Loading Now

ਜਾਗਦੇ ਅਤੇ ਜਗਾਉਂਦੇ ਪਾਤਰਾਂ ਦਾ ਕਥਾ ਬਿਰਤਾਂਤ ਹੈ ਲਾਲ ਸਿੰਘ ਦਸੂਹਾ ਰਚਿਤ ਕਹਾਣੀ ਸੰਗ੍ਰਹਿ ‘ਯੁੱਧਵੀਰ’/ਪ੍ਰੋ. ਮਲਕੀਤ ਜੌੜਾ 

ਜਾਗਦੇ ਅਤੇ ਜਗਾਉਂਦੇ ਪਾਤਰਾਂ ਦਾ ਕਥਾ ਬਿਰਤਾਂਤ ਹੈ ਲਾਲ ਸਿੰਘ ਦਸੂਹਾ ਰਚਿਤ ਕਹਾਣੀ ਸੰਗ੍ਰਹਿ ‘ਯੁੱਧਵੀਰ’/ਪ੍ਰੋ. ਮਲਕੀਤ ਜੌੜਾ 

ਗਿਆਨ, ਵਿਗਿਆਨ, ਮਨੋਵਿਗਿਆਨ, ਸਮਾਜ ਸ਼ਾਸਤਰ, ਧਰਮ, ਰਾਜਨੀਤੀ, ਇਤਿਹਾਸ, ਮਿਥਿਹਾਸ, ਸੱਭਿਆਚਾਰ ਅਤੇ ਸਾਹਿਤ ਮਨੁੱਖ ਦੀ ਚੇਤਨਾ ਦਾ ਆਧਾਰ  ਹਨ। ਇਹਨਾਂ ਨਾਲ ਨੇੜੇ ਤੋਂ ਜੁੜਿਆ ਮਨੁੱਖ ਦੂਸਰੇ ਆਮ ਮਨੁੱਖਾਂ ਨਾਲੋਂ ਵਧੇਰੇ ਚੇਤੰਨ ਹੁੰਦਾ ਹੈ। ਚੇਤਨਾ ਦਾ ਸਬੰਧ ਮਨੁੱਖ ਦੇ ਜਿਹਨ ਦੇ ਚੁਸਤ ਅਤੇ ਤੰਦਰੁਸਤ ਹੋਣ ਨਾਲ ਵੀ ਜੁੜਿਆ ਹੋਇਆ ਹੈ। ਚੇਤੰਨ ਮਨੁੱਖ ਦੀ ਚੇਤਨਾ ਹੀ ਗੰਭੀਰ ਹੋ ਸਕਦੀ ਹੈ।  ਇਸ ਦੇ ਆਧਾਰ ਉੱਤੇ ਹੀ ਮਨੁੱਖ ਦਾ ਸਮਾਜ ਵਿੱਚ ਰੁਤਬਾ ਨਿਰਧਾਰਤ ਹੁੰਦਾ ਹੈ। ਚਿੰਤਨ ਸਵੈ- ਮੰਥਨ ਅਤੇ ਸਮੂਹ ਸੰਵਾਦ ਰਾਹੀਂ ਹੋਂਦ ਵਿੱਚ ਆਉਂਦਾ ਹੈ। ਮਨੁੱਖ ਅਤੇ ਸਮੂਹ ਦਾ ਰੁਤਬਾ ਚੇਤਨਾ ਨਾਲ ਹੀ ਬਣਦਾ ਹੈ। ਚੇਤਨਾ ਤੋਂ ਬਿਨਾਂ ਚਿੰਤਨ ਨਹੀਂ। ਚੇਤਨਾ ਹੀ ਚਿੰਤਨ ਦਾ ਦਰਜਾ ਮੁਕੱਰਰ ਕਰਦੀ ਹੈ।

‘ਯੁੱਧਵੀਰ’ ਕਹਾਣੀ ਸੰਗ੍ਰਹਿ ਦਾ ਸਿਰਜਕ ਲਾਲ ਸਿੰਘ ਦਸੂਹਾ ਹੈ। ਲਾਲ ਸਿੰਘ ਦਾ ਕਹਾਣੀ ਦੇ ਖੇਤਰ ਵਿੱਚ ਆਪਣਾ ਵਿਲੱਖਣ ਮੁਕਾਮ ਮੌਲਿਕ ਵਿਚਾਰ ਸਿਰਜਣਾ ਕਰਕੇ ਹੈ। ਜਦੋਂ ਅਸੀਂ ਯੁੱਧਵੀਰ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਨਾਲ ਪਹਿਲੀ ਪੜਤ ਦੀ ਸਾਂਝ ਬਣਾਉਂਦੇ ਹਾਂ ਤਾਂ ਮਨ ਮਸਤਕ ਵਿੱਚ ਜੋ ਵਿਚਾਰ ਦਸਤਕ ਦਿੰਦਾ ਹੈ ਉਹ ਇਹ ਹੈ ਕਿ ਕਹਾਣੀਆਂ ਜਾਗਦੇ ਅਤੇ ਜਗਾਉਂਦੇ ਪਾਤਰਾਂ ਦਾ ਕਥਾ ਬਿਰਤਾਂਤ ਹੈ।  ਭਾਵ ਚੇਤਨਾ ਤੇ ਚਿੰਤਨ ਦਾ ਪਸਾਰ ਹਨ। ਹਰ ਕਹਾਣੀ ਵਿੱਚ ਘਟਨਾ ਦੇ ਵਾਪਰਨ ਨਾਲ ਕਹਾਣੀ ਅੱਗੇ ਤੁਰਦੀ ਹੈ।  ਜਿਸ ਦਾ ਮੁੱਖ ਮਾਧਿਅਮ ਪਾਤਰ ਹੀ ਬਣਦੇ ਹਨ। ਪਾਤਰਾਂ ਰਾਹੀਂ ਪ੍ਰਗਟਾਏ ਵਿਚਾਰ ਮਨੁੱਖ ਦੀ ਚੇਤਨਾ ਦਾ ਪ੍ਰਗਟਾਵਾ ਕਰਦੇ ਹਨ।  ਕਥਾਵਾਂ ਵਿਚਲੇ ਸੰਵਾਦ ਰਾਹੀਂ ਚਿੰਤਨ ਦਾ ਜਨਮ ਹੁੰਦਾ ਹੈ। ਜੀਵਨ ਦੇ ਵਿਭਿੰਨ ਪਹਿਲੂਆਂ/ਪੱਖਾ ਉੱਤੇ ਵਿਚਾਰ ਚਰਚਾ ਜਿੱਥੇ ਪਾਤਰਾਂ ਦੇ ਆਮ ਸਮਝ ਅਤੇ ਉਹਨਾਂ ਪਹਿਲੂਆਂ ਬਾਰੇ ਜਾਣਕਾਰੀ ਦਾ ਉਭਾਰ ਹੁੰਦਾ ਹੈ। ਲਾਲ ਸਿੰਘ ਦੀ ਕਹਾਣੀ ਰਚਨਾ ਵਿੱਚ ਮੂਲ ਮਨੋਰਥ ਪਾਠਕ /ਮਨੁੱਖ ਅੰਦਰ ਚੇਤਨਾ ਪੈਦਾ ਕਰਨਾ ਹੈ। ਪੈਦਾ ਹੋ ਰਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਅਜੋਕੇ ਮਨੁੱਖ ਦਾ ਸੂਝਵਾਨ ਅਤੇ ਚੇਤੰਨ ਹੋਣਾ ਹੋਰ ਵੀ ਅਹਿਮ ਹੋ ਜਾਂਦਾ ਹੈ। ਅਜਿਹੀ ਜੀਵਨ ਸ਼ੈਲੀ ਨੂੰ ਆਪਣਾ ਬਣਾ ਕੇ ਜੀਵਨ ਨੂੰ ਸੁਖਾਵਾਂ ਅਤੇ ਅਗਾਂਹਵਧੂ ਬਣਾਉਣਾ ਯੁੱਧਵੀਰ ਵਿਚਲੀਆਂ ਕਹਾਣੀਆਂ ਦਾ ਮੁੱਖ  ਉਦੇਸ਼ ਆਖਿਆ ਜਾ ਸਕਦਾ ਹੈ।

ਸਿਰਜਿਆ ਤੇ ਮਾਣਿਆ ਜਾ ਰਿਹਾ ਸਮੁੱਚਾ ਪ੍ਰਬੰਧ ਚੇਤਨਾ ਤੇ ਚਿੰਤਨ ’ਤੇ ਹੀ ਖੜਾ ਹੈ। ਇਹਨਾਂ ਦੇ ਬਿਨ ਮਨੁੱਖੀ ਜੀਵਨ ਦੀ ਜੀਵੰਤਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ‘ਮਹਾਂਮਾਰੀ’ ਕਹਾਣੀ ਵਿੱਚ ਪਿੰਡ ਦੇ ਮੰਦਰ ਦੇ ਪਾਂਧੇ ਦੀ ਮੌਤ ਹੋਣ ਤੋਂ ਬਾਅਦ ਹੁਕਮ ਚੰਦ ਵੱਲੋਂ ਮੰਦਰ ਵਿੱਚ ਪਾਂਧੇ ਦੀ ਥਾਂ ਪੁਜਾਰੀ ਰੱਖਣ ਦੇ ਮਸਲੇ ਰਾਹੀਂ ਪਿੰਡ ਦੇ ਲੋਕਾਂ ਦੀ ਆਪਸੀ ਸਾਂਝ ਅਤੇ ਵੱਖਰੇਵੇਂ ਨੂੰ ਪੇਸ਼ ਕੀਤਾ ਹੈ। ਪਾਂਧੇ ਦੀ ਜਗ੍ਹਾ ਪੁਜਾਰੀ ਰੱਖਣ ਕਾਰਨ ਪਿੰਡ ਦੇ ਮਾਹੌਲ ਵਿੱਚ ਪੈਦਾ ਹੋਈ ਹਲਚਲ ਕਿੰਨਾ ਸਮਾਂ ਪਿੰਡ ਦੀ ਭਾਈਚਾਰਕ ਸਾਂਝ ਉੱਤੇ ਖ਼ਤਰਾ ਬਣ ਕੇ ਮੰਡਰਾਉਂਦੀ ਰਹਿੰਦੀ ਹੈ। ਆਖਰ ਕਰਮਵੀਰ ਸਿੰਘ  ਜਿਸ ਉੱਤੇ ਪੁਰਖਿਆਂ ਦੀ ਜੀਵਨ ਸ਼ੈਲੀ ਦਾ ਪ੍ਰਭਾਵ ਹੈ ਦੀ ਸਿਆਣਪ ਨਾਲ ਪਿੰਡ ਦਾ ਸਰਪੰਚ ਜਗੀਰ ਸਿੰਘ ਅੰਤਿਮ ਤੇ ਸਹੀ ਫੈਸਲਾ ਲੈਣ ਦਾ ਹੌਸਲਾ ਕਰਦਾ ਹੈ। ਪਿੰਡ ਵੱਖ-ਵੱਖ ਵਿਚਾਰਾਂ, ਆਦਤਾਂ ਵਾਲੇ ਮਨੁੱਖਾਂ ਦਾ ਸਮੂਹ ਹੋਣ ਕਰਕੇ ਅਜਿਹੇ ਹਾਲਾਤ ਪੈਦਾ ਹੋਣੇ ਆਮ ਜਿਹਾ ਵਰਤਾਰਾ ਹੈ। ਹੁਕਮ ਚੰਦ ਦੀ  ਫਿਰਕਾਪ੍ਰਸਤ ਸੋਚ ਨੂੰ ਲੈ ਕੇ ਭਵਿੱਖ ਵਿੱਚ ਪੈਦਾ ਹੋਣ ਵਾਲੇ ਹਾਲਾਤਾਂ ਦੀ ਫਿਕਰਮੰਦੀ ਵਿੱਚ ਬਿਨਾਂ ਕਿਸੇ ਲੜਾਈ-ਝਗੜੇ ਪਿੰਡ ਦੇ ਪੜੇ-ਲਿਖੇ ਚੇਤੰਨ ਨੌਜਵਾਨ ਕਰਮਜੀਤ ਸਿੰਘ ਦੀ ਦੂਰਅੰਦੇਸ਼ੀ ਕਾਰਨ ਹੁਕਮ ਚੰਦ ਦੇ ਇਸ ਸੁਝਾਅ ਅਤੇ ਅੜੀ ਨੂੰ ਨਕਾਰਦੇ ਹੋਏ ਇਕ ਤਰਾਂ ਦੇਸ਼ ਭਗਤ ਯੋਧਿਆ ਦੀ ਸੋਚ ਦੀਆਂ ਨੀਹਾਂ ਨੂੰ ਪੱਕਿਆ ਕੀਤਾ ਹੈ।

‘ਕਾਲੀ ਕਿਤਾਬ’ ਕਹਾਣੀ ਵਿੱਚ ਲਾਲ ਸਿੰਘ ਸਮੇਂ ਨਾਲ ਹੋਈ ਮਨੁੱਖ ਦੀ ਕਿਰਦਾਰਕੁਸ਼ੀ ਨੂੰ ਵਿਸ਼ਾ ਬਣਾਉਂਦੇ ਹੋਏ ਭੋਲੇ-ਭਾਲੇ ਤੇ ਸੱਚੇ-ਸੁੱਚੇ ਲੋਕਾਂ ਤੇ ਹੁੰਦੇ ਅਣਮਨੁੱਖੀ ਅਤਿਆਚਾਰ, ਮਾਨਸਿਕ ਤਸ਼ੱਦਦ ਦਾ ਸ਼ਿਕਾਰ,  ਨੈਤਿਕ ਕਦਰਾਂ ਕੀਮਤਾਂ ਦੇ ਮੁਜੱਸਮੇ ਲੋਕਾਂ ਦੇ ਨਾਲ ਵਧੀਕੀਆਂ ਅਤੇ ਵਾਪਰਦੇ ਦੁਖਾਂਤ ਨੂੰ ਕਥਾ ਬਿਰਤਾਂਤ ਦਾ ਹਿੱਸਾ ਬਣਾਇਆ ਹੈ। ਦਫਤਰੀ ਕੰਮ ਕਾਰ ਵਿੱਚ ਦਿਨੋਂ-ਦਿਨ ਵਧਦੀ ਅਨੁਸ਼ਾਸਨਹੀਨਤਾ, ਭ੍ਰਿਸ਼ਟਾਚਾਰ ਅਤੇ ਮਨਮਾਨੀਆਂ ਕਾਰਨ ਇਮਾਨਦਾਰ ਮੁਲਾਜ਼ਮਾਂ ਦੇ ਸਨਮਾਨ ਨੂੰ ਵੱਜਦੀ ਸੱਟ ਕਿਵੇਂ ਉਹਨਾਂ ਨੂੰ ਪਾਗਲਪਨ ਦਾ ਸ਼ਿਕਾਰ ਬਣਾਉਂਦੀ ਹੈ। ਉਸ ਦੀ ਹੱਸਦੀ-ਵੱਸਦੀ ਜ਼ਿੰਦਗੀ ਲਈ ਕਿਵੇਂ ਸ਼ਰਾਪ ਬਣ ਜਾਂਦੀ ਹੈ, ਨੂਰੀ ਆਪਣੇ ਇਮਾਨਦਾਰ ਪਤੀ ਵਲੋਂ ਦਫਤਰੀ ਅਫਸਰਾਂ ਵੱਲੋਂ ਜ਼ਲੀਲ ਕਰਨ ਤੇ ਆਤਮ ਹੱਤਿਆ ਕਰ ਲੈਣ ਕਾਰਨ ਆਪਣਾ ਮਾਨਸਿਕ ਸੰਤੁਲਨ ਖੋਹ ਬੈਠਦੀ ਹੈ ਜਿਸ ਦੇ ਠੀਕ ਹੋਣ ਦੀ ਉਮੀਦ ਵੀ ਮੁੱਕ ਜਾਂਦੀ ਹੈ। ਕਹਾਣੀਕਾਰ ਨੂੰ ਪੰਜਾਬ ਅੰਦਰ ਅਜਿਹੇ ਰੁਝਾਨ ਦੇਖ ਕੇ ਲੱਗਦਾ ਹੈ ਕਿ ਆਤਮ ਹੱਤਿਆ ਇਥੋਂ ਦੀ ਕਿਸੇ ਫਸਲ ਬੂਟੀ ਦਾ ਨਾਂ ਹੋਵੇ ਕਿਉਂਕਿ ਇਹ ਹੁਣ ਖੇਤਾਂ ਵਿੱਚ ਹੀ ਨਹੀਂ ਉੱਗਦੀ ਘਰਾਂ, ਹਵੇਲੀਆਂ ਵਿੱਚ ਵੀ ਉੱਗਦੀ ਹੈ। ਕਹਾਣੀਕਾਰ ਦਾ ਵਿਚਾਰ ਹੈ ਕਿ ਪੰਜਾਬ ਦੀ ਮਿੱਟੀ ਵਿਚਲੀਂ ਅਣਖ ਦੀ ਥਾਂ ਆਤਮ ਹੱਤਿਆ ਨੇ ਲੈ ਲਈ ਹੈ।

‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-1’ ਕਹਾਣੀ ਵਿੱਚ ਕਹਾਣੀਕਾਰ ਨੇ ਸੰਵਾਦ ਦੀ ਜੁਗਤ ਰਾਹੀਂ ਮੈਂ ਅਤੇ ਅਰਜਨ ਪਾਤਰਾਂ ਨੂੰ ਚੇਤੰਨ ਮਨੁੱਖਾਂ ਦੇ ਰੂਪ ਵਿੱਚ  ਚਿਤਰਿਆ ਹੈ। ਜਦੋਂ ਮੈਂ ਪਾਤਰ ਅਰਜਨ ਨੂੰ ਨਸੀਬ ਗੱਡੇ ਵਾਲੇ ਦਾ ਥੋਹ ਪਤਾ ਦੱਸਣ ਲਈ ਪੁੱਛਦਾ ਹੈ ਕਿ ਉਹ ਤੇਰਾ ਜੋਟੀਦਾਰ ਸੀ ਇਕੱਠੇ ਰੇਤ ਮਿੱਟੀ ਦੀਆਂ ਢੇਰੀਆਂ ਲਾਉਂਦੇ ਰਹੇ ਸੀ ਤਾਂ ਅਰਜਨ ਦੀ ਜੀਵਨ ਪ੍ਰਤੀ ਸੋਚ ਅਤੇ ਚੇਤੰਨਤਾ ਦਾ ਪਤਾ ਉਸ ਦੇ ਇਹਨਾਂ ਸ਼ਬਦਾਂ ਤੋਂ ਲੱਗਦਾ ਹੈ “ਢੇਰੀਆਂ ਕਿਹੜਾ ਸੁੱਖ ਨੂੰ ਲੱਗਦੀਆਂ ਸੀ ਨਾ ਲੁਆਉਂਦਾ ਤਾਂ ਸਕੂਲ ਕਿੱਦਾਂ ਜਾਂਦਾ, ਕਾਪੀਆਂ ਕਿਤਾਬਾਂ ਕਿੱਥੋਂ ਆਉਂਦੀਆਂ, ਰੁਲਦਾ ਰਹਿੰਦਾ ਵਿਹੜੇ ਵਾਲੇ ਹੋਰਨਾਂ ਵਾਂਗ।” ਅਰਜਨ ਦੇ ਪੜ ਲਿਖ ਕੇ ਸਕੂਲ ਮਾਸਟਰ ਬਣ ਜਾਣ ਪਿੱਛੇ ਦੀ ਕਹਾਣੀ ਸਿਰੜ, ਮਿਹਨਤ ਤੇ ਜੀਵਨ ਪ੍ਰਤੀ ਚੇਤਨਤਾ ਦਾ ਸਬੂਤ ਹੈ। ਅਰਜਨ ਜਿਹੇ ਚੇਤਨ ਮਨੁੱਖ ਦੀ ਜਦੋਂ ਦੂਸਰਿਆਂ ਨਾਲ ਵੱਖ-ਵੱਖ ਮਸਲਿਆਂ ਉੱਤੇ ਚਰਚਾ ਹੁੰਦੀ ਹੈ ਤਾਂ ਚਿੰਤਨ ਲਈ ਥਾਂ ਬਣ ਜਾਂਦੀ ਹੈ। ਜਿੱਥੇ ਚੇਤਨਾ ਹੈ ਉਥੇ ਹੀ ਚਿੰਤਨ ਹੈ। ਉਹ ਚਿੰਤਨ ਸਾਡੇ ਅੰਦਰ ਚਲਦਾ ਤੁਹਾਡੇ ਰਾਹੀਂ ਵਿਚਾਰਧਾਰਕ ਦਿਸ਼ਾ ਨਿਰਧਾਰਿਤ ਕਰਦਾ ਹੈ। ਚੇਤਨਾ ਮਨੁੱਖ ਦਾ ਸਮਾਜ ਵਿੱਚ ਰੁਤਬਾ ਸਤਿਕਾਰ ਨਿਸ਼ਚਿਤ ਕਰਦੀ ਹੈ। ਸਾਰੀ ਕਹਾਣੀ ਅਰਜਨ ਦੀ ਸਮਾਜਿਕ ਚੇਤਨਾ ਤੇ ਚਿੰਤਨ ਦੇ ਕਥਾ ਬਿਰਤਾਂਤ ਦੁਆਲੇ ਬੁਣੀ ਹੋਈ ਹੈ।

ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2 (ਤਾਰੀ) ਕਹਾਣੀ ਵਿੱਚ ਲੋਕਾਂ ਦੇ ਰਹਿਣ ਸਹਿਣ ਵਿੱਚ ਆਏ ਬਦਲਾਅ, ਪਿੰਡਾਂ ਤੇ ਸ਼ਹਿਰਾਂ ਦੇ ਫੈਲਾਅ ਤੋਂ ਪੈਦਾ ਹੋਏ ਹਾਲਾਤ ਕਹਾਣੀਕਾਰ ਦੇ ਚਿੰਤਨ ਦਾ ਹਿੱਸਾ ਬਣਦੇ ਹਨ। ਜਿਸ ਦੇ ਤਹਿਤ ਲੋਕਾਂ ਦੀ ਸੋਚ ਸਮਝ ਦੀਆਂ ਤੰਦਾਂ ਦਾ ਬਰੀਕਬੀਨੀ ਨਾਲ ਵਰਣਨ ਹੋਇਆ ਮਿਲਦਾ ਹੈ। ਬਦਲਾਅ ਦੇ ਪਹਿਲੂਆਂ ਵਿੱਚ ਕਹਾਣੀਕਾਰ ਸ਼ਹਿਰੀ ਵਿਕਾਸ ਲਈ ਬਣਾਏ ਜਾ ਰਹੇ ਮਾਰਗਾਂ ਦੀ ਬਲੀ ਚੜਦੇ ਕਰੋੜਾਂ ਰੁਖ ਹਰ ਚੇਤੰਨ ਮਨੁੱਖ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਅਜੋਕਾ ਮਨੁੱਖ ਕਿਹੜੇ ਰਾਹ ਪੈ ਤੁਰਿਆ ਹੈ। ਮਨੁੱਖੀ ਜੀਵਨ ਲਈ ਵਰਦਾਨ ਰੁੱਖਾਂ, ਜੰਗਲਾਂ ਨੂੰ ਉਜਾੜ ਕੇ ਆਉਣ ਵਾਲੀ ਜ਼ਿੰਦਗੀ, ਵਾਤਾਵਰਣ, ਪਸ਼ੂਆਂ-ਪੰਛੀਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਸੁੱਟ ਰਿਹਾ ਹੈ। ਮੁਲਖ ਵਿੱਚ ਪੁਰਾਤਨ ਸਮੇਂ ਤੋਂ ਆਸ਼ਰਮ, ਵਿਹਾਰਾਂ, ਸੂਫੀ ਖਾਨੇ ਆਦਿ ਥਾਵਾਂ ਬਾਲਾ ਲਈ ਸਿੱਖਿਆ, ਯੁਵਕਾਂ ਲਈ ਯੁੱਧ  ਸਿਖਲਾਈ ਅਤੇ ਬਿਰਧ ਉਮਰ ਦੇ ਪੁਰਸ਼ਾਂ ਲਈ ਸੰਨਿਆਸ ਕੇਂਦਰਾਂ ਵਜੋਂ ਕਾਰਜਸ਼ੀਲ ਹੁੰਦੇ ਸਨ। ਅੱਜ ਵਾਂਗ ਡੇਰਿਆਂ ਮਠਾਂ ਨੂੰ ਵਿਹਲੜਾ, ਭੇਖਾਧਾਰੀਆਂ ਦੀਆਂ ਠਹਿਰਗਾਹਾਂ ਪੂੰਜੀਪਤੀਆਂ ਲਈ ਪੂੰਜੀ ਕੇਂਦਰ ਜਾਂ ਪ੍ਰਸ਼ਾਸਨ ਦੇ ਹੱਥ ਠੋਕਿਆ ਵਜੋਂ ਅੰਕਿਤ ਨਹੀਂ ਸੀ ਕੀਤਾ। ਅੱਜ ਸਿੱਖਿਆ ਸੰਸਥਾਵਾਂ ਵਿਦਿਆ ਦਾ ਮੰਦਿਰ, ਸਿਹਤ ਕੇਂਦਰ ਸੇਵਾ ਦੇ ਘਰ ਨਾ ਹੋ ਕੇ ਵੱਡੇ-ਵੱਡੇ ਵਪਾਰ ਦੇ ਕੇਂਦਰ ਬਣ ਜਾਣ ਨਾਲ ਲੁੱਟ-ਖਸੁੱਟ ਦਾ ਸਾਧਨ ਬਣ ਗਏ ਹਨ।

ਕਹਾਣੀਕਾਰ ਦਾ ਵਿਚਾਰ ਹੈ ਕਿ ਸਾਡੇ ਮੁਲਕ ਦੇ ਹਰ ਖੇਤਰ ਵਿੱਚ ਲਗਾਤਾਰ ਪਸਰ ਰਹੇ ਕਾਰਪੋਰੇਟੀ ਪਸਾਰ ਮਾਤਰ ਮੁਨਾਫਾ ਨੀਤੀ ਉੱਤੇ ਟਿਕੇ ਹੋਣ ਕਰਕੇ ਮਾਨਵੀ ਕਦਰਾਂ-ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਹ ਮਨੁੱਖ ਨੂੰ ਅਤੇ ਉਸ ਦੇ ਸਰੀਰ ਨੂੰ ਇੱਕ ਵਸਤੂ ਤੋਂ ਵੱਧ ਕੁਝ ਨਹੀਂ ਸਮਝਦੇ। ‘ਸੱਥ’ਕਹਾਣੀ ਦਾ ਰਾਜਦੀਪ ਵਖਤ ਅਤੇ ਮਨੁੱਖ ਦੁਆਰਾ ਪੈਦਾ ਕੀਤੇ ਹਾਲਾਤਾਂ ਦਾ ਮਾਰਿਆ ਇਸ ਪ੍ਰਬੰਧ ਦੇ ਤਾਣੇ-ਬਾਣੇ ਦਾ ਸ਼ਿਕਾਰ ਪਰ ਸੁਚੇਤ ਪਾਤਰ ਹੈ। ਉਸਦੇ ਵਲੋਂ ਜਿੰਦਰ ਦੀ ਮੌਤ ਦਾ ਅਫਸੋਸ ਕਰਨ ਲਈ ਘਰ ਆਏ ਸਾਥੀਆਂ ਨਾਲ ਅਤੇ ਸਾਥੀਆਂ ਵੱਲੋਂ ਅਜਿਹੇ ਹਾਲਾਤਾਂ ‘ਤੇ ਕੀਤਾ ਸੰਵਾਦ ਵੱਡੇ ਸਵਾਲ ਖੜੇ ਕਰਦਾ ਹੈ। ਬੰਦੇ ਦਾ ਸਾਹਾ ਸਮੇਤ ਘਰ ਮੁੜਨਾ ਜੀਵਨ ਹੈ ਜ਼ਿੰਦਗੀ ਹੈ। ਸਾਹਾਂ ਤੋਂ ਬਿਨਾਂ ਮੁੜਨਾ ਪਲ ਭਰ ਦਾ ਹੀ ਮੁੜਨਾ ਹੁੰਦਾ ਹੈ। ‘ਸੱਥ’ ਕਹਾਣੀ ਦੀ ਇਕ ਪਾਤਰ ਕਰਤਾਰ ਕੌਰ ਵਿਛੜ ਚੁੱਕੀ ਜਿੰਦਰ ਦੀ ਸ਼ਖਸ਼ੀਅਤ ਨੂੰ ਯਾਦ ਕਰਦਿਆਂ “ਜਿੰਦਰ ਭੈਣ  ਜ਼ਿੰਦਗੀ ਪ੍ਰਤੀ ਬਹੁਤ ਚੇਤੰਨ  ਇਸਤਰੀ ਸੀ।

ਜਿਸ ਅੰਦਰ ਇਹ ਚੇਤਨਾ ਸੀ ਕਿ ਇਹ ਧਰਮ ਨਿਰਦਈ, ਜਾਂਗਲੀ ਮਨੁੱਖਾਂ ਨੂੰ ਦਇਆਵਾਨ, ਅਸੱਭਿਅਕ ਸਮੂਹਾਂ ਨੂੰ ਸੱਭਿਅਕ ਵਿਵਹਾਰ ਦੇ ਲੜ ਲਾਉਣ ਲਈ ਬਣਾਏ ਗਏ ਸਨ। ਹੋਇਆ ਇਸ ਦੇ ਉਲਟ ਮਨੁੱਖੀ ਵਹਿਸ਼ਤ ਹੁਣ ਵੀ ਜ਼ਰਾ ਕੁ ਮੌਕਾ ਮਿਲਣ ਉੱਤੇ ਖੁੱਲ ਕੇ ਖੇਡਣ ਲੱਗੀ ਸਭ ਕੁਝ ਭੁੱਲ-ਭੁਲਾ ਜਾਂਦੀ ਹੈ।(ਪੰਨਾ- 140) ਇਸ ਦੇ ਲਈ 1947 ਦੀ ਵੰਡ ਵੇਲੇ ਧਰਮ ਦੇ ਨਾਂ ਤੇ ਵਾਪਰੇ ਕਹਿਰ ਅਤੇ ਵਹਿਸ਼ੀ ਪੁਣੇ ਨੂੰ ਕਥਾ ਬਿਰਤਾਂਤ ਦਾ ਹਿੱਸਾ ਬਣਾਇਆ ਗਿਆ ਹੈ।  ਰਾਜਦੀਪ ਅਤੇ ਅਧਿਆਪਕ ਸਾਥੀ ਸਾਰੇ ਚੇਤੰਨ ਮਨੁੱਖਾਂ/ਪਾਤਰਾਂ ਦੇ ਰੂਪ ਵਿੱਚ ਸਿਰਜੇ ਗਏ ਹਨ । ਅਤੇ ਮੁਲਕ ਦੇ ਵਾਸਤਵਿਕ ਸਮਾਜਿਕ, ਰਾਜਨੀਤਿਕ, ਧਾਰਮਿਕ, ਸਭਿਆਚਾਰਕ ਪ੍ਰਬੰਧ ਉੱਤੇ ਨਿੱਠ ਕੇ ਚਰਚਾ ਕਰਦੇ ਨਵੇਂ ਚਿੰਤਨ ਨੂੰ ਜਨਮ ਦਿੰਦੇ ਹਨ, ਜੋ ਪਾਠਕ ਲਈ ਹਾਲਾਤਾਂ, ਪਿਛੋਕੜ, ਵਰਤਮਾਨ ਤੇ ਭਵਿੱਖ ‘ਤੇ ਚਾਨਣੇ ਦਾ ਸਬੱਬ ਬਣਦੇ ਹਨ। ਲਾਲ ਸਿੰਘ ਦਸੂਹਾ ਰਚਿਤ ਕਹਾਣੀ ਸੰਗ੍ਰਹਿ ਯੁੱਧਵੀਰ ਵਿਚਲੀਆਂ ਕਹਾਣੀਆਂ ਜਗਿਆਸੂ ਅਤੇ ਜਗਿਆਸਾ ਪੈਦਾ ਕਰਨ ਦੇ ਉਦੇਸ਼ ਨਾਲ ਹੋਂਦ ਵਿੱਚ ਆਈਆਂ ਹਨ। ਮੇਰੇ ਵਿਚਾਰ ਅਨੁਸਾਰ ਕਹਾਣੀਆ ਦੇ ਪਾਤਰ ਜਾਗਦੇ ਤੇ ਦੂਜਿਆਂ ਨੂੰ ਮੁਲਕ ਦੇ ਸਮੁੱਚੇ ਹਾਲਾਤਾਂ ਬਾਰੇ ਜਗਾਉਣ ਦਾ ਕਾਰਜ ਕਰਦੇ ਹਨ। ਇਥੋਂ ਹੀ ਚੇਤਨਾ ਤੇ ਚਿੰਤਨ ਦਾ ਜਨਮ ਹੁੰਦਾ ਹੈ।

ਪ੍ਰੋ-.-ਮਲਕੀਤ-ਜੋੜਾ-984x1024 ਜਾਗਦੇ ਅਤੇ ਜਗਾਉਂਦੇ ਪਾਤਰਾਂ ਦਾ ਕਥਾ ਬਿਰਤਾਂਤ ਹੈ ਲਾਲ ਸਿੰਘ ਦਸੂਹਾ ਰਚਿਤ ਕਹਾਣੀ ਸੰਗ੍ਰਹਿ ‘ਯੁੱਧਵੀਰ’/ਪ੍ਰੋ. ਮਲਕੀਤ ਜੌੜਾ 

ਪ੍ਰੋ. ਮਲਕੀਤ ਜੌੜਾ

( ਟਾਡਾਂ ) – 9872534278

Share this content:

Post Comment