ਡਾ. ਐੱਸ. ਐੱਲ. ਵਿਰਦੀ ਨਾਲ ਵਿਸ਼ੇਸ਼ ਇੰਟਰਵਿਊ

(ਗੁਰਮੀਤ ਸਿੰਘ ਪਲਾਹੀ ਵੱਲੋਂ ‘ਅੱਜ ਦਾ ਪੰਜਾਬ’ ਦੇ ਦਫ਼ਤਰ ਵਿਖੇ ਕੀਤੀ ਗਈ ਖਾਸ ਮੁਲਾਕਾਤ)
ਗੁਰਮੀਤ ਸਿੰਘ ਪਲਾਹੀ: ਜੀ ਆਇਆਂ ਨੂੰ ਵਿਰਦੀ ਸਾਹਿਬ! ਪੰਜਾਬ ਦੇ ਪ੍ਰਸਿੱਧ ਚਿੰਤਕ ਅਤੇ ਲੇਖਕ ਵਜੋਂ ਤੁਹਾਡਾ ਸੰਘਰਸ਼ਮਈ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਤੁਸੀਂ ਹੁਣ ਤੱਕ 100 ਦੇ ਲਗਭਗ ਪੁਸਤਕਾਂ ਲਿਖ ਚੁੱਕੇ ਹੋ। ਅੱਜ ਅਸੀਂ ਤੁਹਾਡੀ ਨਵੀਂ ਪੁਸਤਕ “ਧੰਮ – ਸੁਖੀ ਜੀਉਣ ਦਾ ਮਾਰਗ” ਬਾਰੇ ਗੱਲਬਾਤ ਕਰਨ ਲਈ ਇੱਥੇ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਇਹ ਦੱਸੋ ਕਿ ਬੁੱਧ ਧੰਮ ਦਾ ਇਤਿਹਾਸਿਕ ਪਿਛੋਕੜ ਕੀ ਰਿਹਾ ਹੈ?
ਡਾ. ਐੱਸ. ਐੱਲ. ਵਿਰਦੀ: ਧੰਨਵਾਦ ਪਲਾਹੀ ਸਾਹਿਬ। ਜੇਕਰ ਅਸੀਂ ਇਤਿਹਾਸ ਵੱਲ ਵੇਖੀਏ ਤਾਂ ਸ਼ੁਰੂਆਤ ਵਿੱਚ ਮਹਾਤਮਾ ਬੁੱਧ ਦੇ ਉਪਦੇਸ਼ ਤਿੰਨ ਗ੍ਰੰਥਾਂ, ਜਿਨ੍ਹਾਂ ਨੂੰ ‘ਤ੍ਰਿਪਿਟਕ’ (ਤਿੰਨ ਟੋਕਰੇ) ਕਿਹਾ ਜਾਂਦਾ ਹੈ, ਵਿੱਚ ਪੱਤਿਆਂ ਉੱਤੇ ਲਿਖੇ ਗਏ ਸਨ। ਸਮੇਂ ਦੇ ਨਾਲ-ਨਾਲ ਇਹਨਾਂ ਵਿੱਚ ਕੁਝ ਤਬਦੀਲੀਆਂ ਆਈਆਂ। ਬਾਅਦ ਵਿੱਚ ਸਮਰਾਟ ਅਸ਼ੋਕ ਨੇ ਇਸ ਸੰਦੇਸ਼ ਨੂੰ ਬਹੁਤ ਵੱਡੇ ਪੱਧਰ ‘ਤੇ ਫੈਲਾਇਆ। ਉਹਨਾਂ ਨੇ ਆਪਣੇ ਧੀ-ਪੁੱਤ ਨੂੰ ਹੋਰਨਾਂ ਦੇਸ਼ਾਂ ਵਿੱਚ ਭੇਜ ਕੇ ਲੋਕਾਂ ਨੂੰ ਇੱਕ ਸਰਲ, ਸੁਚੱਜਾ ਅਤੇ ਆਸਾਨ ਜੀਵਨ ਜਿਊਣ ਦਾ ਰਾਹ ਦਿਖਾਇਆ, ਜਿਸ ਨਾਲ ਇਹ ਸੰਦੇਸ਼ ਪੂਰੇ ਏਸ਼ੀਆ ਵਿੱਚ ਫੈਲ ਗਿਆ।
ਗੁਰਮੀਤ ਸਿੰਘ ਪਲਾਹੀ: ਬਹੁਤ ਵਧੀਆ। ਡਾ. ਬੀ. ਆਰ. ਅੰਬੇਡਕਰ ਜੀ ਦਾ ਬੁੱਧ ਧੰਮ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਕੀ ਯੋਗਦਾਨ ਰਿਹਾ ਅਤੇ ਤੁਹਾਡੀ ਇਸ ਪੁਸਤਕ ਦਾ ਉਸ ਨਾਲ ਕੀ ਸੰਬੰਧ ਹੈ?
ਡਾ. ਐੱਸ. ਐੱਲ. ਵਿਰਦੀ: ਡਾ. ਅੰਬੇਡਕਰ ਜੀ ਨੇ ਪਾਲੀ ਭਾਸ਼ਾ ਦੇ 73 ਵੌਲੀਅਮਾਂ ਦਾ ਗਹਿਰਾ ਅਧਿਐਨ ਕਰਕੇ ਲਗਭਗ 800 ਪੰਨਿਆਂ ਦੀ ਅੰਗਰੇਜ਼ੀ ਪੁਸਤਕ “ਦ ਬੁੱਧਾ ਐਂਡ ਹਿਜ਼ ਧੰਮਾ” ਲਿਖੀ ਸੀ। ਪਰ ਉਹਨਾਂ ਨੇ ਆਪਣੇ ਅੰਤਿਮ ਸਮੇਂ ਵਿੱਚ ਇਹ ਇੱਛਾ ਵੀ ਪ੍ਰਗਟਾਈ ਸੀ ਕਿ ਇਸ ਗਿਆਨ ਨੂੰ ਹੋਰ ਸਰਲ ਬਣਾਇਆ ਜਾਵੇ ਤਾਂ ਜੋ ਆਮ, ਗਰੀਬ ਅਤੇ ਲੋੜਵੰਦ ਲੋਕ ਵੀ ਇਸ ਨੂੰ ਆਸਾਨੀ ਨਾਲ ਸਮਝ ਸਕਣ। ਕਿਉਂਕਿ ਇੱਕ ਤਾਂ ਅੰਗਰੇਜ਼ੀ ਭਾਸ਼ਾ ਅਤੇ ਦੂਜਾ ਇੱਡਾ ਵੱਡਾ ਆਕਾਰ, ਆਮ ਲੋਕਾਂ ਲਈ ਪੜ੍ਹਨਾ ਔਖਾ ਸੀ।
ਗੁਰਮੀਤ ਸਿੰਘ ਪਲਾਹੀ: ਇਸ 800 ਪੰਨਿਆਂ ਦੀ ਵੱਡੀ ਪੁਸਤਕ ਨੂੰ ਇੱਕ ਛੋਟੇ ਰੂਪ ਵਿੱਚ ਸਮੇਟਣ ਦਾ ਵਿਚਾਰ ਤੁਹਾਡੇ ਮਨ ਵਿੱਚ ਕਿਵੇਂ ਆਇਆ, ਅਤੇ ਇਸ ‘ਤੇ ਤੁਹਾਨੂੰ ਕਿੰਨੀ ਮਿਹਨਤ ਕਰਨੀ ਪਈ?
ਡਾ. ਐੱਸ. ਐੱਲ. ਵਿਰਦੀ: ਮੇਰੀ ਇਹੀ ਕੋਸ਼ਿਸ਼ ਸੀ ਕਿ ਬਾਬਾ ਸਾਹਿਬ ਦੇ ਉਸ ਸੁਪਨੇ ਨੂੰ ਪੂਰਾ ਕੀਤਾ ਜਾਵੇ। ਮੈਂ ਇਸ ਪੁਸਤਕ ਨੂੰ ਸੰਖੇਪ ਕਰਨ ਲਈ ਲਗਭਗ 30 ਸਾਲ ਮਿਹਨਤ ਕੀਤੀ ਹੈ। ਮੈਂ ਇਸ ਨੂੰ 100 ਤੋਂ ਵੀ ਵੱਧ ਵਾਰ ਕੱਟਿਆ ਤੇ ਸੋਧਿਆ ਜੋ 800 ਪੰਨਿਆਂ ਦਾ ਪੂਰਾ ਨਿਚੋੜ ਲਗਭਗ 45-50 ਪੰਨਿਆਂ ਵਿੱਚ ਆ ਜਾਵੇ। ਇਹ ਪੁਸਤਕ ‘ਸਮਤਾ ਸਮਾਜ ਪ੍ਰਕਾਸ਼ਨ’ ਚਾਚੋਕੀ (ਫਗਵਾੜਾ )ਵੱਲੋਂ ਛਾਪੀ ਗਈ ਹੈ। ਮੇਰਾ ਮਕਸਦ ਇਹ ਸੀ ਕਿ ਜੇਕਰ ਦੋ-ਚਾਰ ਜਮਾਤਾਂ ਪੜ੍ਹਿਆ ਵਿਅਕਤੀ ਵੀ ਇਸ ਨੂੰ ਪੜ੍ਹੇ, ਤਾਂ ਉਸ ਨੂੰ ਅੰਦਰੂਨੀ ਗਿਆਨ ਪ੍ਰਾਪਤ ਹੋ ਸਕੇ।
ਗੁਰਮੀਤ ਸਿੰਘ ਪਲਾਹੀ: ਯਾਨੀ ਤੁਸੀਂ 800 ਸਫ਼ਿਆਂ ਦੀ ਪੁਸਤਕ ਨੂੰ 45-50 ਸਫ਼ਿਆਂ ਵਿੱਚ ਸਮੇਟ ਕੇ ਹਰ ਜ਼ਰੂਰੀ ਤੱਥ ਲਿਆਉਣ ਦਾ ਜਤਨ ਕੀਤਾ ਹੈ। ਇਸ ਪੁਸਤਕ ਵਿੱਚ ਪਾਠਕਾਂ ਲਈ ਕਿਹੜੇ-ਕਿਹੜੇ ਮੁੱਖ ਵਿਸ਼ੇ ਛੋਹੇ ਗਏ ਹਨ?

ਡਾ. ਐੱਸ. ਐੱਲ. ਵਿਰਦੀ: ਇਸ ਵਿੱਚ ਮਾਨਵ ਜੀਵਨ ਨਾਲ ਜੁੜੀਆਂ ਸਾਰੀਆਂ ਅਹਿਮ ਗੱਲਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਵੇਂ:
ਮਨੁੱਖ ਦਾ ਆਪਣਾ ਮਾਲਕ ਆਪ ਹੋਣਾ।
ਸਿਧਾਰਥ ਦਾ ਗ੍ਰਹਿ ਤਿਆਗ, ਗਿਆਨ ਪ੍ਰਾਪਤੀ ਅਤੇ ‘ਧੰਮ ਚੱਕਰ ਪ੍ਰਵਰਤਨ’।
ਦੁੱਖ ਦਾ ਸਿਧਾਂਤ ਅਤੇ ਦੁੱਖ ਦੂਰ ਕਰਨ ਦਾ ਸਦਾਚਾਰੀ ਮਾਰਗ (ਅਸ਼ਟਾਂਗ ਮਾਰਗ, ਪੰਚਸ਼ੀਲ ਅਤੇ ਵਿਪੱਸ਼ਨਾ)।
ਧੰਮ ਦੀਆਂ 10 ਪਾਰਮਿਤਾਵਾਂ (ਪੂਰਨਤਾਵਾਂ) ਅਤੇ ਗਿਆਨ-ਤਿਆਗ ਦੇ ਨਿਯਮ।
ਮਨੁੱਖ ਦਾ ਪਤਨ ਕਿਵੇਂ ਹੁੰਦਾ ਹੈ ਅਤੇ ਗਰੀਬੀ, ਅੰਧਵਿਸ਼ਵਾਸ, ਭੇਦਭਾਵ ਤੇ ਅਸਮਾਨਤਾ ਤੋਂ ਮੁਕਤੀ ਕਿਵੇਂ ਮਿਲ ਸਕਦੀ ਹੈ।
ਗੁਰਮੀਤ ਸਿੰਘ ਪਲਾਹੀ: ਸੰਖੇਪ ਵਿੱਚ ਕਹੀਏ ਤਾਂ ਤੁਸੀਂ ਬੁੱਧ ਧਰਮ ਦੇ ਅਨੁਸਾਰ ਅਗਿਆਨਤਾ, ਅੰਧਵਿਸ਼ਵਾਸ, ਊਚ-ਨੀਚ ਅਤੇ ਭੇਦਭਾਵ ਵਾਲੇ ਸਮਾਜ ਦੇ ਉਲਟ—ਆਜ਼ਾਦੀ, ਸਮਾਨਤਾ, ਭਾਈਚਾਰੇ ਅਤੇ ਨਿਆਂ ‘ਤੇ ਅਧਾਰਿਤ ਸੁਖਮਈ ਸਮਾਜ ਦੀ ਸਿਰਜਣਾ ਦਾ ਪੂਰਾ ਮਾਰਗ ਇਸ ਪੁਸਤਕ ਵਿੱਚ ਦੇਣ ਦਾ ਯਤਨ ਕੀਤਾ ਹੈ। ਵਿਰਦੀ ਸਾਹਿਬ, ਇਸ ਅਨਮੋਲ ਜਾਣਕਾਰੀ ਅਤੇ ਸਮੇਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
ਡਾ. ਐੱਸ. ਐੱਲ. ਵਿਰਦੀ: ਮਿਹਰਬਾਨੀ, ਪਲਾਹੀ ਸਾਹਿਬ
Share this content:



Post Comment