Loading Now

ਟਰੰਪ ਦੇ ਪਤਨ ਦਾ ਪ੍ਰਤੀਕ ਹੈ ਅਮਰੀਕੀ ਲੋਕ-ਫ਼ਤਵਾ

ਟਰੰਪ ਦੇ ਪਤਨ ਦਾ ਪ੍ਰਤੀਕ ਹੈ ਅਮਰੀਕੀ ਲੋਕ-ਫ਼ਤਵਾ

ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਦਾਰੀ ਨੂੰ ਕਰਾਰਾ ਝਟਕਾ ਲੱਗਿਆ ਹੈ। ਅਮਰੀਕੀ ਕਾਂਗਰਸ (ਪਾਰਲੀਮੈਂਟ) ਦੇ ਦੋਵਾਂ ਸਦਨਾਂ – ਸੈਨੇਟ ਤੇ ਪ੍ਰਤੀਨਿਧੀ ਸਭਾ (ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼) ਵਿਚ ਟਰੰਪ ਦੀ ਮੁਖ ਵਿਰੋਧੀ ਡੈਮੋਕਰੈਟਿਕ ਪਾਰਟੀ ਨੂੰ ਨਾ ਸਿਰਫ਼ ਪੂਰਨ ਬਹੁਮੱਤ ਹਾਸਿਲ ਹੋ ਗਿਆ ਹੈ, ਸਗੋਂ ਉਸ ਨੇ ਰਿਪਬਲਿਕਨਾਂ ਦੇ ਕਈ ਅਹਿਮ ਗੜ੍ਹ ਵੀ ਤੋੜ ਦਿਤੇ ਹਨ। ਡੈਮੋਕਰੈਟਾਂ ਦੀ ਅਜਿਹੀ ਕਾਮਯਾਬੀ ਤੋਂ ਭਾਵ ਹੈ ਕਿ ਟਰੰਪ ਦੇ ਖੰਭ ਕੁਤਰੇ ਗਏ ਹਨ; ਹੁਣ ਉਸ ਦੀਆਂ ਆਪਹੁਦਰੀਆਂ ਦੀ ਪਰਵਾਜ਼ ਬਹੁਤੀ ਉੱਚੀ ਨਹੀਂ ਜਾ ਸਕੇਗੀ। ਮੱਧਕਾਲੀ ਚੋਣਾਂ 34 ਰਾਜਾਂ ਵਿਚ ਸੈਨੇਟ ਦੀਆਂ 34 ਅਤੇ ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ ਲਈ ਹੋਈਆਂ ਸਨ। ਇਸੇ ਤਰ੍ਹਾਂ 36 ਰਾਜਾਂ ਦੀ ਗਵਰਨਰਾਂ ਦੀ ਚੋਣ ਵੀ ਮੱਧਕਾਲੀ ਚੁਣਾਵੀ ਪ੍ਰਕਿਰਿਆ ਦਾ ਹਿੱਸਾ ਸੀ। ਇਨ੍ਹਾਂ 36 ਰਾਜਾਂ ਵਿਚੋਂ 7 ਵਿਚ ਟਰੰਪ ਦੇ ਪਸੰਦੀਦਾ ਰਿਪਬਲਿਕਨ ਉਮੀਦਵਾਰ ਭਾਵੇਂ ਮੁੜ ਜੇਤੂ ਰਹੇ, ਫਿਰ ਵੀ ਰਿਪਬਲਿਕਨਾਂ ਦੇ ਸਥਾਈ ਗੜ੍ਹ ਮੰਨੇ ਜਾਂਦੇ ਦੱਖਣੀ ਰਾਜਾਂ ਵਿਚ ਵੀ ਡੈਮੋਕਰੈਟਾਂ ਨੇ ਫ਼ੈਸਲਾਕੁਨ ਜਿੱਤਾਂ ਹਾਸਿਲ ਕੀਤੀਆਂ ਹਨ। ਜ਼ਿਕਰਯੋਗ ਹੈ ਕਿ ਟਰੰਪ ਨੇ ਇਨ੍ਹਾਂ ਚੋਣਾਂ ਦੌਰਾਨ ਲੋਕ-ਫ਼ਤਵਾ ਅਪਣੀ ਸਰਕਾਰ ਦੇ ਖ਼ਿਲਾਫ਼ ਜਾਣ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਗੱਜ-ਵੱਜ ਕੇ ਚੋਣ ਪ੍ਰਚਾਰ ਕੀਤਾ ਸੀ ਅਤੇ ਵੋਟਾਂ ਉਮੀਦਵਾਰਾਂ ਦੀ ਥਾਂ ਅਪਣੇ ਰਾਸ਼ਟਰਪਤੀ-ਕਾਲ ਦੀ ਮਜ਼ਬੂਤੀ ਵਾਸਤੇ ਮੰਗੀਆਂ ਸਨ।

ਉਂਜ, ਪਿਛਲੇ ਇਕ ਹਫ਼ਤੇ ਤੋਂ ਉਸ ਨੇ ਦਬਵੀਂ ਜ਼ੁਬਾਨ ਵਿਚ ਕਬੂਲਣਾ ਵੀ ਸ਼ੁਰੂ ਕਰ ਦਿਤਾ ਸੀ ਕਿ ‘‘ਅਮਰੀਕੀ ਵੋਟਰ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ, ਅਮਰੀਕਾ ਦੇ ਰਾਸ਼ਟਰੀ ਹਿਤਾਂ ਨੂੰ ਨਹੀਂ।’’ ਵੋਟਰਾਂ ਦੇ ਅਜਿਹੇ ਰੁਖ਼ ਕਾਰਨ ਉਸ ਦੀ ਰਿਪਬਲਿਕਨ ਪਾਰਟੀ ਵਿਚ ਉਸ ਦੇ ਖ਼ਿਲਾਫ਼ ਵਿਦਰੋਹ ਵੀ ਸੁਲਗ਼ਣਾ ਸ਼ੁਰੂ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਚਾਰ ਰੈਲੀਆਂ ਰੱਦ ਕਰਨੀਆਂ ਪਈਆਂ। ਉਸ ਦੀ ਮਕਬੂਲੀਅਤ ਨੂੰ ਲੱਗੇ ਅਜਿਹੇ ਖੋਰੇ ਕਾਰਨ ਕਈ ਰਾਜਾਂ ਵਿਚ ਰਿਪਬਲਿਕਨ ਉਮੀਦਵਾਰ ਇਹ ਦੁਆਵਾਂ ਕਰਨ ਲੱਗੇ ਸਨ ਕਿ ਟਰੰਪ ਉਨ੍ਹਾਂ ਵਾਲੇ ਰਾਜਾਂ ਵਿਚ ਦੌਰੇ ਉੱਤੇ ਨਾ ਆਵੇ। ਅਜਿਹੀਆਂ ਦੁਆਵਾਂ ਅਪਣੀ ਥਾਂ ਸਹੀ ਸਨ ਕਿਉਂਕਿ ਕਾਂਗਰਸ (ਸੰਸਦ) ਵਾਂਗ 14 ਸੂਬਾਈ ਵਿਧਾਨ ਮੰਡਲਾਂ ਦੀਆਂ ਚੋਣਾਂ ਵਿਚ ਵੀ ਰਿਪਬਲਿਕਨ ਪਾਰਟੀ ਅਪਣਾ ਬਹੁਮੱਤ ਗੁਆ ਬੈਠੀ ਹੈ। ਜਿਨ੍ਹਾਂ ਗੜ੍ਹਾਂ ਵਿਚ ਰਿਪਬਲਿਕਨ ਨੂੰ ਵੋਟਰਾਂ ਦੀ ਜ਼ਬਰਦਸਤ ਨਾਖ਼ੁਸ਼ੀ ਦਾ ਸਾਹਮਣਾ ਕਰਨਾ ਪਿਆ ਹੈ, ਉਨ੍ਹਾਂ ਵਿਚ ਟੈਕਸਸ, ਕੈਨਸਾਸ, ਸਾਊਥ ਕੈਰੋਲਾਈਨਾ ਅਤੇ ਓਹਾਈਓ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਕੈਨਸਾਸ ਨੇ ਇਕ ਸਦੀ ਬਾਅਦ ਡੈਮੋਕਰੈਟਿਕ ਸੈਨੇਟਰ ਚੁਣਿਆ ਹੈ। ਟੈਕਸਸ ਵਿਚ ਡੈਮੋਕਰੈਟਾਂ ਨੇ ਨਾ ਸਿਰਫ਼ ਸੈਨੇਟ ਦੀ ਸੀਟ 12 ਵਰਿ੍ਹਆਂ ਬਾਅਦ ਜਿੱਤੀ ਸਗੋਂ ਗਵਰਨਰ ਦੀ ਚੋਣ ਵਿਚ ਲਾਤੀਨੀ ਅਮਰੀਕੀ ਮੂਲ ਦੀ ਡੈਮੋਕਰੈਟਿਕ ਉਮੀਦਵਾਰ ਦੀ ਜਿੱਤ ਸੰਭਵ ਬਣਾਈ। ਦੋ ਸਾਲ ਪਹਿਲਾਂ ਰਾਸ਼ਟਰਪਤੀ ਦੀ ਚੋਣ ਵਿਚ ਟਰੰਪ ਨੂੰ ਮਿਲੀਆਂ ਬਹੁਗਿਣਤੀ ਵੋਟਾਂ ਦੇ ਆਧਾਰ ’ਤੇ ਇਹ ਕਿਆਸ ਕਰਨਾ ਵੀ ਔਖਾ ਸੀ ਕਿ ਗੋਰੇ ਚੌਧਰਵਾਦ ਦੇ ਮੁੱਦਈ ਇਸ ਰਾਜ ਵਿਚ ਲਾਤੀਨੀ ਅਮਰੀਕੀ ਉਮੀਦਵਾਰ ਲੋਕ ਫ਼ਤਵਾ ਹਾਸਿਲ ਕਰੇਗੀ।

ਮਿਸ਼ੀਗਨ ਰਾਜ ਵਿਚ ਟਰੰਪ ਨੇ ਸੈਨੇਟ ਸੀਟ ਉੱਤੇ ਰਿਪਬਲਿਕਨ ਜਿੱਤ ਯਕੀਨੀ ਬਣਾਉਣ ਵਾਸਤੇ ਡੈਮੋਕਰੈਟਿਕ ਖੇਮੇ ਵਿਚ ਚੰਦ ਦਿਨ ਪਹਿਲਾਂ ਤਕੜੀ ਸੰਨ੍ਹ ਮਾਰੀ ਸੀ, ਪਰ ਇਹ ਸੰਨ੍ਹ ਵੀ ਉਸ ਰਾਜ ਦੇ ਵੋਟਰਾਂ ਨੂੰ ਡੈਮੋਕਰੈਟਿਕ ਉਮੀਦਵਾਰ ਜਿਤਾਉਣ ਤੋਂ ਵਰਜ ਨਾ ਸਕੀ। ਲਿਹਾਜ਼ਾ, ਅਬਦੁਲ ਅਲ-ਸੱਯਦ ਅਮਰੀਕੀ ਇਤਿਹਾਸ ਵਿਚ ਪਹਿਲਾ ਮੁਸਲਿਮ ਸੈਨੇਟਰ ਬਣ ਗਿਆ। ਸੈਨੇਟ ਤੇ ਪ੍ਰਤੀਨਿਧੀ ਸਭਾ ਵਿਚ ਡੈਮੋਕਰੈਟਾਂ ਦੇ ਸਪਸ਼ਟ ਬਹੁਮੱਤ ਤੋਂ ਭਾਵ ਹੈ ਕਿ ਟਰੰਪ ਦੀ ਚੌਧਰ ਨੂੰ ਗ੍ਰਹਿਣ ਲੱਗ ਗਿਆ ਹੈ। ਉਹ ਹੁਣ ਉਸ ਕਿਸਮ ਦੀਆਂ ਮਨਮਾਨੀਆਂ ਨਹੀਂ ਕਰ ਸਕੇਗਾ, ਜਿਹੜੀਆਂ ਪਿਛਲੇ ਦੋ ਵਰਿ੍ਹਆਂ ਤੋਂ ਉਹ ਕਰਦਾ ਆਇਆ ਹੈ। ਉਸ ਨੇ ਲੋਕ ਫ਼ਤਵਾ ਕਬੂਲਣ ਵਾਲੀ ਸੁਰ ਵਿਚ ਇਹ ਬਿਆਨ ਜ਼ਰੂਰ ਦਿਤਾ ਹੈ ਕਿ ਡੈਮੋਕਰੈਟਾਂ ਨਾਲ ਮਿਲ ਕੇ ਚੱਲਣ ਵਿਚ ਉਹ ਕੋਈ ਝਿਜਕ ਮਹਿਸੂਸ ਨਹੀਂ ਕਰੇਗਾ। ਪਰ ਨਾਲ ਹੀ ਉਸ ਨੇ ਪੇਸ਼ੀਨਗੋਈ ਕੀਤੀ ਹੈ ਕਿ ਅਗਲੇ ਦੋ ਵਰਿ੍ਹਆਂ ਦੌਰਾਨ ਲੋੜ ਪੈਣ ’ਤੇ ਵੀਟੋ ਦਾ ਹੱਕ ਵਰਤਣ ਪੱਖੋਂ ਉਹ ਪਰਹੇਜ਼ ਨਹੀਂ ਕਰੇਗਾ। ਟਰੰਪ ਨੇ ਪਹਿਲਾਂ ਟੈਰਿਫ਼ਸ ਗ਼ੈਰ-ਮੁਨਸਿਫ਼ਾਨਾ ਢੰਗ ਨਾਲ ਵਧਾ ਕੇ ਅਤੇ ਫਿਰ ਇਰਾਨ ਨਾਲ ਬੇਲੋੜਾ ਯੁੱਧ ਛੇੜ ਕੇ ਦੁਨੀਆਂ ਦੇ ਤਕਰੀਬਨ ਸਾਰੇ ਦੇਸ਼ਾਂ ਦੀ ਆਰਥਿਕਤਾ ਨੂੰ ਲੀਹ ਤੋਂ ਲਾਹੁਣ ਵਾਲਾ ਕੰਮ ਕੀਤਾ, ਪਰ ਇਸ ਅਸਥਿਰਤਾ ਦਾ ਖ਼ਮਿਆਜ਼ਾ ਅਮਰੀਕਾ ਨੂੰ ਵੀ ਪੈਟਰੋਲ-ਡੀਜ਼ਲ ਸਮੇਤ 100 ਤੋਂ ਵੱਧ ਖਪਤਕਾਰੀ ਵਸਤਾਂ ਦੀ ਮਹਿੰਗਾਈ ਦੇ ਰੂਪ ਵਿਚ ਭੁਗਤਣਾ ਪਿਆ। ਅਜਿਹੀ ਮਹਿੰਗਾਈ ਤੋਂ ਇਲਾਵਾ ਇਰਾਨ ਨਾਲ ਜੰਗ ਪ੍ਰਤੀ ਲੋਕਾਂ ਦੀ ਬੇਰੁਖ਼ੀ ਤੇ ਨਾਖ਼ੁਸ਼ੀ ਅਤੇ ਰਾਸ਼ਟਰਪਤੀ ਦੀ ਬੇਮੁਹਾਰੀ ਕਾਰਜ-ਸ਼ੈਲੀ ਵਰਗੇ ਤੱਤ ਰਿਪਬਲਿਕਨਾਂ ਪ੍ਰਤੀ ਵੋਟਰਾਂ ਦੀ ਨਾਰਾਜ਼ਗੀ ਦੇ ਮੁੱਖ ਕਾਰਨ ਸਾਬਤ ਹੋਏ।

Share this content:

Previous post

ਚਲਦਾ ਵਹੀਰ ਗੁਰਮਤਿ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਲਹਿਰ ਤਹਿਤ ਗੁਰਦੁਆਰਾ ਪਾਤਸ਼ਾਹੀ ਪਹਿਲੀ ਅੱਚਲ ਸਾਹਿਬ ਵਿਖੇ ਹੋਇਆ ਵਿਸ਼ੇਸ਼ ਗੁਰਮਤਿ ਸਮਾਗਮ

Next post

ਜਨਗਣਨਾ- 2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

Post Comment