ਡੀ.ਐਮ.ਸੀ ਲੁਧਿਆਣਾ ਵੱਲੋਂ ਵੱਡੀ ਰਾਹਤ, ਫੀਸਾਂ ਵਿੱਚ 83.33% ਦੀ ਕਟੌਤੀ ਕੀਤੀ
ਲੁਧਿਆਣਾ, 7 ਜਨਵਰੀ – ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਮਰੀਜ਼ਾਂ ਲਈ ਵੱਡਾ ਰਾਹਤ ਭਰਿਆ ਫ਼ੈਸਲਾ ਲਿਆ ਗਿਆ ਹੈ। ਹਸਪਤਾਲ ਪ੍ਰਬੰਧਨ ਨੇ ਜਨਰਲ OPD ਦੀ ਪਰਚੀ ਦੀ ਫੀਸ ₹120 ਤੋਂ ਘਟਾ ਕੇ ਸਿਰਫ਼ ₹20 ਕਰ ਦਿੱਤੀ ਹੈ। ਇਸ ਕਦਮ ਨਾਲ ਆਮ ਲੋਕ ਘੱਟ ਖਰਚੇ ’ਤੇ ਮਾਹਰ ਡਾਕਟਰਾਂ ਤੋਂ ਇਲਾਜ ਕਰਵਾ ਸਕਣਗੇ। ਹਸਪਤਾਲ ਪ੍ਰਬੰਧਨ ਅਨੁਸਾਰ, ਨਵੇਂ ਸਾਲ ਦੇ ਮੌਕੇ ’ਤੇ ਕੀਤੀ ਗਈ ਇਸ ਪਹਿਲ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਵਰਗ ਦਾ ਮਰੀਜ਼ ਸਮੇਂ ਸਿਰ ਆਪਣੀ ਬਿਮਾਰੀ ਦੀ ਪਛਾਣ ਅਤੇ ਇਲਾਜ ਕਰਵਾ ਸਕੇ। OPD ਫੀਸ ਵਿੱਚ ਵੱਡੀ ਕਟੌਤੀ ਨਾਲ ਪਰਿਵਾਰਾਂ ’ਤੇ ਆਰਥਿਕ ਬੋਝ ਘਟੇਗਾ ਅਤੇ ਸਿਹਤ ਸੇਵਾਵਾਂ ਹੋਰ ਵੀ ਸਸਤੀ ਬਣਨਗੀਆਂ।
ਇਸ ਮੌਕੇ ਡਾ. ਜੀ.ਐਸ. ਵਾਂਡਰ, ਪ੍ਰਿੰਸੀਪਲ DMC&H ਨੇ ਕਿਹਾ ਕਿ ਹਸਪਤਾਲ ਮਰੀਜ਼-ਕੇਂਦਰਿਤ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ ਅਤੇ OPD ਵਿੱਚ ਆਉਣ ਵਾਲਾ ਹਰ ਮਰੀਜ਼ ਹੁਣ ਘੱਟ ਫੀਸ ’ਤੇ ਡਾਕਟਰ ਤੋਂ ਸਲਾਹ ਲੈ ਸਕੇਗਾ। ਉੱਥੇ ਹੀ ਹਸਪਤਾਲ ਦੇ ਸੈਕਟਰੀ ਬਿਪਨ ਗੁਪਤਾ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਹਸਪਤਾਲ ਤੱਕ ਪਹੁੰਚ ਆਸਾਨ ਹੋਵੇਗੀ ਅਤੇ ਵੱਧ ਤੋਂ ਵੱਧ ਮਰੀਜ਼ ਲਾਭ ਉਠਾ ਸਕਣਗੇ। DMC&H ਦਾ ਇਹ ਫ਼ੈਸਲਾ ਲੁਧਿਆਣਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਦੇ ਮਰੀਜ਼ਾਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ।
Share this content:


Post Comment