Loading Now

ਜਦੋਂ ਅਸੀਂ ਸਿਰਾਂ ‘ਤੇ ਕੱਫ਼ਨ ਬੰਨ ਕੇ ਤੁਰੇ/ਬੁੱਧ ਸਿੰਘ ਨੀਲੋਂ

ਜਦੋਂ ਅਸੀਂ ਸਿਰਾਂ ‘ਤੇ ਕੱਫ਼ਨ ਬੰਨ ਕੇ ਤੁਰੇ/ਬੁੱਧ ਸਿੰਘ ਨੀਲੋਂ

ਇਹ ਹਕੀਕਤ ਉਨ੍ਹਾਂ ਦਿਨਾਂ ਦੀ ਹੈ, ਜਦੋਂ ਪੰਜਾਬ ਸੁਸਰੀ ਵਾਂਗ ਸੁੱਤਾ ਪਿਆ ਸੀ। ਸੁੱਤਾ ਹੁਣ ਵੀ ਪਿਆ ਹੈ, ਵਕਤ ਤੇ ਲੋਕ ਭਾਂਵੇ ਬਦਲਗੇ, ਉਦੋਂ ਪੁਲਿਸ ਤੇ ਅੱਤਵਾਦੀਆਂ ਨੇ ਲੋਕਾਂ ਦੀ ਜਾਨ ਮੁੱਠੀ ਵਿਚ ਕੀਤੀ ਹੋਈ ਸੀ। ਪੰਜਾਬ ਦੀ ਜੁਆਨੀ ਨੂੰ ਬਲੀ ਦਾ ਬੱਕਰਾ ਬਣਾ ਕੇ ਨਿੱਤ ਜਿਬਾ ਕੀਤਾ ਜਾ ਰਿਹਾ ਸੀ। ਲੋਕਾਂ ਦੀ ਹਾਲਤ ਦੋ ਪੁੜਾਂ ਵਿਚਾਲੇ ਦਾਣਿਆਂ ਵਰਗੀ ਸੀ। ਮੌਤ ਦਾ ਤਾਂਡਵ ਨਾਚ ਹੋ ਰਿਹਾ ਸੀ। ਸਿਵਿਆਂ ਨੂੰ ਜਾਂਦੀਆਂ ਅਰਥੀਆਂ ਪੰਜਾਬ ਦੀ ਹੋਣੀ ਬਣ ਗਈਆਂ ਸਨ। ਪੰਜਾਬ ਭੱਠੀ ਤੇ ਬਾਲਣ ਲੋਕ ਬਣ ਗਏ ਸਨ। ਖੇਤਾਂ ਵਿੱਚ ਫਸਲਾਂ ਦੀ ਥਾਂ ਹਥਿਆਰ ਉਗਦੇ ਸਨ ਤੇ ਲਾਸ਼ਾਂ ਦਾ ਵਪਾਰ ਹੁੰਦਾ ਸੀ।

ਥਾਣਿਆਂ ਵਿੱਚ ਬੋਲੀ ਲਗਦੀ ਸੀ। ਪੁਲਸ ਮੁਕਾਬਲਿਆਂ ਦੀਆਂ ਖ਼ਬਰਾਂ ਨਾਲ ਭਿੱਜੀਆਂ ਅਖਬਾਰਾਂ ਆਉਦੀਆਂ ਸਨ। ਲੋਕ ਆਪਣਿਆਂ ਦੇ ਨਾਂ ਭਾਲਦੇ ਬੌਰੇ ਹੋਏ ਫਿਰ ਰਹੇ ਸਨ। ਸਿਵਿਆਂ ਵਿੱਚ ਸੜਦੀਆਂ ਲਾਸ਼ਾਂ ਨੂੰ ਆਪਣੇ ਹੀ ਘਰਾਂ ਦੇ ਸਿਰਨਾਵੇਂ ਭੁੱਲ ਗਏ ਸਨ। ਹੱਸਦੇ ਵਸਦੇ ਘਰਾਂ ਦੇ ਜਾਏ ਲਾਵਾਰਿਸ ਲਾਸ਼ਾਂ ਬਣ ਗਏ ਸਨ। ਦੋਵੇਂ ਪਾਸੇ ਮਾਰਨ ਵਾਲਿਆਂ ਦੀਆਂ ਤਰੱਕੀਆਂ ਹੁੰਦੀਆਂ ਸਨ। ਲੋਕ ਆਪਣੀਆਂ ਜਾਨਾਂ ਬਚਾਉਦੇ ਕਮਲੇ ਹੋਏ ਅੱਕ ਫਲਾਹੀ ਹੱਥ ਮਾਰਦੇ ਮੁਹਾਜਰ ਬਣ ਸੁਰੱਖਿਅਤ ਪਨਾਹਾਂ ਭਾਲਦੇ ਫਿਰਦੇ ਸਨ। ਹੱਸਦੇ ਗਾਉਦੇ ਪੰਜਾਬ ਨੂੰ ਨਜ਼ਰ ਲੱਗ ਗਈ ਸੀ।

ਕਾਬਲ ਕੰਧਾਰ ਤੱਕ ਰਾਜ ਕਰ ਵਾਲਾ ਪੰਜਾਬ ਮਜਬੂਰ, ਲਾਚਾਰ ਤੇ ਏਨਾ ਬੇਵੱਸ ਕਿਉਂ ਹੋ ਗਿਆ ਸੀ? ਇਸ ਦਾ ਅਜੇ ਤੱਕ ਕਿਸੇ ਨੇ ਵਿਸ਼ਲੇਸ਼ਣ ਨਹੀਂ ਕੀਤਾ। ਉਸ ਨੂੰ ਆਪਣਾ ਇਤਿਹਾਸ ਭੁੱਲ ਗਿਆ ਸੀ ਜਾਂ ਫਿਰ ਉਸ ਨੂੰ ਇਤਿਹਾਸ ਭੁੱਲ ਜਾਣ ਲਈ ਪ੍ਰੇਰਿਆ ਜਾ ਰਿਹਾ ਸੀ? ਇਹ ਸਵਾਲ ਅਜੇ ਵੀ ਅਣਸੁਲਝੇ ਪਏ ਹਨ। ਸਮਾਜ ਦੇ ਸਾਸ਼ਤਰ-ਅਚਾਰੀਆ ਚੁੱਪ ਸਨ। ਸਵਾ ਲੱਖ ਨਾਲ ਲੜਣ ਵਾਲਾ ਮਾਦਾ ਕਿਧਰੇ ਗੁਆਚ ਗਿਆ ਸੀ? ਇਹ ਸਵਾਲ ਸਮੁੰਦਰ ਦੀਆਂ ਲਹਿਰਾਂ ਵਾਂਗ ਮਨਾਂ ਵਿਚ ਉਠਦੇ ਤੇ ਮਨਾਂ ਵਿਚ ਹੀ ਗੁਆਚ ਰਹੇ ਸਨ। ‘ਆਪਾਂ ਕੀ ਲੈਣਾ ‘ ਦੀ ਵਿਚਾਰਧਾਰਾ ਦਾ ਲੋਕਾਂ ਦੇ ਮਨਾਂ ਵਿਚ ਭਰਤ ਪੈ ਗਿਆ ਸੀ। ਹਾਂ ਕੁੱਝ ਕੁ ਸਨ ਜਿਹੜੇ ਜੰਗ ਲੜਦੇ ਮਰ ਸਨ ਪਰ ਉਹ ਜੰਗ ਕਿਸ ਲਈ ਲੜ ਰਹੇ ਸਨ? ਇਹ ਵੀ ਸਵਾਲ ਅਜੇ ਅਣਸੁਲਝਿਆ ਪਿਆ ਹੈ। ਅਜੇ ਕਈ ‘ਹਰਿਓ ਬੂਟ’ ਜਿਉਦੇ ਜਾਗਦੇ ਸਨ, ਜਿਹੜੇ ਪੰਜਾਬ ਦੀ ਸੁਖ ਮੰਗਦੇ ਸਨ।

ਜੰਮਣਾ ਮਰਨਾ ਕੁਦਰਤ ਦੇ ਵੱਸ ਹੈ ਪਰ ਮੌਤ ਦੇ ਬੂਹੇ ‘ਤੇ ਖੁਦ ਜਾਣਾ ਪੰਜਾਬੀਆਂ ਨੂੰ ਵਿਰਸੇ ਵਿਚੋਂ ਮਿਲਿਆ ਹੈ। ਚਾਂਦਨੀ ਚੌਂਕ ਦਾ ਸਾਕਾ, ਤੱਤੀ ਤਵੀ ਤੇ ਪੋਹ ਦੀਆਂ ਸ਼ਹਾਦਤਾਂ, ਉਨ੍ਹਾਂ ਨੂੰ ਯਾਦ ਸੀ, ਜਿਹੜੇ ਸ਼ਬਦ ਗੁਰੂ ਨਾਲ ਧੁਰ ਤੋ ਜੁੜੇ ਹੋਏ ਹਨ। ਜਿਹੜੇ ਪੰਜਾਬ ਵਿਚ ਸ਼ਬਦ ਸੱਭਿਆਚਾਰ ਪੈਦਾ ਕਰਨ ਲਈ ਸ਼ਬਦ, ਸੰਗੀਤ ਤੇ ਸੁਰ ਤਾਲ ਦਾ ਬੀਜ ਲੈ ਕੇ ਤੁਰੇ ਸਨ। ਇਸ ਮਕਤਲ ਤੱਕ ਜਾਣ ਦੀ ਪ੍ਰਥਾ ਨੂੰ ਅੱਗੇ ਤੋਰਨ ਵਾਲਿਆਂ ਵਿਚ ਸ਼ਬਦ ਗੁਰੂ ਤੋਂ ਲੈ ਕੇ ਹੁਣ ਤੱਕ ਦੇ ਯੋਧਿਆਂ ਦੀ ਲੰਮੀ ਕਤਾਰ ਹੈ। ਮਰਨ ਵਾਲਿਆਂ ਵਿਚ ਇਹ ਫਰਕ ਹੈ ਕਿ ਉਹਨਾਂ ਸ਼ਹਾਦਤ ਕਿਸ ਕਾਜ ਲਈ ਦਿੱਤੀ ਹੈ ? ਪਰ ਜਦੋਂ ਤੁਹਾਨੂੰ ਪਤਾ ਹੋਵੇ ਕਿ ਤੁਹਾਡਾ ਮਕਸਦ ਨਿੱਜੀ ਨਹੀਂ ਕੌਮੀ ਹੈ। ਲੋਕ ਹਿੱਤਾਂ ਲਈ ਹੈ ਤਾਂ ਉਦੋਂ ਮੌਤ ਵੀ ਪਾਸਾ ਵੱਟ ਕੇ ਲੰਘ ਜਾਂਦੀ ਹੈ। ਉਦੋਂ ਕਈ ਵਾਰ ਮੌਤ ਪਾਸਾ ਵੱਟ ਕੇ ਲੰਘਦੀ ਰਹੀ, ਇਸ ਨੂੰ ਕੀ ਸਮਝਿਆ ਜਾਵੇ? ਇਹ ਤਾਂ ਮਨੋਵਿਗਿਆਨੀ ਹੀ ਦੱਸ ਸਕਦੇ ਹਨ।

ਦਹਿਸ਼ਤ ਦੇ ਦਿਨਾਂ ਵਿਚ, ਬੰਦੂਕਾਂ ਦੇ ਸਾਏ ਹੇਠ ਬਾਲਪ੍ਰੀਤ ਮਿਲਣੀ ਕਾਫ਼ਲਾ ਪੂਰੇ ਪੰਜ ਸਾਲ ਪੰਜਾਬ ਦੇ ਵਿਚ ਚਾਨਣ ਦਾ ਛਿੱਟਾ ਦੇਂਦਾ ਰਿਹਾ। ਸ਼ਬਦ ਤੇ ਸੰਗੀਤ ਦੇ ਰਾਹੀ ਆਪਣੇ ਵਿਰਸੋ ਤੇ ਵਿਰਾਸਤ ਦੀ ਯਾਦ ਦਿਵਾਉਂਦਾ ਰਿਹਾ ਹੈ। ਬੰਦੂਕਾਂ ਵਾਲਿਆਂ ਦੇ ਗੜੁ ਵਿਚ ਵੀ ਇਹ ਮੁਹੱਬਤ ਦਾ ਤੇ ਮਨੁੱਖਤਾ ਦਾ ਹੋਕਾ ਦੇਂਦਾ ਰਿਹਾ ਹੈ।
ਕਾਫਲਾ ਪਹਿਲਾਂ ਪੰਜਾਬ ਦੇ ਹਰ ਜਿਲਾ ਮੁਕਾਮ ‘ਤੇ ਫਿਰ ਇਕ ਇਕ ਜਿਲ੍ਹੇ ਵਿਚ ਗਿਆ। ਜੂਨ 1990 ਵਿਚ ਇਸ ਕਾਫਲੇ ਨੇ ਆਪਣਾ ਪਹਿਲਾ ਕਦਮ ਪ੍ਰੀਤ ਨਗਰ, ਜਿਲਾ ਅੰਮ੍ਰਿਤਸਰ ਪ੍ਰੀਤਾਂ ਦੇ ਪਹਿਰੇਦਾਰ ਦੀ ਧਰਤੀ ਤੋਂ ਚੁੱਕਣਾ ਸੀ। ਪੰਜਾਬ ਦੀ ਜੁਆਨੀ ਹੱਥਾਂ ਵਿਚ ਹਥਿਆਰ ਲਈ ਮੌਤਾਂ ਵੰਡ ਰਹੀ ਸੀ। ਧਮਕੀਆਂ ਭਰੇ ਖਤ ਤੇ ਫੋਨ ਸਾਹ ਸੁਕਾ ਰਹੇ ਸਨ। ਤੁਰੀਏ ਨ ਤੁਰੀਏ ਤੇ ਕੀ ਕਰੀਏ ਦੀ ਵਿਚਾਰ ਚਰਚਾ ਹਰ ਰੋਜ਼ ਹੁੰਦੀ ਸੀ।

ਬੰਦੂਕਾਂ ਵਾਲਿਆਂ ਨੂੰ ਸ਼ਬਦ ਦੀ ਭਾਸ਼ਾ ਭੁੱਲ ਗਈ ਸੀ, ਉਨਾਂ ਸ਼ਬਦ ਗੁਰੂ ਵੱਲ ਪਿੱਠ ਕਰ ਲਈ ਸੀ ਜਾਂ ਫਿਰ ਉਨ੍ਹਾਂਂ ਦਾ ਕੰਟਰੋਲ ਕਿਤੇ ਹੋਰ ਦੇ ਹੱਥ ਸੀ ? ਉਸ ਸਮੇਂ ਤਾਂ ਇਹ ਗਿਆਨ ਨਹੀਂ ਸੀ ਪਰ ਹੁਣ ਤਾਂ ਸਭ ਕੁੱਝ ਸਪਸ਼ਟ ਹੋ ਗਿਆ ਹੈ ਕਿ ਤਾਰ ਕਿਥੋਂ ਖੜਕਦੀ ਸੀ? ਪਰ ਪੰਜਾਬ ਨੂੰ ਅਜੇ ਵੀ ਸਮਝ ਨਹੀਂ ਲੱਗ ਰਹੀ ਕਿ ਉਸ ਦੇ ਨਾਲ ਇਹ ਧੱਕਾ ਹੋਇਆ ਹੈ। ਸਿਆਸੀ ਲੋਕ ਅਜੇ ਵੀ ਇਥੇ ਅੱਗਾਂ ਲਾਉਣ ਨੂੰ ਪੱਬਾਂ ਭਾਰ ਹੋਏ ਫਿਰਦੇ ਹਨ। ਸਿਆਸੀ ਆਗੂ ਜਿਹੜੇ ਹੁਣ ਚੋਧਰੀ ਬਣੇ ਫਿਰਦੇ ਹਨ ਪਰ ਉਸ ਸਮੇਂ ਅੱਖ ਵਿਚ ਪਾਏ ਵੀ ਰੜਕੇ ਨਹੀਂ। ਹੁਣ ਗਿੱਦੜ ਭੱਬਕੀਆਂ ਜਿੰਨੀਆਂ ਮਰਜ਼ੀ ਮਾਰੀ ਜਾਣ। ਹੁਣ ਲੋਕ ਉਨਾ ਦੀਆਂ ਗੱਲਾਂ ਵਿਚ ਨਹੀਂ ਆ ਰਹੇ। ਖੈਰ! ਆਪਾਂ ਕੀ ਲੈਣਾ ਏ? ਉਹ ਆਪਣਾ ਹੀ ਬੀਜਿਆ ਵੱਢ ਰਹੇ ਹਨ।

ਇਸ ਕਾਫਲੇ ਵਿਚ ਮੁੱਖ ਤੌਰ ‘ਤੇ ਡਾ. ਰਮਾ ਰਤਨ, ਡਾ. ਬ. ਸ. ਰਤਨ, ਗੁਰਸ਼ਰਨ ਭਾਅ ਜੀ, ਹਿਰਦੇਪਾਲ ਸਿੰਘ, ਪਰਵੀਨ ਕੌਰ, ਅਮਰਜੀਤ ਕੌਰ, ਡਾ. ਕੰਵਲਜੀਤ ਕੌਰ ਢਿੱਲੋਂ, ਹਰਲੀਨ ਕੋਹਲੀ, ਕਮਲਜੀਤ ਸਿੰਘ ਨੀਲੋਂ, ਸਵਰਨ ਭੰਗੂ, ਬੁੱਧ ਸਿੰਘ ਨੀਲੋਂ, ਕੇਵਲ ਧਾਲੀਵਾਲ, ਹਰਮੀਤ ਵਿਦਿਆਰਥੀ, ਡਾ. ਬਲਦੇਵ ਸਿੰਘ ਬੱਦਨ, ਮਿਸਰਦੀਪ ਭਾਟੀਆ, ਮਦਨ ਵੀਰਾ, ਟੋਨੀ ਬਾਤਿਸ਼, ਮਰਕਸ ਪਾਲ, ਲਲਿਤ ਬਾਵਾ, ਆਸ਼ਾ ਸਕਲਾਨੀ, ਸੁਰਿੰਦਰ ਚੱਕੀਪੱਖੀ, ਦੇਸ ਰਾਜ ਛਾਜਲੀ, ਜਸਵਿੰਦਰ ਸੁੱਖੀ, ਬਲਜਿੰਦਰ ਮਾਨ, ਧਰਮ ਸਿੰਘ, ਪਰਵਿੰਦਰ ਰਤਨ, ਦਲਜਿੰਦਰ ਕੌਰ, ਸੁਰਿੰਦਰ, ਬਲਜੀਤ ਕੌਰ ਨੀਲੋਂ, ਮਾਹਿਲਪੁਰ, ਖੰਨਾ ਤੇ ਅੰਮ੍ਰਿਤਸਰ ਦੇ ਸਕੂਲਾਂ ਦੇ ਵਿਦਿਆਰਥੀ, ਕਲਾਕਾਰ ਤੇ ਸਰਕਾਰੀ, ਗੈਰ ਸਰਕਾਰੀ ਪ੍ਰਕਾਸ਼ਕ ਸ਼ਾਮਿਲ ਸਨ।
Budh-singh-nelon ਜਦੋਂ ਅਸੀਂ ਸਿਰਾਂ 'ਤੇ ਕੱਫ਼ਨ ਬੰਨ ਕੇ ਤੁਰੇ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment