Loading Now

ਟਰੰਪ ਦਾ ਨਵਾਂ ਨਿਯਮ

ਟਰੰਪ ਦਾ ਨਵਾਂ ਨਿਯਮ

ਪਿਛਲੇ ਕੁਝ ਮਹੀਨਿਆਂ ਤੋਂ ਅਮਰੀਕਾ ਦੇ ਰਾਸ਼ਟਰਪਤੀ ਆਪਣੀ ਟੈਰਿਫ ਨੀਤੀ ਕਾਰਨ ਦੁਨੀਆ ਦੇ ਕਈ ਮੁਲਕਾਂ ਲਈ ਸਿਰਦਰਦੀ ਬਣੇ ਹੋਏ ਹਨ। ਹੁਣ ਉਨ੍ਹਾਂ ਦਾ ਨਵਾਂ ਐੱਚ-1 ਬੀ ਵੀਜ਼ੇ ਲਈ ਤਿਆਰ ਕੀਤਾ ਗਿਆ ਨਵਾਂ ਨਿਯਮ ਖਾਸ ਕਰ ਕੇ ਭਾਰਤ ਲਈ ਨਵੀਆਂ ਪਰੇਸ਼ਾਨੀਆਂ ਖੜ੍ਹੀਆਂ ਕਰਨ ਵਾਲਾ ਹੈ। ਇਸ ਨਿਯਮ ਮੁਤਾਬਕ ਅਮਰੀਕੀ ਕੰਪਨੀਆਂ ਨੂੰ ਐੱਚ-1 ਬੀ ਵੀਜ਼ਾ ਰੱਖਣ ਵਾਲੇ ਮੁਲਾਜ਼ਮਾਂ ਲਈ ਹਰ ਸਾਲ ਇਕ ਲੱਖ ਡਾਲਰ ਅਦਾ ਕਰਨੇ ਪੈਣਗੇ। ਇਹ ਰਕਮ ਭਾਰਤੀ ਕਰੰਸੀ ਵਿਚ ਕਰੀਬ 88 ਲੱਖ ਰੁਪਏ ਬਣਦੀ ਹੈ। ਇਹ ਨਿਯਮ ਲਾਗੂ ਕਰ ਦਿੱਤਾ ਗਿਆ ਹੈ ਤੇ ਇਸ ਦੇ ਲਾਗੂ ਹੋਣ ਤੋਂ ਬਾਅਦ ਚਾਰੇ ਪਾਸੇ ਹੜਕੰਪ ਮਚਣ ਵਰਗੀ ਸਥਿਤੀ ਹੈ। ਅਮਰੀਕਾ ਦੇ ਆਪਣੇ ਲੋਕ ਵੀ ਇਸ ਨਵੇਂ ਨਿਯਮ ਦਾ ਵਿਰੋਧ ਕਰ ਰਹੇ ਹਨ।

ਅਮਰੀਕੀ ਕੰਪਨੀਆਂ ਨੇ ਇਸ ਵੀਜ਼ੇ ਤਹਿਤ ਦੇਸ਼ ਤੋਂ ਬਾਹਰ ਗਏ ਪੇਸ਼ੇਵਰ ਲੋਕਾਂ ਨੂੰ 24 ਘੰਟਿਆਂ ਵਿਚ ਮੁਲਕ ਵਾਪਸੀ ਕਰਨ ਦੇ ਹੁਕਮ ਦਿੱਤੇ ਹਨ। ਵੀਜ਼ਾ ਪ੍ਰੋਗਰਾਮ ਵਿਚ ਬਦਲਾਅ ਦੇ ਕਾਰਨ ਭਾਰਤੀ ਪੇਸ਼ੇਵਰ, ਜਿਹੜੇ ਛੁੱਟੀਆਂ ਲੈ ਕੇ ਅਮਰੀਕਾ ਤੋਂ ਬਾਹਰ ਜਾ ਰਹੇ ਸਨ, ਉਨ੍ਹਾਂ ਨੂੰ ਵੀ ਆਪਣੇ ਪ੍ਰੋਗਰਾਮ ਰੱਦ ਕਰਨੇ ਪਏ ਹਨ। ਹਾਲਾਂਕਿ ਇਹ ਗੱਲ ਸਪੱਸ਼ਟ ਕਰਨ ਯੋਗ ਹੈ ਕਿ ਇਹ ਇਕ ਲੱਖ ਡਾਲਰ ਦੀ ਫੀਸ ਅਦਾਇਗੀ ਨਵੀਆਂ ਅਰਜ਼ੀਆਂ ’ਤੇ ਲਾਗੂ ਕੀਤੀ ਜਾ ਰਹੀ ਹੈ। ਇਕੱਲੇ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਵੱਡੀ ਗਿਣਤੀ ਵਿਚ ਪੇਸ਼ੇਵਰ ਲੋਕ ਮਾਈਕ੍ਰੋਸਾਫਟ, ਇੰਫੋਸਿਸ, ਐੱਚਸੀਐੱਲ ਤੇ ਵਿਪਰੋ ਆਦਿ ਵੱਡੀਆਂ ਕੰਪਨੀਆਂ ਵਿਚ ਆਪਣੇ ਹੁਨਰ ਦੇ ਆਧਾਰ ’ਤੇ ਨੌਕਰੀ ਹਾਸਲ ਕਰਦੇ ਹਨ। ਮੌਜੂਦਾ ਸਮੇਂ ਵੀ ਕਈ ਭਾਰਤੀ ਇਨ੍ਹਾਂ ਕੰਪਨੀਆਂ ਵਿਚ ਸੇਵਾਵਾਂ ਨਿਭਾਅ ਰਹੇ ਹਨ। ਅਜਿਹੇ ਵਿਚ ਉਨ੍ਹਾਂ ਪੇਸ਼ੇਵਰਾਂ ਵਿਚ ਬੇਯਕੀਨੀ ਬਣਨ ਦੇ ਨਾਲ-ਨਾਲ ਅਮਰੀਕਾ ਵਿਚ ਰੁਜ਼ਗਾਰ ਦੇ ਮੌਕਿਆਂ ਨੂੰ ਹਾਸਲ ਕਰਨ ਦੀ ਤਿਆਰੀ ਵਿਚ ਲੱਗੇ ਲੋਕਾਂ ਵਿਚ ਦੁਚਿੱਤੀ ਵਾਲਾ ਮਾਹੌਲ ਹੈ। ਕਿਉਂਕਿ ਅਮਰੀਕੀ ਸਰਕਾਰ ਵੱਲੋਂ ਲਗਾਤਾਰ ਆਪਣੇ ਨਵੇਂ ਨਿਯਮਾਂ ਰਾਹੀਂ ਦੂਜੇ ਮੁਲਕਾਂ ਲਈ ਪਰੇਸ਼ਾਨੀਆਂ ਖੜ੍ਹੀਆਂ ਕੀਤੀਆਂ ਜਾ ਸਕਦੀਆਂ ਹਨ।

ਇਸ ਤੋਂ ਇਲਾਵਾ ਇਸ ਨਿਯਮ ਦੇ ਲਾਗੂ ਹੋਣ ਦੇ ਨਾਲ ਹੀ ਅਮਰੀਕਾ ਵਿਚ ਇਸ ਵੀਜ਼ੇ ਤਹਿਤ ਪੇਸ਼ੇਵਰਾਂ ਤੋਂ ਕੰਮ ਲੈਣ ਵਾਲੀਆਂ ਕੰਪਨੀਆਂ ’ਤੇ ਆਰਥਿਕ ਬੋਝ ਵਧਣਾ ਤੈਅ ਹੈ। ਅਸਲ ਵਿਚ ਐੱਚ-1 ਬੀ ਵੀਜ਼ੇ ਦੀਆਂ ਸ਼ਰਤਾਂ ਮੁਤਾਬਕ ਇਹ ਅਮਰੀਕਾ ’ਚ ਵਿਦੇਸ਼ੀ ਕਰਮਚਾਰੀਆਂ ਨੂੰ ਆਰਜ਼ੀ ਤੌਰ ’ਤੇ ਅਮਰੀਕਾ ’ਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਵੀਜ਼ੇ ਸਿਰਫ਼ ਹੁਨਰਮੰਦ ਪੇਸ਼ੇਵਰਾਂ ਨੂੰ ਹੀ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ। 90 ਦੇ ਦਹਾਕੇ ’ਚ ਅਮਰੀਕਾ ’ਚ ਕਈ ਆਈਟੀ ਅਤੇ ਸਾਫਟਵੇਅਰ ਕੰਪਨੀਆਂ ਦੀ ਸ਼ੁਰੂਆਤ ਹੋਈ ਸੀ। ਆਪਣੇ ਦੇਸ਼ ’ਚ ਇਸ ਤਰ੍ਹਾਂ ਦੇ ਪੇਸ਼ੇਵਰਾਂ ਦੀ ਕਮੀ ਦੇ ਕਾਰਨ, ਅਮਰੀਕੀ ਸਰਕਾਰ ਨੇ ਇਸ ਪੇਸ਼ੇ ਦੇ ਵਿਦੇਸ਼ੀ ਹੁਨਰਮੰਦਾਂ ਨੂੰ ਐੱਚ-1 ਬੀ ਵੀਜ਼ਾ ਪ੍ਰਦਾਨ ਕਰ ਕੇ ਅਸਥਾਈ ਸਮੇਂ ਲਈ ਨੌਕਰੀ ਦੇਣ ਦੀ ਮਨਜ਼ੂਰੀ ਦਿੱਤੀ ਹੈ। ਕਈ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਇਸ ਵੀਜ਼ੇ ਤਹਿਤ ਅਰਜ਼ੀਆਂ ਦਾਖ਼ਲ ਕਰਦੀਆਂ ਹਨ ਤੇ ਕੁਝ ਕੰਪਨੀਆਂ ਐੱਚ-1 ਬੀ ਵੀਜ਼ਾ ਸਪਾਂਸਰ ਵੀ ਕਰਦੀਆਂ ਹਨ। ਸੰਯੁਕਤ ਰਾਜ ਅਮਰੀਕਾ ਦੁਨੀਆ ਭਰ ਦੇ ਵਿਦੇਸ਼ੀ ਲੋਕਾਂ ਲਈ ਇਕ ਵਧੀਆ ਮੰਜ਼ਿਲ ਹੈ।

Share this content:

Post Comment