Loading Now

ਟਰੰਪ ਵੱਲੋਂ ਹੋਰ ਪਾਬੰਦੀਆਂ ਲਾਉਣ ਦਾ ਇਸ਼ਾਰਾ

ਟਰੰਪ ਵੱਲੋਂ ਹੋਰ ਪਾਬੰਦੀਆਂ ਲਾਉਣ ਦਾ ਇਸ਼ਾਰਾ

ਵਾਸ਼ਿੰਗਟਨ, 8 ਅਗਸਤ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿੱਚ ਚੀਨ ਦੇ ‘ਬਹੁਤ ਕਰੀਬ’ ਹੈ ਤੇ ਉਸ ਨੂੰ 50 ਫੀਸਦ ਦਾ ਟੈਕਸ ਦੇਣਾ ਹੋਵੇਗਾ। ਟਰੰਪ ਨੇ ਇਸ਼ਾਰਾ ਕੀਤਾ ਕਿ ‘ਤੁਹਾਨੂੰ ਹੋਰ ਵੀ ਸਖਤ ਪਾਬੰਦੀਆਂ ਦੇਖਣ ਨੂੰ ਮਿਲਣਗੀਆਂ। ਟਰੰਪ ਨੇ ਆਪਣੇ ਸਰਕਾਰੀ ‘ਓਵਲ ਦਫਤਰ’ ਵਿੱਚ ਕਿਹਾ, ‘‘ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਤੇਲ ਨੂੰ ਲੈ ਕੇ ਭਾਰਤ ’ਤੇ 50 ਫੀਸਦ ਦਾ ਟੈਕਸ ਲਗਾਇਆ ਹੈ। ਉਹ ਦੂਜੇ ਸਭ ਤੋਂ ਵੱਡੇ ਖਰੀਦਦਾਰ ਹਨ ਤੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਵਿੱਚ ਚੀਨ ਦੇ ਬਹੁਤ ਕਰੀਬ ਹਨ। ਟਰੰਪ ਨੇ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖਣ ਕਰਕੇ ਭਾਰਤ ਤੋਂ ਦਰਾਮਦ ਵਸਤਾਂ ’ਤੇ ਵਾਧੂ 25 ਫੀਸਦ ਟੈਕਸ ਲਗਾਉਣ ਦੇ ਕਾਰਜਕਾਰੀ ਹੁਕਮਾਂ ’ਤੇ ਬੁੱਧਵਾਰ ਨੂੰ ਦਸਤਖਤ ਕੀਤੇ ਸਨ। ਇਸ ਨਾਲ ਅਮਰੀਕਾ ਵਿੱਚ ਭਾਰਤੀ ਵਸਤਾਂ ’ਤੇ ਲੱਗਣ ਵਾਲਾ ਟੈਕਸ ਹੁਣ ਵਧ ਕੇ 50 ਫੀਸਦ ਹੋ ਗਿਆ ਹੈ, ਜੋ ਕਿਸੇ ਵੀ ਦੂਜੇ ਮੁਲਕ ’ਤੇ ਅਮਰੀਕਾ ਵੱਲੋਂ ਲਗਾਏ ਗਏ ਸਭ ਤੋਂ ਉੱਚੇ ਟੈਕਸਾਂ ’ਚੋਂ ਇਕ ਹੈ।

ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਭਾਰਤ ’ਤੇ 25 ਫੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ, ਜੋ 7 ਅਗਸਤ ਤੋਂ ਲਾਗੂ ਹੋ ਗਿਆ ਹੈ। ਵਾਧੂ 25 ਫੀਸਦ ਟੈਕਸ 21 ਦਿਨਾਂ ਬਾਅਦ ਭਾਵ 27 ਅਗਸਤ ਤੋਂ ਅਮਲ ਵਿਚ ਆਏਗਾ। ਵ੍ਹਾਈਟ ਹਾਊਸ ਵਿੱਚ ਇੱਕ ਸਮਾਗਮ ’ਚ ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਟਿਮ ਕੁੱਕ, ਉਪ ਰਾਸ਼ਟਰਪਤੀ ਜੇ ਡੀ ਵਾਂਸ, ਵਿੱਤ ਮੰਤਰੀ ਸਕੌਟ ਬੇਸੈਂਟ ਤੇ ਵਣਜ ਮੰਤਰੀ ਹਾਵਰਡ ਲਟਨਿਕ ਵੀ ਮੌਜੂਦ ਸਨ। ਇਸ ਦੌਰਾਨ ਐਪਲ ਨੇ ਐਲਾਨ ਕੀਤਾ ਕਿ ਉਹ ਅਗਲੇ ਚਾਰ ਸਾਲਾਂ ਵਿਚ ਅਮਰੀਕਾ ਵਿਚ 600 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਸ ਪ੍ਰੋਗਰਾਮ ਦੌਰਾਨ ਟਰੰਪ ਤੋਂ ਭਾਰਤ ’ਤੇ ਲਗਾਏ ਗਏ ਵਾਧੂ ਟੈਕਸ ਬਾਰੇ ਕਈ ਸਵਾਲ ਪੁੱਛੇ ਗਏ। ਇਸੇ ਦੌਰਾਨ ਟਰੰਪ ਨੇ ਟਰੂਥ ਸੋਸ਼ਲ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਅਮਰੀਕਾ ਦਾ ਫਾਇਦਾ ਉਠਾਉਣ ਵਾਲੇ ਦੇਸ਼ਾਂ ਤੋਂ ਅਰਬਾਂ ਡਾਲਰ ਹੁਣ ਦੇਸ਼ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਉਨ੍ਹਾ ਕਿਹਾ, “ਅੱਧੀ ਰਾਤ ਹੋ ਗਈ ਹੈ!!! ਅਰਬਾਂ ਡਾਲਰਾਂ ਦੇ ਟੈਕਸ ਹੁਣ ਸੰਯੁਕਤ ਰਾਜ ਅਮਰੀਕਾ ਵਿੱਚ ਆ ਰਹੇ ਹਨ!” ਕਿਉਂਕਿ ਅਮਰੀਕਾ ਵਿੱਚ ਰਾਤ ਦੇ 12 ਵੱਜਦੇ ਹੀ 7 ਅਗਸਤ ਦੀ ਤਾਰੀਖ ਹੋ ਗਈ ਹੈ।

Share this content:

Post Comment