Loading Now

ਟਰੰਪ ਦੀ ਮੁਨੀਰ ਨਾਲ ਲੰਮੀ ਗੱਲਬਾਤ

ਟਰੰਪ ਦੀ ਮੁਨੀਰ ਨਾਲ ਲੰਮੀ ਗੱਲਬਾਤ

ਇਸਲਾਮਾਬਾਦ, 21 ਅਪ੍ਰੈਲ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਪਾਕਿਸਤਾਨੀ ਆਰਮੀ ਚੀਫ ਆਸਿਮ ਮੁਨੀਰ ਨਾਲ ਗੱਲਬਾਤ ਕੀਤੀ, ਜਿਸ ਵਿੱਚ ਮੁਨੀਰ ਨੇ ਕਿਹਾ ਕਿ ਅਮਰੀਕਾ ਨੇ ਹਾਰਮੁਜ਼ ਜਲਡਮਰੂ ਦੀ ਨਾਕਾਬੰਦੀ ਖਤਮ ਨਾ ਕੀਤੀ ਤਾਂ ਈਰਾਨ ਨਾਲ ਗੱਲ ਹੋਣੀ ਮੁਸ਼ਕਲ ਹੈ। ਪਾਕਿਸਤਾਨੀ ਰੱਖਿਆ ਸੂਤਰ ਮੁਤਾਬਕ ਟਰੰਪ ਨੇ ਕਿਹਾ ਕਿ ਉਹ ਇਸ ‘ਤੇ ਵਿਚਾਰ ਕਰਨਗੇ। ਸੂਤਰ ਮੁਤਾਬਕ ਦੋਹਾਂ ਵਿਚਾਲੇ ਇਸ ਮੁੱਦੇ ‘ਤੇ ਵਿਸਥਾਰ ਵਿੱਚ ਚਰਚਾ ਹੋਈ।
ਈਰਾਨ ਨੇ ਅਮਰੀਕਾ ਵੱਲੋਂ ਉਸ ਦੇ ਜਹਾਜ਼ ਟੂਸਕਾ ਨੂੰ ਕਬਜ਼ੇ ਵਿੱਚ ਲੈਣ ‘ਤੇ ਸਖਤ ਨਾਰਾਜ਼ਗੀ ਜਤਾਈ ਹੈ ਤੇ ਇਸ ਨੂੰ ਸਮੁੰਦਰੀ ਡਾਕਾ ਕਰਾਰ ਦਿੰਦਿਆਂ ਛੇਤੀ ਹੀ ਜਵਾਬ ਦੇਣ ਦੀ ਗੱਲ ਕਹੀ ਹੈ।

ਉਧਰ, ਖਾੜੀ ਦੇ ਪ੍ਰਸਿੱਧ ਚੈਨਲ ਅਲ ਜਜ਼ੀਰਾ ਨੇ ਕਿਹਾ ਹੈ ਕਿ ਈਰਾਨ ਤੇ ਅਮਰੀਕਾ ਵਿਚਾਲੇ ਹੋਣ ਵਾਲੀ ਗੱਲਬਾਤ ਕਈ ਦਿਨ ਚੱਲ ਸਕਦੀ ਹੈ। ਕੋਸ਼ਿਸ਼ ਇਹੀ ਹੈ ਕਿ ਇੱਕ ਆਰਜ਼ੀ ਕਰਾਰ ਹੋ ਜਾਵੇ, ਤਾਂ ਕਿ ਜੰਗਬੰਦੀ ਅੱਗੇ ਵਧ ਸਕੇ ਅਤੇ ਕਰੀਬ 60 ਦਿਨ ਦਾ ਹੋਰ ਸਮਾਂ ਮਿਲ ਜਾਵੇ, ਤਾਂ ਕਿ ਸਮਝੌਤਾ ਤਿਆਰ ਹੋ ਸਕੇ। ਰੂਸ ਨੇ ਕਿਹਾ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ। ਗੱਲਬਾਤ ਨਾਲ ਹੀ ਤਣਾਅ ਘਟੇਗਾ। ਰੂਸ ਨੇ ਕਿਹਾ ਕਿ ਉਹ ਵਿਚੋਲਗਿਰੀ ਨਹੀਂ ਕਰ ਰਿਹਾ, ਪਰ ਪੁਰਅਮਨ ਹੱਲ ਵਿੱਚ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਨਾਲ ਗੱਲਬਾਤ ਵਿੱਚ ਮੱਧ-ਪੂਰਬ ‘ਚ ਜਾਰੀ ਤਣਾਅ ਦਰਮਿਆਨ ਫੌਰੀ ਤੇ ਵਿਆਪਕ ਜੰਗਬੰਦੀ ‘ਤੇ ਜ਼ੋਰ ਦਿੱਤਾ ਹੈ। ਉਨ੍ਹਾ ਕਿਹਾ ਕਿ ਖੇਤਰੀ ਵਿਵਾਦਾਂ ਦਾ ਹੱਲ ਸਿਆਸੀ ਤੇ ਕੂਟਨੀਤਕ ਮਾਧਿਅਮਾਂ ਨਾਲ ਕੱਢਿਆ ਜਾਣਾ ਚਾਹੀਦਾ ਹੈ।

Share this content:

Post Comment