ਜੰਗ ਨਾਲ ਹਿਲਿਆ ਤੇਲ ਬਾਜ਼ਾਰ, ਕੱਚੇ ਤੇਲ ਦੀਆਂ ਕੀਮਤਾਂ ਇਤਿਹਾਸਕ ਉੱਚਾਈ ’ਤੇ ਪਹੁੰਚੀਆਂ
ਵਾਸ਼ਿਗਟੰਨ, 7 ਅਪ੍ਰੈਲ – 10,888 ਰੁਪਏ ਪ੍ਰਤੀ ਬੈਰਲ ਹੋਇਆ ਮੁੱਲ; ਅਮਰੀਕਾ-ਇਰਾਨ ਤਣਾਅ ਕਾਰਨ ਸਪਲਾਈ ਪ੍ਰਭਾਵਿਤ ਹੋਣ ਦਾ ਡਰ ਮੰਗਲਵਾਰ ਨੂੰ ਵਾਅਦਾ ਕਾਰੋਬਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਲਗਪਗ 3 ਫੀਸਦੀ ਵਧ ਕੇ 10,888 ਰੁਪਏ ਪ੍ਰਤੀ ਬੈਰਲ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ। ਵਿਸ਼ਵ ਪੱਧਰ ‘ਤੇ ਮਜ਼ਬੂਤ ਸੰਕੇਤਾਂ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਦੀ ਦਿੱਤੀ ਗਈ ਸਮਾਂ ਸੀਮਾ ਤੋਂ ਪਹਿਲਾਂ ਅਮਰੀਕਾ ਅਤੇ ਇਰਾਨ ਵਿਚਾਲੇ ਵਧੇ ਤਣਾਅ ਕਾਰਨ ਇਹ ਉਛਾਲ ਦੇਖਣ ਨੂੰ ਮਿਲਿਆ ਹੈ। ਮਲਟੀ ਕਮੋਡਿਟੀ ਐਕਸਚੇਂਜ ’ਤੇ ਅਪਰੈਲ ਦੀ ਡਿਲੀਵਰੀ ਵਾਲਾ ਕੱਚਾ ਤੇਲ 300 ਰੁਪਏ ਜਾਂ 2.83 ਫੀਸਦੀ ਵਧ ਕੇ 10,888 ਰੁਪਏ ਪ੍ਰਤੀ ਬੈਰਲ ਦੇ ਸਰਵਕਾਲੀ ਉੱਚ ਪੱਧਰ ‘ਤੇ ਪਹੁੰਚ ਗਿਆ। ਇਸੇ ਤਰ੍ਹਾਂ ਐੱਮ ਸੀ ਐਕਸ ‘ਤੇ ਮਈ ਦਾ ਇਕਰਾਰਨਾਮਾ ਵੀ 170 ਰੁਪਏ ਜਾਂ 1.82 ਫੀਸਦੀ ਵਧ ਕੇ 9,485 ਰੁਪਏ ਪ੍ਰਤੀ ਬੈਰਲ ਦੇ ਨਵੇਂ ਰਿਕਾਰਡ ਪੱਧਰ ‘ਤੇ ਪਹੁੰਚ ਗਿਆ। ਚੁਆਇਸ ਬਰੋਕਿੰਗ ਦੀ ਕਮੋਡਿਟੀ ਐਨਾਲਿਸਟ ਕਾਵੇਰੀ ਮੋਰੇ ਨੇ ਕਿਹਾ, “ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨੂੰ ਦਿੱਤੀ ਗਈ ਡੈੱਡਲਾਈਨ ਤੋਂ ਪਹਿਲਾਂ ਭੂ-ਰਾਜਨੀਤਿਕ ਤਣਾਅ ਵਧਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਮਜ਼ਬੂਤ ਰਹੀਆਂ, ਜਿਸ ਨਾਲ ਬਾਜ਼ਾਰ ਹੋਰਮੁਜ਼ ਜਲਮਾਰਗ ਨਾਲ ਜੁੜੀ ਹਰ ਗਤੀਵਿਧੀ ਪ੍ਰਤੀ ਬੇਹੱਦ ਸੰਵੇਦਨਸ਼ੀਲ ਬਣਿਆ ਹੋਇਆ ਹੈ।”
ਸਾਊਦੀ ਅਰਬ ਨੂੰ ਬਹਿਰੀਨ ਦੇ ਟਾਪੂ ਦੇਸ਼ ਨਾਲ ਜੋੜਨ ਵਾਲਾ ਅਹਿਮ ਪੁਲ, ‘ਕਿੰਗ ਫਾਹਦ ਕਾਜ਼ਵੇਅ’ ਇਰਾਨੀ ਹਮਲਿਆਂ ਦੇ ਖ਼ਤਰੇ ਦੇ ਮੱਦੇਨਜ਼ਰ ਮੰਗਲਵਾਰ ਸਵੇਰੇ ਬੰਦ ਕਰ ਦਿੱਤਾ ਗਿਆ ਹੈ। ਕਿੰਗ ਫਾਹਦ ਕਾਜ਼ਵੇਅ ਅਥਾਰਟੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇੱਕ ਪੋਸਟ ਰਾਹੀਂ ਇਸ ਦਾ ਐਲਾਨ ਕੀਤਾ। ਅਥਾਰਟੀ ਨੇ ਦੱਸਿਆ ਕਿ ਸਊਦੀ ਅਰਬ ਦੇ ਪੂਰਬੀ ਸੂਬੇ ਨੂੰ ਨਿਸ਼ਾਨਾ ਬਣਾਉਣ ਵਾਲੇ ਇਰਾਨੀ ਹਮਲਿਆਂ ਦੇ ਚੱਲਦਿਆਂ ਇਹਤਿਆਤ ਵਜੋਂ ਵਾਹਨਾਂ ਦੀ ਆਵਾਜਾਈ ਮੁਲਤਵੀ ਕਰ ਦਿੱਤੀ ਗਈ ਹੈ। ਇਹ 25 ਕਿਲੋਮੀਟਰ ਲੰਬਾ ਪੁਲ ਬਹਿਰੀਨ ਲਈ ਅਰਬ ਪ੍ਰਾਇਦੀਪ ਨਾਲ ਸੜਕੀ ਮਾਰਗ ਰਾਹੀਂ ਜੁੜਨ ਦਾ ਇੱਕੋ-ਇੱਕ ਸਾਧਨ ਹੈ, ਜਿੱਥੇ ਅਮਰੀਕੀ ਜਲ ਸੈਨਾ ਦਾ 5ਵਾਂ ਬੇੜਾ ਸਥਿਤ ਹੈ।
Share this content:



Post Comment