Loading Now

ਟਰੰਪ ਨੇ ਕੈਨੇਡਾ ਦੀ ਇਸ ਝੀਲ ਦਾ ਬਦਲਿਆ ਨਾਂ

ਟਰੰਪ ਨੇ ਕੈਨੇਡਾ ਦੀ ਇਸ ਝੀਲ ਦਾ ਬਦਲਿਆ ਨਾਂ

ਵਾਸ਼ਿੰਗਟਨ, 29 ਅਗਸਤ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨਾਲ ਇਕ ਹੋਰ ਵਿਵਾਦ ਛੇੜ ਦਿਤਾ ਹੈ। ਟਰੰਪ ਨੇ ‘ਲੇਕ ਓਨਟਾਰੀਓ’ ਦਾ ਨਾਮ ਬਦਲ ਕੇ ‘ਲੇਕ ਅਮਰੀਕਾ’ ਰੱਖਣ ਦਾ ਆਦੇਸ਼ ਜਾਰੀ ਕੀਤਾ। ਇਹ ਬਦਲਾਅ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਤਕ ਸੀਮਤ ਹੈ। ਇਸ ਦਾ ਮਤਲਬ ਹੈ ਕਿ ਕੈਨੇਡਾ, ਅੰਤਰਰਾਸ਼ਟਰੀ ਸੰਗਠਨ ਜਾਂ ਹੋਰ ਸੰਗਠਨ ਅਜੇ ਵੀ ਆਪਣੀ ਪਸੰਦ ਅਨੁਸਾਰ ਝੀਲ ਨੂੰ ‘ਲੇਕ ਓਨਟਾਰੀਓ’  ਕਹਿ ਸਕਦੇ ਹਨ। ਟਰੰਪ ਨੇ ਓਵਲ ਆਫ਼ਿਸ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਲੇਕ ਓਨਟਾਰੀਓ ਦਾ ਨਾਮ ਹੁਣ ਲੇਕ ਅਮਰੀਕਾ ਰਖਿਆ ਜਾਵੇਗਾ, ਜੋ ਤੁਰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੱੁਝ ਸਮੇਂ ਤੋਂ ਨਾਮ ਬਦਲਣ ’ਤੇ ਵਿਚਾਰ ਕਰ ਰਹੇ ਸਨ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ ਕੈਨੇਡਾ ਵਿਚਕਾਰ ਵਪਾਰਕ ਤਣਾਅ ਪਹਿਲਾਂ ਹੀ ਵਧ ਰਿਹਾ ਹੈ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਦੇ ਹੁਕਮ ਤੋਂ ਕੱੁਝ ਘੰਟਿਆਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਝੀਲ ਦਾ ਨਾਮ ਨਹੀਂ ਬਦਲੇਗਾ।

ਕਾਰਨੀ ਨੇ ਕਿਹਾ ਕਿ ਝੀਲ ਦਾ ਨਾਮ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਦੇ ਹੋਂਦ ਤੋਂ ਪਹਿਲਾਂ ਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਕਿਹਾ ਕਿ ਕੈਨੇਡੀਅਨ ਇਤਿਹਾਸ ਨੂੰ ਸਮਝਦੇ ਹਨ ਅਤੇ ਝੀਲ ਨੂੰ ‘ਲੇਕ ਓਨਟਾਰੀਓ’ ਹੀ ਕਹਿੰਦੇ ਰਹਿਣਗੇ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਵੀ ਟਰੰਪ ਦੇ ਫ਼ੈਸਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿਤਾ, ਇਹ ਕਹਿੰਦੇ ਹੋਏ ਕਿ ਨਿਊਯਾਰਕ ਇਸ ਨੂੰ ‘ਲੇਕ ਅਮਰੀਕਾ’ ਨਹੀਂ ਕਹੇਗਾ। ਗੌਰਤਲਬ  ਹੈ ਕਿ ਓਨਟਾਰੀਓ ਝੀਲ ਉੱਤਰੀ ਅਮਰੀਕਾ ਦੀਆਂ ਪੰਜ ਮਹਾਨ ਝੀਲਾਂ ਵਿਚੋਂ ਇਕ ਹੈ। ਇਸ ਦੀ ਸਤ੍ਹਾ ਦਾ ਲਗਭਗ 52 ਪ੍ਰਤੀਸ਼ਤ ਕੈਨੇਡਾ ਵਿਚ ਹੈ, ਜਦੋਂ ਕਿ ਬਾਕੀ ਅਮਰੀਕੀ ਰਾਜ ਨਿਊਯਾਰਕ ਵਿਚ ਹੈ। ਇਹੀ ਕਾਰਨ ਹੈ ਕਿ ਟਰੰਪ ਦੇ ਨਾਮ ਬਦਲਣ ਦੇ ਫ਼ੈਸਲੇ ਨੂੰ ਕੈਨੇਡਾ ਵਿਚ ਸਿਰਫ਼ ਨਾਮ ਬਦਲਣ ਤੋਂ ਵੱਧ ਸਗੋਂ ਇਕ ਭੜਕਾਹਟ ਵਜੋਂ ਦੇਖਿਆ ਜਾ ਰਿਹਾ ਹੈ। ਕਿਊਬੈਕ ਦੇ ਵੈਂਡੇਟ ਨੇਸ਼ਨ ਦੇ ਮੁਖੀ ਨੇ ਵੀ ਇਸ ਫ਼ੈਸਲੇ ਦੀ ਆਲੋਚਨਾ ਕੀਤੀ।

Share this content:

Post Comment