ਜਿਨ੍ਹਾਂ ਤੇ ਮਾਣ ਪੰਜਾਬੀਆਂ ਨੂੰ/ਗੁਰਮੀਤ ਸਿੰਘ ਪਲਾਹੀ
*ਸਾਰਾਗੜ੍ਹੀ ਫਾਊਂਡੇਸ਼ਨ ਅਤੇ “ਸਿੱਖਸ ਇਨ ਅਮਰੀਕਾ” ਦੇ ਚੇਅਰਮੈਨ – ਡਾ. ਗੁਰਿੰਦਰਪਾਲ ਸਿੰਘ ਜੋਸਨ ਨਿਊਯਾਰਕ
ਅਮਰੀਕਾ 1997 ਤੋਂ ਵਸਦੇ ਡਾ. ਗੁਰਿੰਦਰਪਾਲ ਸਿੰਘ ਜੋਸਨ ਨਿਊਯਾਰਕ ਨੇ ਕੁੱਝ ਇਕ ਇਹੋ ਜਿਹੇ ਪ੍ਰਾਜੈਕਟਾਂ ਉੱਤੇ ਵਿਲੱਖਣ ਕੰਮ ਕੀਤਾ ਹੈ ਜਿਸਦੀ ਮਿਸਾਲ ਲਭੱਣੀ ਔਖੀ ਹੈ। ਇਕ ਇਕੱਲੇ ਇਕਹਰੇ ਵਿਅਕਤੀ ਵਲੋਂ ਇਕ ਸੰਸਥਾ ਜਿਤਨਾ ਕੰਮ ਕਰਨ ਲਈ ਸਮਾਂ, ਧੰਨ, ਸਿਰੜ, ਮਿਹਨਤ, ਕੁਰਬਾਨੀ ਦੀ ਲੋੜ ਪੈਂਦੀ ਹੈ। ਜਿਸਨੂੰ ਡਾ. ਜੋਸਨ ਨੇ ਪੂਰੀ ਤਨਦੇਹੀ ਨਾਲ ਨਿਭਾਇਆ। ਆਪਣੀ ਭਰ ਜਵਾਨੀ ਵੇਲੇ ਸਾਰਾਗੜ੍ਹੀ ਫਾਊਂਡੇਸ਼ਨ ਦੀ ਸਥਾਪਨਾ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਉਹਨਾਂ ਇਸ ਕੰਮ ਨੂੰ ਉਥੋਂ ਆਰੰਭੀਆਂ ਜਿਥੇ ਅੰਗਰੇਜ਼ੀ ਸਰਕਾਰ ਨੇ 1901 ਵਿੱਚ ਸਾਰਾਗੜ੍ਹੀ ਸਾਕੇ ਦੀ ਯਾਦ ਵਿੱਚ ਇਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਵਾਈ ਸੀ। ਸਾਰਾਗੜ੍ਹੀ ਦੀ ਯਾਦ ਵਿੱਚ ਫਿਰੋਜ਼ਪੁਰ ਕੈਂਟ ਦੇ ਵਿੱਚ ਇਕ ਗੁਰਦੁਆਰਾ ਸਾਹਿਬ ਹੈ ਅਤੇ ਇਕ ਗੁਰਦੁਆਰਾ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਬਾਰਡਰ ਤੇ ਉਸ ਸਥਾਨ ਤੇ ਸਥਾਪਤ ਹੈ ਜਿਥੇ ਅਸਲ ਜੰਗ ਸਾਰਾਗੜ੍ਹੀ ਦੇ ਸੂਰਮਿਆਂ ਨੇ ਲੜੀ ਸੀ। ਸਾਰਾਗੜ੍ਹੀ ਦੀ ਜੰਗ ਨਾਲ ਸਬੰਧਿਤ ਉਸ ਘਟਨਾਕ੍ਰਮ ਨੂੰ ਸਾਹਮਣੇ ਲਿਆਉਣ ਲਈ ਡਾ. ਜੋਸਨ ਨੇ ਵਿਲੱਖਣ ਕਾਰਜ ਕੀਤਾ ਅਤੇ ਇਸ ਮਹਾਨ ਲੜਾਈ ਦੇ 100 ਸਾਲ ਪੂਰੇ ਹੋਣ ਤੇ 1997 ਵਿੱਚ 10 ਮਹੀਨਿਆਂ ਦੀ ਮਿਹਨਤ ਨਾਲ ਸਾਰਾਗੜ੍ਹੀ ਰੈਜੀਮੈਂਟ ਦੇ 21 ਸ਼ਹੀਦਾਂ ਵਿੱਚੋਂ 19 ਸ਼ਹੀਦਾਂ ਦੇ ਪਰਿਵਾਰਾਂ ਨੂੰ ਲੱਭ ਲਿਆ। ਇਹ ਸਾਰਾਗੜ੍ਹੀ ਰੈਜੀਮੈਂਟ ਗੰਗਾਨਗਰ (ਰਾਜਸਥਾਨ) ਵਿੱਚ ਸੀ ਜਿਹੜੀ ਕਿ ਪਹਿਲਾਂ 36 ਸਿੱਖ ਰੈਜੀਮੈਂਟ ਤੇ ਬਾਅਦ ਵਿੱਚ 4 ਸਿੱਖ ਰੈਜੀਮੈਂਟ ਵਜੋਂ ਜਾਣੀ ਜਾਣ ਲੱਗੀ ਸੀ।

ਸਾਰਾਗੜ੍ਹੀ ਦੇ 21 ਸ਼ਹੀਦਾਂ ਦੇ ਪੋਟਰੇਟ ਡਾ. ਜੋਸਨ ਨੇ ਤਿਆਰ ਕਰਵਾਏ, ਕਿਉਂਕਿ ਅਸਲ ਫੋਟੋਆਂ ਕਿਸੇ ਕੋਲ ਨਹੀਂ ਸਨ। ਉਹਨਾਂ ਦੇ ਪਰਿਵਾਰਾਂ ਵਿੱਚੋਂ ਕੁੱਝ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਨੈਨ ਨਕਸ਼ ਅਤੇ ਫੀਚਰਸ ਲੈ ਕੇ ਇਹ ਪੋਟਰੇਟ ਤਿਆਰ ਕਰਵਾਏ ਗਏ। ਅੱਜ ਇਹ ਅਸਲੀ ਪੋਰਟਰੇਟ “ਪੰਜਾਬ ਸਟੇਟ ਵਾਰ ਮਿਊਜ਼ੀਅਮ” ਅੰਮ੍ਰਿਤਸਰ ਵਿੱਚ ਰੱਖੇ ਹੋਏ ਹਨ। ਡਾ. ਜੋਸਨ ਉਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਦੁਨੀਆਂ ਭਰ ਦੇ ਵੱਖੋ-ਵੱਖਰੇ 74 ਸ਼ਹਿਰਾਂ ਵਿੱਚ ਗੈਲਰੀਆਂ ਬਣਾਈਆਂ ਗਈਆਂ ਹਨ। ਅੱਜ ਜੇਕਰ ਸਾਰਾਗੜ੍ਹੀ ਦੇ ਉਹਨਾਂ ਸਿੱਖ ਸ਼ਹੀਦਾਂ ਨੂੰ ਦੁਨੀਆਂ ਭਰ ਵਿੱਚ ਯਾਦ ਕੀਤਾ ਜਾਂਦਾ ਹੈ ਤਾਂ ਇਸ ਦਾ ਬਹੁਤਾ ਕ੍ਰੈਡਿਟ ਡਾ. ਜੋਸਨ ਨੂੰ ਜਾਂਦਾ ਹੈ। ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਿਆ ਜਾਂਦਾ ਕਿ ਸਾਰਾਗੜ੍ਹੀ ਜੰਗ 12 ਸਤੰਬਰ 1897 ਨੂੰ ਵਾਪਰੀ ਵਿਸ਼ਵ ਇਤਿਹਾਸ ਦੀ ਸਭ ਤੋਂ ਮਹਾਨ ਲੜਾਈਆਂ ਵਿੱਚੋਂ ਇੱਕ ਹੈ। ਇਸ ਵਿੱਚ 36 ਸਿੱਖ ਰੈਜੀਮੈਂਟ ਦੇ ਸਿਰਫ਼ 21 ਸਿੱਖ ਸਿਪਾਹੀਆਂ ਨੇ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ 10,000 ਤੋਂ ਵੱਧ ਅਫ਼ਗਾਨ ਕਬਾਇਲੀਆਂ ਦਾ ਸਾਹਮਣਾ ਕੀਤਾ ਅਤੇ ਆਖਰੀ ਸਾਹ ਤੱਕ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ। ਇਹ ਲੜਾਈ ਤਤਕਾਲੀ ਸਰਹੱਦੀ ਸੂਬੇ (ਹੁਣ ਪਾਕਿਸਤਾਨ) ਵਿੱਚ ਸਥਿਤ ਸਾਰਾਗੜ੍ਹੀ ਚੌਕੀ ‘ਤੇ ਹੋਈ, ਜੋ ਕਿ ਲਾਕਹਾਰਟ ਅਤੇ ਗੁਲਿਸਤਾਨ ਕਿਲ੍ਹਿਆਂ ਵਿਚਕਾਰ ਸੰਚਾਰ ਦਾ ਮੁੱਖ ਸਾਧਨ ਸੀ। ਇਹ ਜੰਗ ਲਗਭਗ 7 ਘੰਟੇ ਚੱਲੀ। ਦੁਸ਼ਮਣਾਂ ਨੇ ਘਾਹ ਨੂੰ ਅੱਗ ਲਗਾ ਕੇ ਧੂੰਏਂ ਦੀ ਆੜ ਵਿੱਚ ਕਿਲ੍ਹੇ ਦੀ ਕੰਧ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਸਿੱਖਾਂ ਨੇ ਆਪਣੀ ਦਲੇਰੀ ਨਾਲ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਜਦੋਂ ਸਾਰੇ ਸਿੱਖ ਸਿਪਾਹੀ ਸ਼ਹੀਦ ਹੋ ਗਏ ਅਤੇ ਗੋਲੀ-ਸਿੱਕਾ ਮੁੱਕ ਗਿਆ, ਤਾਂ ਸਿਗਨਲਮੈਨ ਗੁਰਮੁਖ ਸਿੰਘ ਨੇ ਸਿਗਨਲ ਬੰਦ ਕਰਨ ਤੋਂ ਪਹਿਲਾਂ ਆਪਣੇ ਉੱਚ ਅਧਿਕਾਰੀਆਂ ਨੂੰ ਆਖਰੀ ਸੰਦੇਸ਼ ਭੇਜਿਆ। ਉਨ੍ਹਾਂ ਨੇ ਆਪਣੀ ਰਾਈਫਲ ਦੀ ਬੇਨਟ (ਸੰਗੀਨ) ਨਾਲ ਕਈ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ ਅਤੇ ਅੰਤ ਵਿੱਚ ਅੱਗ ਦੀਆਂ ਲਪਟਾਂ ਵਿੱਚ ਘਿਰ ਕੇ ਸ਼ਹੀਦ ਹੋ।

ਇਨ੍ਹਾਂ 21 ਸਿੱਖਾਂ ਦੀ ਬਹਾਦਰੀ ਨੂੰ ਪੂਰੀ ਦੁਨੀਆ ਨੇ ਸਲਾਮ ਕੀਤਾ। ਯੂਨੈਸਕੋ ਨੇ ਇਸਨੂੰ ਦੁਨੀਆ ਦੇ ਅੱਠ ਸਭ ਤੋਂ ਮਹਾਨ ‘ਆਖਰੀ ਮੋਰਚਿਆਂ’ ਵਿੱਚ ਸ਼ਾਮਲ ਕੀਤਾ ਹੈ। ਬਰਿਟਿਸ਼ ਸਰਕਾਰ ਨੇ ਮਰਨ ਉਪਰੰਤ ਸਾਰੇ 21 ਸ਼ਹੀਦਾਂ ਨੂੰ ਬਹਾਦਰੀ ਦੇ ਸਭ ਤੋਂ ਵੱਡੇ ਸਨਮਾਨ ‘ਇੰਡੀਅਨ ਆਰਡਰ ਆਫ਼ ਮੈਰਿਟ’ ਨਾਲ ਸਨਮਾਨਿਤ ਕੀਤਾ ਅਤੇ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਗੁਰਦੁਆਰੇ ਬਣਾਏ।
ਜਿਵੇਂ ਪੰਜਾਬ ਦੇ ਉਡਣੇ ਸਿੱਖ ਫੌਜਾ ਸਿੰਘ ਨੇ ਇੰਗਲੈਂਡ ਵਿੱਚ ‘ਸਿੱਖਸ ਇੰਨ ਇੰਗਲੈਂਡ’ ਦੀ ਸਥਾਪਨਾ ਕੀਤੀ। ਉਸੇ ਤਰ੍ਹਾਂ ਡਾ. ਜੋਸਨ ਨੇ ਅਮਰੀਕਾ ਸਾਲ 2003 ਵਿੱਚ ‘ਸਿੱਖਸ ਇੰਨ ਅਮੇਰੀਕਾ’ ਸੰਸਥਾ ਦੀ ਸਥਾਪਨਾ ਕੀਤੀ। ਜਿਸ ਦਾ ਕੰਮ ਪੂਰੇ ਅਮਰੀਕਾ ਵਿੱਚ ਸੈਲਫ ਡਿਫੈਂਸ ਕੈਂਪ ਲਗਾਉਣਾ ਅਤੇ ਸਪੋਰਟਸ ਵਗੈਰਾ ਕਰਵਾਉਣਾ ਰਿਹਾ। ਇਸ ਸੰਸਥਾ ਵਲੋਂ ਬ੍ਰਿਟਿਸ਼ ਆਰਮੀ, ਯੂ.ਐਨ.ਓ ਨਾਲ ਰੱਲ ਕੇ ਵੱਖੋ-ਵੱਖਰੇ ਪ੍ਰਾਜੈਕਟ ਕਰਵਾਏ ਜਾਂਦੇ ਹਨ। ਡਾ. ਜੋਸਨ ਨੇ ਬਹੁਤ ਸਾਰੀਆਂ ਇਤਿਹਾਸਿਕ ਖੋਜ਼ਾਂ ਕਰਕੇ ਪੁਰਤਾਨ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆਂਦਾ ਅਤੇ ਹੁਣ ਤੱਕ ਉਹਨਾਂ ਨੇ 16 ਪੁਸਤਕਾਂ ਲਿਖਿਆਂ ਹਨ। ਉਹਨਾਂ ਦੀ ਕਹਿਣਾ ਹੈ ਕਿ ਦੁਨਿਆਂ ਭਰ ਵਿੱਚ ਗੁਰੂ ਨਾਨਕ ਦੇਵੀ ਜੀ ਨੇ ਚਾਰ ਨਹੀਂ ਪੰਜ ਉਦਾਸੀਆਂ ਕੀਤੀਆਂ ਹਨ। ਇਸ ਦੀ ਪ੍ਰੋੜਤਾ ਲਈ ਉਹ ਹਰ ਜਗ੍ਹਾ ਲੱਭ ਰਹੇ ਹਨ।
ਬਲਖ਼-ਬੁਖਾਰੇ, ਤਾਸ਼ਕੰਦ, ਸਮਰਕੰਦ, ਇਸਤਾਂਬੁਲ, ਜਿਜ਼ਾਖ ਆਦਿ ਵਿਸ਼ਵ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਪਹੁੰਚ ਕੇ ਉਹ ਕੁੱਝ ਨਵੀਂਆਂ ਇਤਿਹਾਸਿਕ ਖੋਜਾਂ ਕਰਨ ਲਈ ਤਤਪਰ ਹਨ।

-ਗੁਰਮੀਤ ਸਿੰਘ ਪਲਾਹੀ
-9815802070
Share this content:



Post Comment