜੇਬੰਦੀ ’ਤੇ ਮੋਹਰ ਲਾ ਦੇਣਗੇ।ਇਸੇ ਦੌਰਾਨ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠਲੀ ਜਥੇਬੰਦੀ ‘ਵਾਰਿਸ ਪੰਜਾਬ ਦੇ’ ਬਾਰੇ ਚਰਚਾਵਾਂ ਜ਼ੋਰਾਂ ’ਤੇ ਹਨ ਕਿ ਕਿਵੇਂ ਉਨ੍ਹਾਂ ਦਾ ਪ੍ਰਭਾਵ ਵਧ ਰਿਹਾ ਹੈ।

ਵੋਟਾਂ ਪੈਣ ਤੋਂ ਪਹਿਲਾਂ ਦੇ ਇਹ ਛੇ ਮਹੀਨੇ ਬਹੁਤ ਅਹਿਮ ਹਨ ਕਿਉਂਕਿ ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦਾ ਮੁਲਾਂਕਣ ਇਸ ਆਧਾਰ ’ਤੇ ਨਹੀਂ ਕਰਨਗੇ ਕਿ ਉਹ ਕਿਹੋ ਜਿਹੇ ਰੰਗ ਦੀ ਪੱਗ ਬੰਨ੍ਹਦੇ ਹਨ ਜਾਂ ਗੁਆਂਢੀ ਸੂਬਿਆਂ ਤੋਂ ਆਉਣ ਵਾਲੇ ਲੀਡਰ ਕਦੇ-ਕਦਾਈਂ ਹੀ ਪੱਗ ਕਿਉਂ ਬੰਨ੍ਹਦੇ ਹਨ ਸਗੋਂ ਇਸ ਗੱਲ ਤੋਂ ਕਰਨਗੇ ਕਿ ਉਹ ਰੈਲੀਆਂ ਭਾਸ਼ਣਾਂ ਅਤੇ ਨੁੱਕੜ ਮੀਟਿੰਗਾਂ ਵਿੱਚ ਜੋ ਕਹਿੰਦੇ ਹਨ ਉਸ ’ਤੇ ਕਿੰਨਾ ਪਹਿਰਾ ਦਿੰਦੇ ਹਨ।

Share this content:

Post Comment