ਜਮਹੂਰੀ ਅਧਿਕਾਰ ਸਭਾ ਦਾ ਇਜਲਾਸ 19 ਜੁਲਾਈ ਨੂੰ
ਬਠਿੰਡਾ, 14 ਜੁਲਾਈ – ਜਮਹੂਰੀ ਅਧਿਕਾਰ ਸਭਾ ਜਿਲ੍ਹਾ ਇਕਾਈ ਬਠਿੰਡਾ ਦਾ ਅਜਲਾਸ ਟੀਚਰਜ਼ ਹੋਮ ਵਿਖੇ 19 ਜੁਲਾਈ ਨੂੰ ਸਵੇਰੇ 10 ਵਜੇ ਹੋਵੇਗਾ l ਸਭਾ ਦੇ ਸੂਬਾ ਪ੍ਰਧਾਨ ਪ੍ਰੋ.ਜਗਮੋਹਨ ਸਿੰਘ ਅਬਜ਼ਰਵਰ ਵਜੋਂ ਸ਼ਾਮਿਲ ਹੋਣਗੇ l ਸਭਾ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਕੰਮਾਂ ਦੀ ਮੁਲਅੰਕਣ/ਰਿਵਿਊ ਤੇ ਵਿਤ ਰਿਪੋਰਟਾਂ ਉਪਰ ਚਰਚਾ ਕਰਕੇ ਇਹ ਹਾਊਸ ਵਲੋਂ ਪਾਸ ਕੀਤੀਆਂ ਜਾਣਗੀਆਂ ਅਤੇ ਨਵੀਂ ਜਿਲ੍ਹਾ ਕਾਰਜਕਾਰਨੀ ਤੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ l ਉਕਤ ਜਾਣਕਾਰੀ ਦਿੰਦਿਆਂ ਜਿਲਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ,ਸਕੱਤਰ ਸੁਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾ.ਅਜੀਤਪਾਲ ਸਿੰਘ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ 10 ਦਸੰਬਰ 1948 ਦੇ ਮਨੁੱਖ ਅਧਿਕਾਰਾਂ ਦੇ ਆਲਮੀ ਐਲਾਨ ਨਾਮੇ ਨੂੰ ਅੱਜ ਸਾਮਰਾਜੀਆਂ ਤੇ ਉਹਨਾਂ ਤੇ ਹਮਾਇਤੀਆਂ ਨੇ ਲਗਭਗ ਤਿਆਗ ਦਿੱਤਾ ਹੈ। ਜਮਹੂਰੀ ਹੱਕਾਂ ਦੀ ਰਾਖੀ ਲਈ ਉਠਦੀ ਹਰ ਆਵਾਜ਼ ਨੂੰ ਉਹ ਦਬਾਉਂਦੇ ਤੇ ਕੁਚਲਦੇ ਹਨ l ਅਮਰੀਕਾ-ਇਜ਼ਰਾਇਲ ਵੱਲੋਂ ਇਰਾਨ- ਲਿਬਨਾਨ ਉੱਪਰ ਬੰਬਾਰੀ ਕਰਕੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ l ਇਜ਼ਰਾਇਲ ਵੱਲੋਂ ਗਾਜ਼ਾ ਪੱਟੀ ਵਿੱਚ ਨਸਲਕੁਸ਼ੀ/ਜ਼ੁਲਮ ਨਿਰੰਤਰ ਜਾਰੀ ਹੈ l ਯੂਕਰੇਨ-ਰੂਸ ਜੰਗ ਵਿੱਚ ਵੀ ਆਮ ਨਾਗਰਿਕਾਂ ਦੀ ਸੁਰੱਖਿਆ ਦਾਅ ਤੇ ਲੱਗੀ ਹੋਈ ਹੈ l
ਸਾਮਰਾਜੀਆਂ ਤੇ ਕਾਰਪੋਰੇਟਾਂ ਦੇ ਹਿੱਤਾਂ ਦੀ ਰਾਖੀ ਲਈ ਭਾਰਤੀ ਹਾਕਮ ਵੱਖ-ਵੱਖ ਸੂਬਿਆਂ ਦੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਐਨਆਈਏ,ਈਡੀ ਤੇ ਸੀਬੀਆਈ ਦੀ ਵਰਤੋਂ ਕਰਦੇ ਹਨ l ਯੂਏਪੀਏ ਵਰਗੇ ਕਾਲੇ ਕਾਨੂੰਨਾਂ ਤਹਿਤ ਉਮਰ ਖਾਲਿਦ ਤੇ ਸ਼ਰਜ਼ੀਲ ਇਮਾਮ ਤੋਂ ਇਲਾਵਾ ਭੀਮਾ ਕੌਰੇਗਾਉਂ ਕੇਸ ਨਾਲ ਸਬੰਧਤ ਅਨੇਕਾਂ ਬੁੱਧੀਜੀਵੀਆਂ ਨੂੰ ਲੰਮੇ ਸਮੇਂ ਤੋਂ ਨਜ਼ਰਬੰਦ ਕੀਤਾ ਹੋਇਆ ਹੈ l ਜਲ,ਜੰਗਲ ਜਮੀਨ ਦੀ ਰਾਖੀ ਲਈ ਸੰਘਰਸ਼ਸ਼ੀਲ ਆਦਿਵਾਸੀਆਂ ਨੂੰ ਉਜਾੜਿਆ ਜਾ ਰਿਹਾ ਹੈ l ਐਸਆਈਆਰ ਨਾਂ ਹੇਠ ਚਾਲੂ ਅਮਲ ਅਧੀਨ ਲੋਕਾਂ ਦੀ ਨਾਗਰਿਕਤਾ ਸਵਾਲਾਂ ਦੇ ਘੇਰੇ ਵਿੱਚ ਹੈ l ਸਨਮਾਨਜਨਕ ਤੇ ਸਿਹਤਮੰਦ ਜ਼ਿੰਦਗੀ ਤੋਂ ਇਲਾਵਾ ਵਾਤਾਵਰਨ ਦੀ ਸ਼ੁੱਧਤਾ ਵੀ ਦਾਅ ਤੇ ਲੱਗੀ ਹੋਈ ਹੈ l ਪੰਜਾਬ ਅੰਦਰ ਹੱਕ ਮੰਗਦੇ ਮਜ਼ਦੂਰਾਂ, ਕਿਸਾਨਾਂ, ਮੁਲਾਜਮਾਂ,ਦਲਿਤਾਂ,ਬੇਰੁਜ਼ਗਾਰਾਂ,ਔਰਤਾਂ ਤੇ ਪੈਨਸ਼ਨਰਾਂ ਉੱਪਰ ਅਥਰੂ ਗੈਸ ਤੇ ਲਾਠੀਚਾਰਜ ਦੀ ਬੇਦਰੇਗ ਵਰਤੋਂ ਹੋ ਰਹੀ ਹੈ। ਪੰਜਾਬ ਇੱਕ ਪੁਲਿਸ ਰਾਜ ਵਿੱਚ ਤਬਦੀਲ ਹੋ ਚੁੱਕਿਆ ਹੈ। ਅਜਿਹੀ ਹਾਲਤ ਵਿੱਚ ਜਮਹੂਰੀ ਹੱਕਾਂ ਪ੍ਰਤੀ ਵਚਨਬੱਧਤਾ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ। ਸਭਾ ਦੇ ਆਗੂਆਂ ਨੇ ਅਜਲਾਸ ਨੂੰ ਜਥੇਬੰਦੀ ਦੀ ਇੱਕ ਮਹੱਤਵਪੂਰਨ ਸਰਗਰਮੀ ਦੱਸਦਿਆਂ ਸਾਰੀ ਮੈਂਬਰਸ਼ਿਪ ਨੂੰ ਅਜਲਾਸ ਵਿੱਚ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ l
Share this content:



Post Comment