Loading Now

ਡਰੱਗ ਮਾਫੀਆ ਦੇ ਸਰਗਣੇ ਨਾਲ ਨਰਮਾਈ ਨਹੀਂ ਵਰਤਾਂਗੇ : ਮਾਨ

ਡਰੱਗ ਮਾਫੀਆ ਦੇ ਸਰਗਣੇ ਨਾਲ ਨਰਮਾਈ ਨਹੀਂ ਵਰਤਾਂਗੇ : ਮਾਨ

ਚਮਕੌਰ ਸਾਹਿਬ, 19 ਅਗਸਤ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਸੋਮਵਾਰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਝੂਠੀਆਂ ਪ੍ਰਾਪਤੀਆਂ ਦੇ ਸੋਹਲੇ ਗਾਉਣ ਦੀ ਬਜਾਏ ਲੋਕਾਂ ਸਾਹਮਣੇ ਸਪੱਸ਼ਟ ਕਰਨ ਕਿ ਉਨ੍ਹਾ ਦੀ ਸਰਕਾਰ ਦੌਰਾਨ ਬਰਗਾੜੀ ਘਟਨਾ ਅਤੇ ਨਸ਼ਿਆਂ ਨਾਲ ਹੋਈਆਂ ਹਜ਼ਾਰਾਂ ਨੌਜਵਾਨਾਂ ਦੀਆਂ ਮੌਤਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ। ਇੱਥੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਵੱਖ-ਵੱਖ ਵਿਕਾਸ ਪ੍ਰਾਜੈਕਟ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਅਕਸਰ ਹੀ ਦਮਗਜ਼ੇ ਮਾਰਦੇ ਹਨ ਕਿ ਉਨ੍ਹਾ ਦੀ ਸਰਕਾਰ ਦੌਰਾਨ ਵੱਡੇ ਪੱਧਰ ’ਤੇ ਵਿਕਾਸ ਹੋਇਆ ਹੈ, ਪਰ ਜਦੋਂ ਬਰਗਾੜੀ ਘਟਨਾ ਵਿੱਚ ਬੇਕਸੂਰ ਲੋਕਾਂ ’ਤੇ ਗੋਲੀਆਂ ਚਲਾਉਣ ਜਾਂ ਨਸ਼ਿਆਂ ਦੀ ਅਲਾਮਤ ਦਾ ਮਸਲਾ ਉਠਦਾ ਹੈ ਤਾਂ ਉਹ ਚੁੱਪ ਵੱਟ ਲੈਂਦੇ ਹਨ। ਨਸ਼ਿਆਂ ਨੇ ਸਾਡੇ ਨੌਜਵਾਨਾਂ ਦੀ ਨਸਲਕੁਸ਼ੀ ਕੀਤੀ ਹੈ, ਜਿਸ ਨਾਲ ਅਕਾਲੀਆਂ ਦੇ ਬਦਅਮਨੀ ਵਾਲੇ ਲੰਮੇ ਸ਼ਾਸਨ ਦੀ ਅਸਲ ਤਸਵੀਰ ਸਾਹਮਣੇ ਆਉਦੀ ਹੈ। ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ’ਤੇ ਚੁਟਕੀ ਲੈਂਦਿਆਂ ਉਹਨਾ ਕਿਹਾ ਕਿ ਸੱਤਾ ਵਿੱਚ ਹੁੰਦਿਆਂ ਤਾਂ ਬਾਦਲਾਂ ਨੇ ਆਪਣਾ ਕਾਰੋਬਾਰ ਹੀ ਵਧਾਇਆ ਹੈ। ਨਸ਼ਿਆਂ ਦੇ ਦੋਸ਼ਾਂ ਹੇਠ ਨਾਭਾ ਜੇਲ੍ਹ ਵਿੱਚ ਬੰਦ ਸਾਬਕਾ ਅਕਾਲੀ ਲੀਡਰ ਦਾ ਪੱਖ ਪੂਰਨ ਵਾਲੇ ਰਵਾਇਤੀ ਪਾਰਟੀਆਂ ਦੇ ਲੀਡਰ ਉਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸੀ ਲੀਡਰ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਭਾਜਪਾ ਲੀਡਰ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਨੇ ਖੁੱਲ੍ਹ ਕੇ ਸਮਰਥਨ ਕੀਤਾ। ਉਨ੍ਹਾ ਕਿਹਾ ਕਿ ਇਸ ਨਾਲ ਰਵਾਇਤੀ ਪਾਰਟੀਆਂ ਦੀ ਆਪਸੀ ਮਿਲੀਭੁਗਤ ਸਾਹਮਣੇ ਆਈ ਹੈ।

Share this content:

Post Comment