Loading Now

ਤਹੱਵੁਰ ਰਾਣਾ ਦੀ ਨਾਗਰਿਕਤਾ ਰੱਦ ਕਰਨ ਦੀ ਤਿਆਰੀ

ਤਹੱਵੁਰ ਰਾਣਾ ਦੀ ਨਾਗਰਿਕਤਾ ਰੱਦ ਕਰਨ ਦੀ ਤਿਆਰੀ

ਟੋਰਾਂਟੋ, 25 ਫਰਵਰੀ – ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਆਗਾਮੀ ਭਾਰਤ ਫੇਰੀ ਤੋਂ ਪਹਿਲਾਂ ਉਥੋਂ ਦੀ ਸਰਕਾਰ ਨੇ 2008 ਮੁੰਬਈ ਦਹਿਸ਼ਤੀ ਹਮਲੇ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਤਹੱਵੁਰ ਰਾਣਾ ਦੀ ਨਾਗਰਿਕਤਾ ਵਾਪਸ ਲੈਣ ਲਈ ਤਿਆਰੀ ਵਿੱਢ ਦਿੱਤੀ ਹੈ। ਪਾਕਿਸਤਾਨ ਵਿੱਚ ਜਨਮੇ ਤਹੱਵੁਰ ਰਾਣਾ ਕੋਲ ਕੈਨੇਡੀਅਨ ਨਾਗਰਿਕਤਾ ਹੈ। ਰਾਣਾ (64) ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ ਇੱਕ ਅਤੇ ਅਮਰੀਕੀ ਨਾਗਰਿਕ ਡੇਵਿਡ ਕੋਲਮਨ ਹੈਡਲੀ ਦਾ ਨੇੜਲਾ ਸਾਥੀ ਹੈ। ਗਲੋਬਲ ਨਿਊਜ਼ ਵੱਲੋਂ ਹਾਸਲ ਕੀਤੇ ਦਸਤਾਵੇਜ਼ਾਂ ਮੁਤਾਬਕ ਇਮੀਗ੍ਰੇਸ਼ਨ ਨੇ ਰਾਣਾ ਨੂੰ ਉਸ ਦੀ ਕੈਨੇਡੀਅਨ ਨਾਗਰਿਕਤਾ ਰੱਦ ਕੀਤੇ ਜਾਣ ਸਬੰਧੀ ਸੂਚਿਤ ਕਰ ਦਿੱਤਾ ਹੈ। ਰਾਣਾ ਨੂੰ 2001 ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਮਿਲੀ ਸੀ।

ਉਸ ਨੇ 1997 ਵਿੱਚ ਕੈਨੇਡਾ ਪਰਵਾਸ ਕੀਤਾ ਸੀ ਤੇ ਮਗਰੋਂ ਉਸ ਨੂੰ ਡੈਨਿਸ਼ ਅਖ਼ਬਾਰ ਦੇ ਸਟਾਫ ’ਤੇ ਹਮਲੇ ਦੀ ਯੋਜਨਾ ਘੜਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਰਾਣਾ, ਜੋ 26/11 ਹਮਲੇ ਦਾ ਮਾਸਟਰਮਾਈਂਡ ਸੀ, ਨੂੰ ਅਪਰੈਲ 2025 ਵਿੱਚ ਅਮਰੀਕਾ ਤੋਂ ਭਾਰਤ ਦੇ ਹਵਾਲੇ ਕੀਤਾ ਗਿਆ ਸੀ। ਨਵੀਂ ਦਿੱਲੀ ਪੁੱਜਦੇ ਹੀ ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਹਮਲੇ ਵਿੱਚ 166 ਜਣਿਆਂ ਦੀ ਜਾਨ ਜਾਂਦੀ ਰਹੀ ਸੀ। ਰਿਪੋਰਟ ਮੁਤਾਬਕ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ (ਆਈ ਆਰ ਸੀ ਸੀ) ਨੇ ਆਪਣੇ ਫ਼ੈਸਲੇ ਵਿੱਚ ਲਿਖਿਆ ਕਿ ਰਾਣਾ ਦੀ ਸਿਟੀਜ਼ਨਸ਼ਿਪ ਵਾਪਸ ਲੈਣ ਦਾ ਕਾਰਨ ਅਤਿਵਾਦ ਨਹੀਂ ਬਲਕਿ ਉਸ ਵੱਲੋਂ ਆਪਣੇ ਅਰਜ਼ੀ ਫਾਰਮ ਵਿੱਚ ਦਿੱਤੀ ਗ਼ਲਤ ਜਾਣਕਾਰੀ ਸੀ। ਆਈ ਆਰ ਸੀ ਸੀ ਨੇ ਰਿਪੋਰਟ ਵਿੱਚ ਲਿਖਿਆ ਕਿ ਰਾਣਾ ਨੇ 2000 ਵਿੱਚ ਸਿਟੀਜ਼ਨਸ਼ਿਪ ਲਈ ਅਪਲਾਈ ਕਰਨ ਮੌਕੇ ਪਿਛਲੇ ਚਾਰ ਸਾਲ ਓਟਵਾ ਤੇ ਟੋਰਾਂਟੋ ਵਿੱਚ ਰਹਿਣ ਅਤੇ ਦੇਸ਼ ’ਚੋਂ ਸਿਰਫ਼ ਛੇ ਦਿਨਾਂ ਲਈ ਗ਼ੈਰਮੌਜੂਦ ਰਹਿਣ ਦਾ ਦਾਅਵਾ ਕੀਤਾ ਸੀ।

Share this content:

Post Comment