ਡੀਜ਼ਲ ’ਚ ਈਥਾਨੌਲ ਮਿਲਾਉਣ ਦੀ ਯੋਜਨਾ ਸਰਕਾਰ ਵੱਲੋਂ ਰੱਦ
ਨਵੀਂ ਦਿੱਲੀ, 11 ਅਗਸਤ – ਕੇਂਦਰ ਨੇ ਸੋਮਵਾਰ ਨੂੰ ਟੈਸਟਿੰਗ ਤੋਂ ਬਾਅਦ ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੇ ਦੀ ਯੋਜਾਨਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਇਹ ਪਤਾ ਲੱਗਾ ਹੈ ਕਿ ਈਥਾਨੌਲ ਮਿਲਾਉਣ ਨਾਲ ਡੀਜ਼ਲ ਦਾ ਫਲੈਸ਼ ਪੁਆਇੰਟ ਕਾਫ਼ੀ ਘੱਟ ਜਾਂਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਨੇ ਰਾਜ ਸਭਾ ਨੂੰ ਦੱਸਿਆ ਕਿ ਸਰਕਾਰੀ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਅਧਿਕਾਰਤ ਪ੍ਰਯੋਗਸ਼ਾਲਾਵਾਂ ਅਤੇ ਵਾਹਨ ਨਿਰਮਾਤਾਵਾਂ ਦੇ ਨਾਲ ਮਿਲ ਕੇ ਆਪਣੇ ਖੋਜ ਅਤੇ ਵਿਕਾਸ ਕੇਂਦਰਾਂ ਰਾਹੀਂ ਈਥਾਨੌਲ-ਡੀਜ਼ਲ ਮਿਸ਼ਰਣਾਂ ਦਾ ਟੈਸਟ ਕੀਤਾ।
ਉਨ੍ਹਾਂ ਕਿਹਾ, “ਇਹ ਦੇਖਿਆ ਗਿਆ ਕਿ ਈਥਾਨੌਲ ਮਿਸ਼ਰਤ ਡੀਜ਼ਲ ਫਲੈਸ਼ ਪੁਆਇੰਟ ‘ਤੇ ਖਰਾ ਨਹੀਂ ਉਤਰ ਰਿਹਾ ਸੀ ਕਿਉਂਕਿ ਈਥਾਨੌਲ ਦੀ ਮੌਜੂਦਗੀ ਕਾਰਨ ਇਸਦਾ ਫਲੈਸ਼ ਪੁਆਇੰਟ ਬਹੁਤ ਜ਼ਿਆਦਾ ਘੱਟ ਗਿਆ ਸੀ।” ਘੱਟ ਫਲੈਸ਼ ਪੁਆਇੰਟ ਅੱਗ ਅਤੇ ਸੁਰੱਖਿਆ ਦੇ ਖ਼ਤਰੇ ਨੂੰ ਵਧਾਉਂਦਾ ਹੈ ਕਿਉਂਕਿ ਇਸ ਨਾਲ ਬਾਲਣ ਦੇ ਸੰਭਾਲ, ਸਟੋਰੇਜ ਅਤੇ ਆਵਾਜਾਈ ਦੌਰਾਨ ਅੱਗ ਫੜਨ ਦੀ ਸੰਭਾਵਨਾ ਵਧ ਜਾਂਦੀ ਹੈ। ਨਤੀਜੇ ਵਜੋਂ, ਸਰਕਾਰ ਵੱਲੋਂ ਡੀਜ਼ਲ ਵਿੱਚ ਈਥਾਨੌਲ ਮਿਲਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੱਕ ਵੱਖਰੇ ਸਵਾਲ ਦੇ ਜਵਾਬ ਵਿੱਚ, ਗੋਪੀ ਨੇ ਅੱਗੇ ਕਿਹਾ ਕਿ ਪੈਟਰੋਲ ਵਿੱਚ ਈਥਾਨੌਲ ਦੀ ਮਾਤਰਾ ਨੂੰ 20 ਫੀਸਦੀ ਤੋਂ ਉੱਪਰ ਵਧਾਉਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ।
ਸੁਰੇਸ਼ ਗੋਪੀ ਨੇ ਜ਼ੋਰ ਦੇ ਕੇ ਕਿਹਾ, “ਹੁਣ ਤੱਕ ਸਰਕਾਰ ਵੱਲੋਂ ਪੈਟਰੋਲ ਵਿੱਚ ਈਥਾਨੌਲ ਦੀ ਮਿਲਾਵਟ ਨੂੰ 20 ਫੀਸਦੀ ਤੋਂ ਵੱਧ ਵਧਾਉਣ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਉੱਚ ਈਥਾਨੌਲ ਮਿਸ਼ਰਣਾਂ ਬਾਰੇ ਕੋਈ ਵੀ ਭਵਿੱਖੀ ਫ਼ੈਸਲਾ ਸਿਰਫ਼ ਵਿਸਤ੍ਰਿਤ ਵਿਗਿਆਨਕ ਅਤੇ ਤਕਨੀਕੀ ਅਧਿਐਨਾਂ ਅਤੇ ਵਾਹਨ ਨਿਰਮਾਤਾਵਾਂ, ਤੇਲ ਮਾਰਕੀਟਿੰਗ ਕੰਪਨੀਆਂ ਅਤੇ ਖੋਜ ਸੰਸਥਾਵਾਂ ਸਾਰੇ ਸੰਬੰਧਿਤ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਲਿਆ ਜਾਵੇਗਾ। ਉਨ੍ਹਾਂ ਅਨੁਸਾਰ ਨੀਤੀ ਆਯੋਗ, ਵਾਹਨ ਨਿਰਮਾਤਾਵਾਂ, ਓ.ਐੱਮ.ਸੀਜ਼., ਆਟੋਮੋਟਿਵ ਰਿਸਰਚ ਐਸੋਸੀਏਸ਼ਨ ਆਫ਼ ਇੰਡੀਆ, ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼, ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲੀਅਮ ਅਤੇ ਹੋਰ ਤਕਨੀਕੀ ਸੰਸਥਾਵਾਂ ਨੇ ਈਥਾਨੌਲ ਮਿਸ਼ਰਤ ਪੈਟਰੋਲ ਪ੍ਰੋਗਰਾਮ ਨੂੰ ਪੜਾਅਵਾਰ ਲਾਗੂਕਰਨ ਵਿੱਚ ਹਿੱਸਾ ਲਿਆ ਹੈ।
Share this content:



Post Comment