ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨਾਲ ਜੁੜੀ ਵੱਡੀ ਅਪਡੇਟ
ਚੰਡੀਗੜ੍ਹ, 2 ਦਸੰਬਰ – ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦਰਮਿਆਨ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਐਨਓਸੀ ਦੇ ਮਾਮਲੇ ਵਿੱਚ ਪੱਤਰ ਭੇਜਿਆ ਗਿਆ ਹੈ। ਕਮਿਸ਼ਨ ਨੇ ਪੁਰਾਣੀ ਚਿੱਠੀ ਦਾ ਹਵਾਲਾ ਦਿੰਦੇ ਹੋਏ ਇੱਕ ਪੱਤਰ ਭੇਜਿਆ ਹੈ। ਜੇਕਰ ਕਿਸੇ ਨੂੰ ਐਨਓਸੀ ਜਾਂ ਐਨਡੀਸੀ ਨਹੀਂ ਮਿਲਦੀ ਤਾਂ ਉਹ ਸਵੈ ਘੋਸ਼ਣਾ ਪੱਤਰ ਫਾਈਲ ਕਰ ਸਕਦਾ। ਸਵੈ ਘੋਸ਼ਣਾ ਪੱਤਰ ਵਿੱਚ ਕਿਸੇ ਤਰੀਕੇ ਦਾ ਬਕਾਇਆ ਨਾ ਹੋਣਾ ਅਤੇ ਕਿਸੇ ਤਰੀਕੇ ਦਾ ਕਬਜ਼ਾ ਨਾ ਹੋਣਾ ਘੋਸ਼ਿਤ ਕੀਤਾ ਜਾਵੇ। ਆਦੇਸ਼ ਵਿੱਚ ਲਿਖਿਆ ਹੈ ਕਿ ਸਬੰਧਤ ਅਥਾਰਟੀ 24 ਘੰਟਿਆਂ ਵਿੱਚ ਇਸ ਸਵੈ ਘੋਸ਼ਣਾ ਪੱਤਰ ਦੀ ਜਾਂਚ ਕਰਵਾਏਗੀ। 24 ਘੰਟਿਆਂ ਦੀ ਜਾਂਚ ਤੋਂ ਬਾਅਦ ਉਸ ਘੋਸ਼ਣਾ ਪੱਤਰ ਨੂੰ ਸਹੀ ਮੰਨਿਆ ਜਾਵੇਗਾ। ਕਾਬਿਲੇਗੌਰ ਹੈ ਕਿ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੱਲ੍ਹ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਤਰਾਜ਼ ਜਤਾਇਆ ਸੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਸੀ ਕਾਂਗਰਸ ਦੇ ਉਮੀਦਵਾਰਾਂ ਨੂੰ ਐਨਓਸੀ ਅਤੇ ਐਨਡੀਸੀ ਨਹੀਂ ਦਿੱਤੀ ਜਾ ਰਹੀ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਚਾਰ ਦਸੰਬਰ ਨੂੰ ਤਿੰਨ ਵਜੇ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਜਾ ਸਕਦੇ ਹਨ। ਪੰਜ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ ਛੇ ਨੂੰ ਤਿੰਨ ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਇਸ ਤੋਂ ਬਾਅਦ 14 ਨੂੰ ਸਵੇਰੇ ਅੱਠ ਤੋਂ ਸ਼ਾਮ ਚਾਰ ਵਜੇ ਤੱਕ ਵੋਟਿੰਗ ਹੋਵੇਗੀ ਤੇ ਨਤੀਜਿਆਂ ਦਾ ਐਲਾਨ 17 ਦਸੰਬਰ ਨੂੰ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਵਿੱਚ 23 ਜ਼ਿਲ੍ਹਾ ਪਰਿਸ਼ਦਾਂ ਦੇ 357 ’ਚੋਂ 356 ਜ਼ੋਨਾਂ ਅਤੇ 154 ਪੰਚਾਇਤ ਸਮਿਤੀਆਂ ਦੇ 2863 ਜ਼ੋਨਾਂ ਵਿੱਚੋਂ 2862 ਜ਼ੋਨਾਂ ਦੇ ਇੱਕ-ਇੱਕ ਮੈਂਬਰ ਦੀ ਚੋਣ ਲਈ ਵੋਟਿੰਗ ਕਰਵਾਈ ਜਾ ਰਹੀ ਹੈ। ਇਨ੍ਹਾਂ ਚੋਣਾਂ ਲਈ ਸੂਬੇ ਵਿੱਚ 13,013 ਪੋਲਿੰਗ ਸਟੇਸ਼ਨਾਂ ’ਤੇ 19,181 ਪੋਲਿੰਗ ਬੂਥ ਬਣਾਏ ਗਏ ਹਨ। ਇਸ ਵਿੱਚੋਂ 915 ਪੋਲਿੰਗ ਸਟੇਸ਼ਨ ਅਤਿ-ਸੰਵੇਦਨਸ਼ੀਲ ਐਲਾਨੇ ਗਏ ਹਨ।
Share this content:



Post Comment