Loading Now

ਜਾਤੀ-ਬੇੜੀਆਂ ਤੇ ਜਮਾਤੀ-ਸੰਘਰਸ਼/ਯਸ਼ ਪਾਲ

ਜਾਤੀ-ਬੇੜੀਆਂ ਤੇ ਜਮਾਤੀ-ਸੰਘਰਸ਼/ਯਸ਼ ਪਾਲ

ਅਸੀਂ ਮਜ਼ਦੂਰ ਹਾਂ
ਨਾ ਖੱਤਰੀ ਨਾ ਬਾਹਮਣ
ਨਾ ਬਾਣੀਏ ਨਾ ਠਾਕੁਰ
ਅਸੀਂ ਉਹ ਹਾਂ
ਜਿਨ੍ਹਾਂ ਨੇ
ਆਪਣੀਆਂ ਪਿੱਠਾਂ ‘ਤੇ
ਢੋਏ ਨੇ
ਤਮਾਮ ਜਾਤੀਆਂ ਦੇ ਤਾਜ

ਸਾਡੇ ਹੱਥਾਂ ਨੇ ਬੁਣੀਆਂ
ਰਾਜਗੱਦੀਆਂ
ਰਾਜਿਆਂ ਦੀਆਂ
ਤੇ ਉਨ੍ਹਾਂ ਹੱਥਾਂ ਨੂੰ
ਤੁਸੀਂ ਸਿੱਟ ਦਿੱਤਾ
ਝੁੱਗੀਆਂ ‘ਚ
ਅਛੂਤ ਕਹਿ ਕੇ

ਪਰ
ਕੀ ਜਾਤੀ ਸੰਘਰਸ਼
ਰਾਹ ਹੈ
ਜਮਾਤੀ-ਮੁਕਤੀ ਦਾ?
ਜਾਂ ਇਹ
ਹੈ ਦਰਾਰ
ਜਿਸ ਨਾਲ
ਟੁੱਟਦੀ ਹੈ
ਸਾਡੀ ਜਮਾਤੀ-ਏਕਤਾ
ਵਾਰ-ਵਾਰ?

ਜਦ ਕੁੱਝ ਚਿਹਰੇ
ਦਲਿਤਾਂ ਪਛੜਿਆਂ
ਦੱਬੇ-ਕੁਚਲਿਆਂ ‘ਚੋਂ ਉੱਠਕੇ
ਚੜ੍ਹ ਜਾਂਦੇ ਨੇ
ਸੱਤਾ ਦੀਆਂ ਪੌੜੀਆਂ
ਤੇ ਕਰ ਦਿੰਦੇ ਨੇ
ਨਜ਼ਰ-ਅੰਦਾਜ਼
ਉਸੇ ਝੁੱਗੀ ਦੀ ਅੱਗ ਨੂੰ
ਜਿਸ ‘ਚ ਕਦੇ ਸੜਿਆ ਸੀ
ਬਚਪਨ ਉਨ੍ਹਾਂ ਦਾ ਵੀ

ਤਾਂ ਸੁਆਲ ਉਠਦਾ ਹੈ-
ਕੀ ਇਹ
ਦਲਿਤਾਂ ਦੇ ਨੁਮਾਇੰਦੇ ਨੇ
ਜਾਂ ਇਹ ਨੇ
ਪੂੰਜੀ ਦੇ ਨਵੇਂ ਦਰਬਾਰੀ?

ਜਦ
ਉਚਾਈ ‘ਤੇ ਪਹੁੰਚੇ
ਕੁਸ਼ ਚਿਹਰੇ
ਮੂੰਹ ਮੋੜ ਲੈਂਦੇ ਨੇ
ਝੁੱਗੀ ਦੀ ਅੱਗ ਤੋਂ
ਤਾਂ’
ਇਹ ਵੀ ਸਾਫ਼ ਹੁੰਦਾ ਹੈ-
ਕਿ ਜਾਤੀ ਵੀ
ਹੁਣ ਵੰਡੀ ਹੋਈ ਹੈ
ਜਮਾਤ ਅੰਦਰ
ਤੇ ਜਮਾਤ ਦਾ ਚਿਹਰਾ
ਛੁਪਿਆ ਹੋਇਆ ਹੈ
ਹਰ ਜਾਤੀ ਅੰਦਰ

ਹਰ ਜਾਤੀ ਅੰਦਰ ਨੇ
ਭੁੱਖ ਨਾਲ ਜੂਝਦੇ
ਮਜ਼ਦੂਰ
ਕਰਜ਼ ‘ਚ ਡੁਬਦੇ
ਕਿਸਾਨ
ਟਿਕਿਆ ਹੋਇਆ ਹੈ
ਇਹ ਗਲਿਆ-ਸੜਿਆ
ਪ੍ਰਬੰਧ
ਮਜ਼ਦੂਰ ਦੀ ਹਥੇਲੀ ‘ਤੇ
ਕਿਸਾਨ ਦੀ ਪਿੱਠ ‘ਤੇ

ਉਨ੍ਹਾਂ ਲਈ
ਜਾਤੀ ਗ਼ੈਰਤ
ਕੋਈ ਝੰਡਾ ਨਹੀਂ ਹੈ

ਰੋਟੀ ਦਵਾਈ ਸਕੂਲ
ਇੱਜ਼ਤ ਜ਼ਮੀਨ
ਪਹਿਲੀ ਪੰਕਤੀ ਹੈ
ਸੰਘਰਸ਼ ਦੀ
ਜਿੱਥੇ
ਇੱਕ ਹੋ ਜਾਂਦੀ ਹੈ
ਲੜਾਈ ਦੋਵਾਂ ਦੀ
ਗ਼ੈਰਤ ਤੇ ਅਧਿਕਾਰ ਦੀ

ਜਾਤੀ-
ਇੱਕ ਜ਼ੰਜੀਰ ਹੈ
ਜੋ ਵੰਡ ਕੇ ਰਖਦੀ ਹੈ
ਆਪਸ ਵਿੱਚ
ਮਿਹਨਤਕਸ਼ਾਂ ਨੂੰ
ਤੇ ਜਮਾਤ-
ਇਹ ਸਚਾਈ ਹੈ
ਜਿਸਨੂੰ ਪੂੰਜੀ
ਹਰ ਜਾਤੀ ਅੰਦਰ
ਅਲੱਗ-ਅਲੱਗ ਰੂਪ ‘ਚ
ਪਲੋਸਦੀ ਹੈ

ਇਸ ਲਈ
ਅਸੀਂ ਕਹਿੰਦੇ ਹਾਂ:
ਨਾ ਹਰ ਸਵਰਨ ਹੈ
ਸਾਡਾ ਦੁਸ਼ਮਣ
ਨਾ ਹਰ ਦਲਿਤ ਹੈ
ਆਪਣੇ-ਆਪ ਕ੍ਰਾਂਤੀਕਾਰੀ
ਕੌਣ ਦੱਬਿਆ-ਕੁਚਲਿਆ ਹੈ-
ਇਹੋ ਹੀ ਤਹਿ ਕਰੇਗਾ
ਕੌਣ ਸਾਡਾ ਸਾਥੀ ਹੈ
ਕੌਣ ਹੈ ਪੂੰਜੀ ਦਾ ਪੁਜਾਰੀ

ਇਸ ਲਈ
ਜਦ ਕੋਈ ਕਹਿੰਦਾ ਹੈ:
“ਜਾਤੀ ਸੰਘਰਸ਼ ਅਲੱਗ ਹੈ
ਜਮਾਤੀ-ਸੰਘਰਸ਼ ਅਲੱਗ
ਤਾਂ ਸਮਝਲੋ-
ਉਹ ਫਸ ਗਿਆ ਹੈ
ਪੂੰਜੀ ਦੀ ਉਸ ਚਾਲ ‘ਚ
ਜੋ ਸਾਨੂੰ ਵੰਡ ਕੇ
ਬਚਾਉਂਦੀ ਹੈ
ਆਪਣੀ ਸੱਤਾ

ਹੁਣ ਅਸੀਂ ਸਮਝ ਗਏ ਹਾਂ-
ਕਿ ਜਾਤੀ
ਸਿਰਫ਼ ਪਹਿਚਾਨ ਨਹੀਂ
ਇੱਕ ਜ਼ੰਜੀਰ ਹੈ
ਜੋ ਸਾਨੂੰ ਰਖਦੀ ਹੈ ਦੂਰ
ਜਮਾਤੀ-ਏਕਤਾ ਤੋਂ
ਜੋ ਕਰਦੀ ਹੈ
ਚੁੱਪਚਾਪ ਰਖਵਾਲੀ
ਪੂੰਜੀ ਦੇ ਮਹਿਲਾਂ ਦੀ

ਅਸੀਂ ਜਾਣਦੇ ਹਾਂ
ਜਾਤੀ ਦੀ ਹੋਂਦ ਰਹੇਗੀ
ਤਦ ਤੱਕ
ਮਾਲਕਾਂ ਦਾ ਰਾਜ ਹੈ
ਜਦ ਤੱਕ
ਖੇਤ ਤੇ ਫੈਕਟਰੀ
ਜਾਗੀਰ ਹੈ
ਕੁੱਝ ਘਰਾਣਿਆਂ ਦੀ
ਜਦ ਤੱਕ
ਤੇ ਅਸੀਂ ਗੁਲਾਮ ਹਾਂ
ਉਨ੍ਹਾਂ ਦੇ
ਜਦ ਤੱਕ

ਇਸ ਲਈ
ਸਾਡੀ ਲੜਾਈ
ਸਿਰਫ਼
ਜਾਤੀ ਵਿਰੋਧ ਦੀ ਨਹੀਂ
ਸਗੋਂ
ਪੂੰਜੀ ਵਿਰੋਧ ਦੀ ਹੈ
ਪੂੰਜੀਵਾਦ ਨੂੰ
ਮਲੀਆਮੇਟ ਕਰਨ ਦੀ ਹੈ

ਅਸੀਂ
ਉਸ ਦਿਨ ਲਈ ਜੀਵਾਂਗੇ
ਜਦ
ਹਰ ਜਾਤੀ ਦਾ ਮਜ਼ਦੂਰ
ਹੋਵੇਗਾ ਇੱਕ ਮੋਰਚੇ ‘ਤੇ
ਮੋਢੇ ਨਾਲ ਮੋਢਾ ਜੋੜਕੇ
ਨਾ ਊਚ ਨਾ ਨੀਚ
ਬੱਸ ਮਿਹਨਤਕਸ਼!
ਬੱਸ ਕ੍ਰਾਂਤੀਕਾਰੀ!

ਅਸੀਂ
ਲਿਆਵਾਂਗੇ ਉਹ ਸੁਬ੍ਹਾ
ਜਦ
ਜਾਤੀ ਨਹੀਂ ਹੋਵੇਗੀ,
ਸਾਡੀ ਪਹਿਚਾਨ

ਤਾਂ ਆਉ ਸਾਥੀਉ
ਤੋੜੋ ਬੇੜੀਆਂ ਜਾਤੀ ਦੀਆਂ
ਮਸ਼ਾਲ ਬਣੋ
ਜਮਾਤੀ-ਮੁਕਤੀ ਦੀ!

#ਐਮ.ਕੇ. ਆਜਾਦ

ਹਿੰਦੀ ਤੋਂ ਪੰਜਾਬੀ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Post Comment