Loading Now

ਟਾਟਿਆਂ ਦੀ ਲੜਾਈ ਸ਼ਾਹ ਦੇ ਦਰਬਾਰ ‘ਚ ਪੁੱਜੀ

ਟਾਟਿਆਂ ਦੀ ਲੜਾਈ ਸ਼ਾਹ ਦੇ ਦਰਬਾਰ ‘ਚ ਪੁੱਜੀ

ਮੁੰਬਈ , 9 ਅਕਤੂਬਰ – ਦੇਸ਼ ਦਾ ਸਭ ਤੋਂ ਮੁੱਲਵਾਨ ਅਦਾਰਾ ਮੰਨੇ ਜਾਣ ਵਾਲੇ ਟਾਟਾ ਗਰੁੱਪ ਅਸਾਧਾਰਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਟਾਟਾ ਟਰੱਸਟਸ, ਜਿਹੜਾ ਟਾਟਾ ਸਨਜ਼ ਵਿੱਚ ਫੈਸਲਾਕੁੰਨ 66 ਫੀਸਦੀ ਹਿੱਸੇਦਾਰੀ ਰੱਖਣ ਵਾਲਾ ਖਰੈਤੀ ਅਦਾਰਾ ਹੈ, ਵਿੱਚ ਤਕੜਾ ਕਲੇਸ਼ ਪੈ ਗਿਆ ਹੈ | ਲੜਾਈ ਨੇ ਨਾ ਸਿਰਫ ਬੋਰਡ ਦੇ ਡਾਇਰੈਕਟਰਾਂ ਦੀ ਨਿਯੁਕਤੀ ਲਈ, ਸਗੋਂ 180 ਅਰਬ ਡਾਲਰ ਦੀ ਟਾਟਾ ਸਲਤਨਤ ਦੇ ਪ੍ਰਬੰਧਨ ਲਈ ਖਤਰਾ ਪੈਦਾ ਕਰ ਦਿੱਤਾ ਹੈ | ਟਾਟਾ ਸਨਜ਼ ਦੀਆਂ 30 ਸੂਚੀਬੱਧ ਫਰਮਾਂ ਸਣੇ 400 ਤੋਂ ਵੱਧ ਕੰਪਨੀਆਂ ਹਨ, ਜਿਹੜੀਆਂ ਭਾਰਤੀ ਅਰਥਚਾਰੇ ਦੇ ਕਰੀਬ-ਕਰੀਬ ਹਰ ਖੇੇਤਰ ਵਿੱਚ ਫੈਲੀਆਂ ਹੋਈਆਂ ਹਨ | ਟਾਟਾ ਟਰੱਸਟਸ ਦੇ ਟਰੱਸਟੀਆਂ ਦੇ ਦੋ ਧੜਿਆਂ ਵਿਚਾਲੇ ਟਕਰਾਅ ਹੈ | ਇੱਕ ਪਾਸੇ ਨੋਇਲ ਟਾਟਾ ਹੈ, ਜਿਸ ਨੂੰ ਅਕਤੂਬਰ 2024 ਵਿੱਚ ਰਤਨ ਟਾਟਾ ਦੀ ਮੌਤ ਤੋਂ ਬਾਅਦ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ |

ਉਸ ਨੂੰ ਕੁਝ ਨਿੱਕੇ ਗਰੁੱਪਾਂ ਦਾ ਸਾਥ ਹਾਸਲ ਹੈ, ਜਿਹੜੇ ਪਾਰਦਰਸ਼ਤਾ ਅਤੇ ਗਰੁੱਪ ਦੀਆਂ ਸਦਾਚਾਰਕ ਕਦਰਾਂ-ਕੀਮਤਾਂ ‘ਤੇ ਪਹਿਰਾ ਦੇਣ ‘ਤੇ ਜ਼ੋਰ ਦੇ ਰਹੇ ਹਨ | ਦੂਜੇ ਪਾਸੇ ਮੇਹਲੀ ਮਿਸਤਰੀ ਹੈ, ਜਿਸ ਦੇ ਟਾਟਾ ਸਨਜ਼ ਵਿੱਚ ਦੂਜੇ ਸਭ ਤੋਂ ਵੱਡੇ ਹਿੱਸੇਦਾਰ ਸ਼ਪੂਰਜੀ ਪੈਲੋਂਜੀ ਪਰਵਾਰ ਨਾਲ ਰਿਸ਼ਤੇ ਹਨ | ਉਹ ਬੋਰਡ ਵਿੱਚ ਨਿਯੁਕਤੀਆਂ ‘ਚ ਦਬਦਬਾ ਚਾਹੁੰਦਾ ਹੈ | ਸੂਤਰਾਂ ਦਾ ਕਹਿਣਾ ਹੈ ਕਿ ਮਿਸਤਰੀ ਮਹਿਸੂਸ ਕਰਦਾ ਹੈ ਕਿ ਉਸ ਨੂੰ ਅਹਿਮ ਫੈਸਲਿਆਂ ਵਿੱਚ ਲਾਂਭੇ ਕੀਤਾ ਗਿਆ ਹੈ | ਇਸ ਨਾਲ ਟਰੱਸਟਸ ਦੇ ਸੱਤ-ਮੈਂਬਰੀ ਬੋਰਡ ਵਿੱਚ ਦੁਫੇੜ ਪੈ ਗਈ ਹੈ | ਭੜਾਕਾ 11 ਸਤੰਬਰ ਨੂੰ ਪਿਆ, ਜਦੋਂ ਛੇ ਟਰੱਸਟੀਆਂ ਨੇ 77 ਸਾਲਾ ਸਾਬਕਾ ਰੱਖਿਆ ਸਕੱਤਰ ਵਿਜੇ ਸਿੰਘ, ਜਿਹੜੇ ਕਈ ਸਾਲਾਂ ਤੋਂ ਟਾਟਾ ਸਨਜ਼ ਦੇ ਡਾਇਰੈਕਟਰ ਚਲੇ ਆ ਰਹੇ ਹਨ, ਨੂੰ ਮੁੜ ਨਿਯੁਕਤ ਕਰਨ ਲਈ ਇਕੱਠੇ ਹੋਏ | ਵਿਜੇ ਸਿੰਘ ਦੀ ਮੁੜ ਨਿਯੁਕਤੀ ਦੀ ਤਜਵੀਜ਼ ਦੀ ਨੋਇਲ ਟਾਟਾ ਅਤੇ ਟੀ ਵੀ ਐੱਸ ਗਰੁੱਪ ਦੇ ਚੇਅਰਮੈਨ ਐਮੇਰਾਈਟਸ ਵੇਣੂ ਸ੍ਰੀਨਿਵਾਸਨ ਨੇ ਹਮਾਇਤ ਕੀਤੀ, ਜਦਕਿ ਮਿਸਤਰੀ ਧੜੇ ਨੇ ਤਿੱਖਾ ਵਿਰੋਧ ਕਰਕੇ ਮਤਾ ਰੱਦ ਕਰਵਾ ਦਿੱਤਾ |

ਇਸ ਤੋਂ ਬਾਅਦ ਚਾਰ ਟਰੱਸਟੀਆਂ ਨੇ ਮੇਹਲੀ ਮਿਸਤਰੀ ਨੂੰ ਟਾਟਾ ਸਨਜ਼ ਬੋਰਡ ਵਿੱਚ ਨਾਮਜ਼ਦ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨੋਇਲ ਟਾਟਾ ਤੇ ਸ੍ਰੀਨਿਵਾਸਨ ਨੇ ਰੋਕ ਦਿੱਤਾ | ਇਸ ਦਾ ਨਤੀਜਾ ਵਿਜੇ ਸਿੰਘ ਵੱਲੋਂ ਖੁਦ ਹੀ ਅਸਤੀਫਾ ਦੇਣ ਵਿੱਚ ਨਿਕਲਿਆ, ਜਿਸ ਨਾਲ ਬੋਰਡ ਵਿੱਚ ਭਵਿੱਖੀ ਨਾਮਜ਼ਦਗੀਆਂ ਬਾਰੇ ਬੇਯਕੀਨੀ ਦੇ ਬੱਦਲ ਛਾ ਗਏ | ਮੇਹਲੀ ਮਿਸਤਰੀ 2000 ਤੋਂ ਰਤਨ ਟਾਟਾ ਦਾ ਹਮਾਇਤੀ ਰਿਹਾ | ਉਹ ਉਦੋਂ ਚਰਚਿਤ ਹੋਇਆ ਸੀ, ਜਦੋਂ ਉਸ ਨੇ ਆਪਣੇ ਰਿਸ਼ਤੇਦਾਰ ਸਾਇਰਸ ਮਿਸਤਰੀ ਦੇ ਰਤਨ ਟਾਟਾ ਨਾਲ ਪਏ ਪੰਗੇ ਵੇਲੇ ਰਤਨ ਟਾਟਾ ਦਾ ਸਾਥ ਦਿੱਤਾ ਸੀ | ਇਸ ਦੇ ਨਤੀਜੇ ਵਜੋਂ ਸਾਇਰਸ ਨੂੰ 2016 ਵਿੱਚ ਟਾਟਾ ਸਨਜ਼ ਦੀ ਚੇਅਰਮੈਨੀ ਗੁਆਉਣੀ ਪਈ ਸੀ | ਬਾਅਦ ਵਿੱਚ ਨੋਇਲ ਟਾਟਾ ਦੇ ਹੱਥ ਚੇਅਰਮੈਨੀ ਆ ਗਈ ਸੀ |

ਲੜਾਈ ਸਿਰਫ ਬੋਰਡ ਵਿੱਚ ਕਿਸੇ ਦੀ ਨਿਯੁਕਤੀ ਦੀ ਹੀ ਨਹੀਂ ਦੱਸੀ ਜਾਂਦੀ, ਇਹ ਪ੍ਰਬੰਧਨ, ਜਾਨਸ਼ੀਨੀ ਤੇ ਤਾਕਤ ਦੀ ਵਧੇਰੇ ਹੈ | ਇਸ ਲੜਾਈ ਨੇ ਸਰਕਾਰ ਦਾ ਵੀ ਧਿਆਨ ਖਿੱਚਿਆ ਹੈ | ਨੋਇਲ ਟਾਟਾ, ਐੱਨ ਚੰਦਰਸ਼ੇਖਰਨ ਵੇਣੂ ਸ੍ਰੀਨਿਵਾਸਨ ਤੇ ਟਰੱਸਟੀ ਡੈਰੀਅਸ ਖੰਬਾਟਾ ਦੇ ਨਾਲ 7 ਅਕਤੂਬਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਮਿਲੇ | ਮੀਟਿੰਗ ਦੇ ਵੇਰਵੇ ਜੱਗ-ਜ਼ਾਹਰ ਨਹੀਂ ਹੋਏ, ਪਰ ਸਰਕਾਰ ਚਾਹੁੰਦੀ ਹੈ ਕਿ ਅੰਦਰੂਨੀ ਲੜਾਈ ਦੇਸ਼ ਦੇ ਨਾਮੀ ਸਨਅਤੀ ਘਰਾਣੇ ਦੇ ਅਕਸ ਨੂੰ ਖਰਾਬ ਨਾ ਕਰੇ | ਟਾਟਿਆਂ ਦਾ ਅਕਸ ਖਰਾਬ ਹੋਣ ਨਾਲ ਦੁਨੀਆ ਭਰ ਵਿੱਚ ਦੇਸ਼ ਦਾ ਅਕਸ ਵੀ ਖਰਾਬ ਹੋਵੇਗਾ |

Share this content:

Post Comment