Loading Now

ਟਰੰਪ-ਨੇਤਨਯਾਹੂ ਨਿੱਖੜੇ

ਟਰੰਪ-ਨੇਤਨਯਾਹੂ ਨਿੱਖੜੇ

ਈਰਾਨ ‘ਤੇ ਅਮਰੀਕਾ-ਇਜ਼ਰਾਈਲ ਦੇ ਹਮਲੇ ਨੂੰ ਚੌਥਾ ਹਫ਼ਤਾ ਲੱਗ ਚੁੱਕਾ ਹੈ। ਅਮਰੀਕਾ-ਇਜ਼ਰਾਈਲ ਨੇ ਈਰਾਨ ‘ਤੇ ਹਮਲਾ ਇਹ ਬਹਾਨਾ ਬਣਾ ਕੇ ਕੀਤਾ ਕਿ ਇੱਕ ਤਾਂ ਈਰਾਨ ਪ੍ਰਮਾਣੂ ਹਥਿਆਰ ਬਣਾਉਣ ਵਿੱਚ ਲੱਗਾ ਹੋਇਆ ਹੈ ਤੇ ਦੂਜਾ, ਆਇਤਉਲ੍ਹਾ ਅਲੀ ਖਾਮਨੇਈ ਦੀ ਸਰਕਾਰ ਮਨੁੱਖੀ ਅਧਿਕਾਰਾਂ, ਖਾਸ ਤੌਰ ‘ਤੇ ਔਰਤਾਂ ਦੇ ਅਧਿਕਾਰਾਂ ਨੂੰ ਕੁਚਲਣ ਵਿੱਚ ਲੱਗੀ ਹੋਈ ਹੈ। ਸ਼ੁਰੂ ਵਿੱਚ ਇਜ਼ਰਾਈਲ ਦੀ ਬਦਨਾਮ ਖੁਫ਼ੀਆ ਏਜੰਸੀ ਮੋਸਾਦ ਨੇ ਈਰਾਨ ਅੰਦਰ ਆਪਣੇ ਹੱਥਠੋਕਿਆਂ ਰਾਹੀਂ ਸ਼ਹਿਰਾਂ ‘ਚ ਮੁਜ਼ਾਹਰੇ ਜਥੇਬੰਦ ਕਰਕੇ ਦੁਨੀਆ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਨੂੰ ਬਦਲ ਦੇਣ ਲਈ ਈਰਾਨੀ ਜਨਤਾ ਪੂਰੀ ਤਰ੍ਹਾਂ ਲਾਮਬੰਦ ਹੋ ਚੁੱਕੀ ਹੈ। ਅਮਰੀਕਾ-ਇਜ਼ਰਾਈਲ ਨੇ ਇਹ ਸੋਚਿਆ ਕਿ ਹੁਣ ਮੌਕਾ ਹੈ ਬਾਹਰੋਂ ਹਮਲਾ ਕਰਕੇ ਤੇ ਅੰਦਰਲੇ ਆਪਣੇ ਏਜੰਟਾਂ ਰਾਹੀਂ ਖਾਮਨੇਈ ਸਰਕਾਰ ਦਾ ਤਖਤਾ ਪਲਟ ਕੇ ਆਪਣੀ ਪਿਛਲੱਗੂ ਸਰਕਾਰ ਬਣਾਈ ਜਾ ਸਕਦੀ ਹੈ।

ਇਸ ਹਮਲੇ ਰਾਹੀਂ ਸ਼ੁਰੂ ਵਿੱਚ ਈਰਾਨ ਦਾ ਭਾਰੀ ਨੁਕਸਾਨ ਹੋਇਆ, ਕਿਉਂਕਿ ਈਰਾਨ ਨੂੰ ਪ੍ਰਮਾਣੂ ਹਥਿਆਰਾਂ ਦੇ ਮੁੱਦੇ ਤੇ ਗੱਲਬਾਤ ਵਿੱਚ ਉਲਝਾ ਕੇ ਅਵੇਸਲਾ ਕੀਤਾ ਹੋਇਆ ਸੀ। ਸ਼ੁਰੂਆਤ ਦੇ ਹਮਲਿਆਂ ਰਾਹੀਂ ਅਮਰੀਕਾ-ਇਜ਼ਰਾਈਲ ਨੇ ਖਾਮਨੇਈ ਤੇ ਉਸ ਦੇ ਬਹੁਤ ਸਾਰੇ ਪਰਵਾਰਕ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਤੇ ਇੱਕ ਸਕੂਲ ‘ਤੇ ਬੰਬਾਰੀ ਕਰਕੇ 160 ਤੋਂ ਵੱਧ ਸਕੂਲੀ ਬੱਚੀਆਂ ਨੂੰ ਮਾਰ ਦਿੱਤਾ। ਹਮਲਾਵਰ ਟਰੰਪ ਤੇ ਨੇਤਨਯਾਹੂ ਨੂੰ ਯਕੀਨ ਸੀ ਕਿ ਉਨ੍ਹਾਂ ਦੇ ਹਮਲਿਆਂ ਤੋਂ ਬਾਅਦ ਲੋਕ ਈਰਾਨੀ ਹਾਕਮਾਂ ਵਿਰੁੱਧ ਅੰਦਰੋਂ ਯੁੱਧ ਛੇੜ ਦੇਣਗੇ, ਪਰ ਹੋਇਆ ਉਲਟ। ਇਸ ਹਮਲੇ ਵਿਰੁੱਧ ਈਰਾਨੀ ਲੋਕ ਇੱਕਜੁੱਟ ਹੋ ਕੇ ਹਮਲਾਵਰਾਂ ਵਿਰੁੱਧ ਆਪਣੀ ਸਰਕਾਰ ਦੇ ਹੱਕ ਵਿੱਚ ਸੜਕਾਂ ‘ਤੇ ਆ ਗਏ ਤੇ ਆਪਣੇ ਦੇਸ਼ ਦੀ ਪ੍ਰਭੂਸੱਤਾ ਲਈ ਹਰ ਕੁਰਬਾਨੀ ਦੇਣ ਦੀਆਂ ਸਹੁੰਆਂ ਚੁੱਕਣ ਲੱਗ ਪਏ।

ਤਿੰਨ ਤੋਂ ਵੱਧ ਹਫ਼ਤਿਆਂ ਦੀ ਅਸਾਵੀਂ ਲੜਾਈ ਵਿੱਚ ਈਰਾਨ ਨੇ ਅਮਰੀਕਾ ਤੇ ਇਜ਼ਰਾਈਲ ਨੂੰ ਅਜਿਹਾ ਸਬਕ ਸਿਖਾਇਆ ਹੈ, ਜਿਸ ਬਾਰੇ ਕਿਸੇ ਨੇ ਕਿਆਸ ਵੀ ਨਹੀਂ ਕੀਤਾ ਸੀ। ਈਰਾਨ ‘ਤੇ ਕਬਜ਼ਾ ਕਰਨ ਆਏ ਅਮਰੀਕਾ ਦੇ ਜੰਗੀ ਬੇੜੇ ਅਬਰਾਹੀਮ ਲਿੰਕਨ ਨੂੰ ਪੂਛ ਦਬਾ ਕੇ ਭੱਜਣਾ ਪਿਆ ਸੀ। ਉਹ ਹੁਣ ਕਿੱਥੇ ਹੈ, ਸਹੀ-ਸਲਾਮਤ ਹੈ ਜਾਂ ਸਮੁੰਦਰ ‘ਚ ਸਮਾਅ ਚੁੱਕਾ ਹੈ, ਕੋਈ ਨਹੀਂ ਜਾਣਦਾ। ਅਰਬ ਦੇਸ਼ਾਂ ਵਿੱਚ ਸਥਾਪਤ ਅਮਰੀਕਾ ਦੇ 17 ਫ਼ੌਜੀ ਅੱਡੇ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਅਮਰੀਕਾ ਦੇ ਦੁਨੀਆ ਭਰ ਵਿੱਚ ਸਲਾਹੇ ਜਾਂਦੇ ਐੱਫ-35 ਜੰਗੀ ਜਹਾਜ਼ ਫੁੰਡ ਕੇ ਈਰਾਨ ਨੇ ਅਮਰੀਕਾ ਦੀ ਜੰਗੀ ਹੈਂਕੜ ਦੀ ਫੂਕ ਕੱਢ ਦਿੱਤੀ ਹੈ। ਇਸ ਜਹਾਜ਼ ਦੀ ਖਰੀਦ ਲਈ ਜਿਨ੍ਹਾਂ ਦੇਸ਼ਾਂ ਨੇ ਸਮਝੌਤੇ ਕੀਤੇ ਸਨ, ਉਹ ਤੋੜ ਰਹੇ ਹਨ।

ਇਜ਼ਰਾਈਲ ਨੂੰ ਅਮਰੀਕਾ ਵੱਲੋਂ ਮਿਜ਼ਾਈਲ ਤੇ ਡਰੋਨ ਹਮਲੇ ਰੋਕਣ ਲਈ ਦਿੱਤੀ ਗਈ ਸੁਰੱਖਿਆ ਪ੍ਰਣਾਲੀ ‘ਆਇਰਨ ਡੋਮ’ ਈਰਾਨੀ ਮਿਜ਼ਾਈਲਾਂ ਨੂੰ ਰੋਕਣ ਵਿੱਚ ਬੁਰੀ ਤਰ੍ਹਾਂ ਅਸਮਰੱਥ ਸਿੱਧ ਹੋ ਚੁੱਕੀ ਹੈ। ਤੇਲ ਅਵੀਵ ਤੋਂ ਲੈ ਕੇ ਡਿਮੋਨਾ ਵਰਗੇ ਮਹੱਤਵਪੂਰਨ ਸ਼ਹਿਰਾਂ ਨੂੰ ਈਰਾਨੀ ਮਿਜ਼ਾਈਲਾਂ ਨੇ ਖਾਕ ਵਿੱਚ ਮਿਲਾ ਕੇ ਰੱਖ ਦਿੱਤਾ ਹੈ। ਡਿਮੋਨਾ ਉਹ ਸ਼ਹਿਰ ਹੈ, ਜਿੱਥੇ ਇਜ਼ਰਾਈਲ ਆਪਣੇ ਪ੍ਰਮਾਣੂ ਹਥਿਆਰਾਂ ਦੀ ਖੋਜ ਦਾ ਕੰਮ ਕਰਦਾ ਹੈ। ਈਰਾਨ ਨੇ ਇਸ ਸ਼ਹਿਰ ਦੀ ਉਸ ਥਾਂ ਨੂੰ ਨਿਸ਼ਾਨਾ ਬਣਾਇਆ, ਜਿੱਥੇ ਇਸ ਪਲਾਂਟ ਵਿੱਚ ਕੰਮ ਕਰਦੇ ਵਿਗਿਆਨੀ ਰਹਿੰਦੇ ਸਨ। ਇਸ ਸਾਰੇ ਯੁੱਧ ਦੌਰਾਨ ਟਰੰਪ ਦੇ ਬਿਆਨ ਦੇਖੇ ਜਾਣ ਤਾਂ ਇੰਜ ਲੱਗਦਾ ਹੈ ਕਿ ਟਰੰਪ ਮਾਨਸਿਕ ਸੰਤੁਲਨ ਗੁਆ ਚੁੱਕਾ ਹੈ। ਕਦੇ ਉਸ ਨੇ ਇਹ ਕਿਹਾ ਕਿ ਅਸੀਂ ਈਰਾਨ ਦੀ ਸਾਰੀ ਨੇਵੀ ਤੇ ਹਵਾਈ ਫੌਜੀ ਤਾਕਤ ਨੂੰ ਖ਼ਤਮ ਕਰ ਦਿੱਤਾ ਹੈ ਤੇ ਈਰਾਨ ਹਾਰ ਚੁੱਕਾ ਹੈ। ਫਿਰ ਉਸ ਨੇ ਇਹ ਧਮਕੀ ਦੇ ਦਿੱਤੀ ਕਿ ਈਰਾਨ ਹਾਰਮੁਜ਼ ਜਲਡਮਰੂ ਨੂੰ 48 ਘੰਟਿਆਂ ਵਿੱਚ ਖੋਲ੍ਹੇ ਨਹੀਂ ਤਾਂ ਉਸ ਦੇ ਸਾਰੇ ਊਰਜਾ ਕੇਂਦਰਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਉਹ ਨਾਟੋ ਦੇਸ਼ਾਂ ਨੂੰ ਵੀ ਕਹਿੰਦਾ ਹੈ ਕਿ ਈਰਾਨ ਦੇ ਮੁਕਾਬਲੇ ਲਈ ਉਹ ਇਸ ਲੜਾਈ ਦਾ ਹਿੱਸਾ ਬਣਨ।

ਟਰੰਪ ਦੀ ਧਮਕੀ ਤੋਂ ਬਾਅਦ ਦੋਵੇਂ ਪਾਸਿਆਂ ਤੋਂ ਤਾਬੜਤੋੜ ਹਮਲੇ ਹੋ ਰਹੇ ਹਨ। ਈਰਾਨ ਤੇਲ ਅਵੀਵ ਨੂੰ ਨਿਸ਼ਾਨਾ ਬਣਾ ਰਿਹਾ ਹੈ ਤੇ ਇਜ਼ਰਾਈਲ ਤਹਿਰਾਨ ਨੂੰ। ਇਸ ਸਾਰੀ ਲੜਾਈ ਵਿੱਚ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਰੂਸ, ਚੀਨ ਤੇ ਉੱਤਰੀ ਕੋਰੀਆ ਸ਼ੁਰੂ ਤੋਂ ਈਰਾਨ ਦੀ ਪਿੱਠ ‘ਤੇ ਹਨ। ਉਨ੍ਹਾਂ ਦੀ ਮਦਦ ਕਾਰਨ ਹੀ ਈਰਾਨ ਜੰਗ ਦੇ ਮੈਦਾਨ ਵਿੱਚ ਅਮਰੀਕਾ ਤੇ ਇਜ਼ਰਾਈਲ ਵਰਗੇ ਧਾੜਵੀਆਂ ਦਾ ਮੁਕਾਬਲਾ ਕਰ ਰਿਹਾ ਹੈ। ਅਮਰੀਕਾ ਤੇ ਇਜ਼ਰਾਈਲ ਤੋਂ ਇਲਾਵਾ ਇਸਲਾਮ ਦੀ ਦੁਹਾਈ ਦੇਣ ਵਾਲੇ ਸਾਰੇ ਅਰਬ ਦੇਸ਼ ਅੰਦਰੋਂ ਇਸ ਜੋੜੀ ਦੇ ਨਾਲ ਖੜ੍ਹੇ ਹਨ। ਦੂਜੇ ਪਾਸੇ ਦੁਨੀਆ ਦੇ ਖੱਬੀ ਸੋਚ ਵਾਲੇ ਹਾਕਮ ਈਰਾਨ ਦੀ ਖੁੱਲ੍ਹੀ ਹਮਾਇਤ ਕਰ ਰਹੇ ਹਨ। ਸਪੇਨ ਵਿੱਚ ਸਪੈਨਿਸ਼ ਸੋਸ਼ਲਿਸਟ ਪਾਰਟੀ ਦੀ ਸਰਕਾਰ ਹੈ ਤੇ ਖੱਬੇ ਪੱਖੀ ਪੈਡਰੋ ਸਾਂਚੇਜ਼ ਪ੍ਰਧਾਨ ਮੰਤਰੀ ਹਨ। ਸਪੇਨ ਨਾਟੋ ਦਾ ਮੈਂਬਰ ਹੈ। ਉਸ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਈਰਾਨ ਉੱਤੇ ਹਮਲਾ ਗੈਰ-ਕਾਨੂੰਨੀ ਹੈ ਤੇ ਨਾਟੋ ਦੇ ਮੈਂਬਰ ਦੇ ਤੌਰ ‘ਤੇ ਉਹ ਇਸ ਦੀ ਹਮਾਇਤ ਨਹੀਂ ਕਰਨਗੇ।

ਸਪੇਨ ਵਾਂਗ ਹੀ ਸ੍ਰੀਲੰਕਾ ਨੇ ਇਸ ਜੰਗ ਦਾ ਵਿਰੋਧ ਕੀਤਾ ਹੈ। ਅਮਰੀਕਾ ਨੇ ਜਦੋਂ ਸ੍ਰੀਲੰਕਾ ਦਾ ਹਵਾਈ ਅੱਡਾ ਤੇ ਬੰਦਰਗਾਹ ਈਰਾਨ ਵਿਰੁੱਧ ਵਰਤਣ ਦੀ ਆਗਿਆ ਮੰਗੀ ਤਾਂ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ ਨੇ ਉਸ ਨੂੰ ਦੋ ਟੁੱਕ ਜਵਾਬ ਦੇ ਦਿੱਤਾ ਸੀ। ਇੱਕ ਹੋਰ ਖੱਬੇ ਪੱਖੀ ਸ਼ਾਸਨ ਵਾਲੇ ਦੇਸ਼ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਵੀ ਖੁੱਲ੍ਹ ਕੇ ਈਰਾਨ ‘ਤੇ ਅਮਰੀਕੀ-ਇਜ਼ਰਾਈਲੀ ਹਮਲੇ ਦੀ ਨਿੰਦਾ ਕੀਤੀ ਹੈ। ਦੂਜੇ ਪਾਸੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮਲੇ ਤੋਂ 36 ਘੰਟੇ ਪਹਿਲਾਂ ਇਜ਼ਰਾਈਲ ਜਾ ਕੇ ਖੁੱਲ੍ਹੇ ਤੌਰ ‘ਤੇ ਦੇਸ਼ ਦੀ ਲਗਾਤਾਰ ਚਲੀ ਆ ਰਹੀ ਵਿਦੇਸ਼ ਨੀਤੀ ਨੂੰ ਪੁੱਠਾ ਗੇੜਾ ਦੇ ਕੇ ਜੰਗ ਦੇ ਭਾਈਵਾਲ ਬਣ ਜਾਂਦੇ ਹਨ।

Share this content:

Post Comment