ਛੇ ਅੱਖਰਾਂ ਵਾਲਾ ਨਾਮ
ਜਦੋਂ ਮੈਂ ਆਪਣੇ ਪਿੰਡ ਦੇ ਸਕੂਲ ’ਚ ਪਹਿਲੀ ਜਮਾਤ ਵਿੱਚ ਦਾਖ਼ਲ ਹੋਇਆ ਤਾਂ ਮੇਰਾ ਨਾਂ ਸੁਣ ਕੇ ਕਲਾਸ ਇੰਚਾਰਜ ਅਧਿਆਪਕਾ ਬੜੇ ਪ੍ਰਸੰਨ ਹੋਏ ਅਤੇ ਰਜਿਸਟਰ ਵਿੱਚ ਦਰਜ ਕਰਦਿਆਂ ਕਹਿਣ ਲੱਗੇ, ‘‘ਗਿਆਨੀ ਜੀ ਨੇ ਆਪਣੇ ਪੁੱਤਰ ਦਾ ਬੜਾ ਪਿਆਰਾ ਨਾਮ ਰੱਖਿਆ ਹੈ।’’ ਮੇਰੇ ਪਿਤਾ ਜੀ ਵੀ ਅਧਿਆਪਕ ਸਨ। ਇਸ ਲਈ ਸਾਰੇ ਅਧਿਆਪਕ ਉਨ੍ਹਾਂ ਨੂੰ ਜਾਣਦੇ ਸਨ। ਪੜ੍ਹੇ-ਲਿਖੇ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ ਮੇਰਾ ਸਕੂਲੀ ਪੜ੍ਹਾਈ ਵਿੱਚ ਹੱਥ ਤੰਗ ਹੀ ਰਿਹਾ। ਇਸ ਲਈ ਇਹ ਛੇ ਅੱਖਰਾਂ ਵਾਲਾ ਨਾਮ ਲਿਖਣਾ ਸਿੱਖਣਾ ਮੇਰੇ ਲਈ ਦਰਿਆ ਪਾਰ ਕਰਨ ਦੇ ਤੁੱਲ ਸੀ। ਮੈਨੂੰ ਆਪਣਾ ਨਾਮ ਲਿਖਣਾ ਨਾ ਸਿੱਖਣ ਲਈ ਬਹੁਤ ਵਾਰ ਸਕੂਲੋਂ ਮਾਰ ਖਾਣੀ ਪਈ। ਕਈ ਵਾਰ ਅਧਿਆਪਕਾਂ ਨੇ ਮੇਰੇ ਵੱਡੇ ਵੀਰ ਨੂੰ ਕਹਿਣਾ, ‘‘ਇਸ ਨੂੰ ਵੀ ਮਾੜੀ ਮੋਟੀ ਅਕਲ ਸਿਖਾ ਦੇ। ਇਹਨੂੰ ਤਾਂ ਆਪਣਾ ਨਾਮ ਵੀ ਨਹੀਂ ਲਿਖਣਾ ਆਉਂਦਾ। ਇਹ ਅੱਗੇ ਜਾ ਕੇ ਕੀ ਕਰੇਗਾ।’’ ਮੈਂ ਨਮੋਸ਼ੀ ’ਚ ਮੂੰਹ ਲੁਕਾ ਕੇ ਸੋਚਣਾ ਕਿ ਮੇਰਾ ਨਾਮ ਦੋ ਅੱਖਰਾਂ ਵਾਲਾ ਹੋਣਾ ਚਾਹੀਦਾ ਸੀ। ਕਈ ਮੈਂ ਨਾਮ ਪਿੱਛੇ ਸਕੂਲ ’ਚੋਂ ਪਈ ਕੁੱਟ ਦਾ ਜ਼ਿਕਰ ਬੇਬੇ ਕੋਲ ਕਰਨਾ ਅਤੇ ਕਹਿਣਾ, ‘‘ਮੇਰਾ ਨਾਮ ਬਦਲ ਕੇ ਛੋਟਾ ਰੱਖ ਦਿਓ।’’ ਉਨ੍ਹਾਂ ਕਹਿਣਾ, ‘‘ਪੁੱਤਰ, ਤੇਰਾ ਪਿਓ ਨਹੀਂ ਮੰਨਦਾ। ਕਹਿੰਦੈ ਮੈਂ ਤਾਂ ਮੁੰਡੇ ਦਾ ਸਾਹਿਤਕ ਅਤੇ ਪ੍ਰੇਮ ਭਰਪੂਰ ਨਾਂ ਰੱਖਿਆ ਏ। ਇਹ ਵੱਡਾ ਹੋ ਕੇ ਆਪੇ ਹੀ ਲੀਹ ’ਤੇ ਆ ਜਾਵੇਗਾ, ਪਿਆਰ ਨਾਲ ਜਾਂ ਮਾਸਟਰਾਂ ਦੀ ਸਖ਼ਤੀ ਨਾਲ। ਤੂੰ ਇਹਨੂੰ ਲਾਡ-ਪਿਆਰ ਨਾਲ ਵਿਗਾੜ ਨਾ ਦੇਈਂ। ਨਾਲੇ ਚਿੰਤਾ ਨਾ ਕਰ, ਆਪੇ ਸਿੱਖ ਜਾਵੇਗਾ ਸਭ ਕੁਝ।’’
ਖ਼ੈਰ, ਮਾਸਟਰਾਂ ਦੀ ਥੋੜ੍ਹੀ ਜਿਹੀ ਸਖ਼ਤੀ ਅਤੇ ਬਾਪੂ ਜੀ ਦੇ ਸਾਹਿਤਕ ਪ੍ਰੇਮ ਦੀ ਬਦੌਲਤ ਮੈਂ ਪਹਿਲੀ ਜਮਾਤ ਦੀ ਪੜ੍ਹਾਈ ਦਾ ਸਿਲੇਬਸ ਤੀਜੀ ਕਲਾਸ ਵਿੱਚ ਵੱਡੇ ਵੀਰ ਦੀ ਅਧਿਆਪਕ ਬਿਰਤੀ ਕਾਰਨ ਪੜ੍ਹਨ ਲੱਗਾ। ਸਕੂਲੋਂ ਆਉਂਦਿਆਂ ਹੀ ਉਹਨੇ ਮੈਨੂੰ ਘਰੇਲੂ ਕੰਮਾਂ ਵਿੱਚ ਲਾ ਲੈਣਾ, ਡੰਗਰਾਂ ਦਾ ਕੰਮ ਵੀ ਕਰਵਾਉਣਾ। ਉਸ ਨੇ ਪਿਆਰ ਅਤੇ ਘੂਰ, ਦੋਵਾਂ ਦੇ ਸੁਮੇਲ ਨਾਲ ਮੈਨੂੰ ਪੜ੍ਹਨ-ਲਿਖਣ ਦੀ ਪਗਡੰਡੀ ’ਤੇ ਤੁਰਨਾ ਸਿਖਾਇਆ। ਮੈਨੂੰ ਪੜ੍ਹਦਿਆਂ ਦੇਖ ਬੇਬੇ ਨੇ ਅੰਦਰੋਂ-ਅੰਦਰੀਂ ਬੜੀ ਖ਼ੁਸ਼ ਹੋਣਾ। ਇੱਕ ਦਿਨ ਬੇਬੇ ਨੂੰ ਜਦੋਂ ਮੈਂ ਦੱਸਿਆ ਕਿ ਹੁਣ ਆਪਣਾ ਨਾਂ ਲਿਖਣਾ ਸਿੱਖ ਗਿਆ ਹਾਂ ਤਾਂ ਉਨ੍ਹਾਂ ਬਾਪੂ ਜੀ ਨੂੰ ਬੜੇ ਚਾਅ ਨਾਲ ਦੱਸਿਆ। ਉਨ੍ਹਾਂ ਐਤਵਾਰ ਵਾਲੇ ਦਿਨ ਮੈਨੂੰ ਬੈਠਕ ’ਚ ਬਿਠਾ ਕੇ ਨਾਮ ਬਾਰੇ ਪਿਆਰ ਨਾਲ ਵਿਸਥਾਰਪੂਰਵਕ ਦੱਸਿਆ ਕਿ ਸਨੇਹ ਸ਼ਬਦ ਸਾਨੂੰ ਆਪਸ ਵਿੱਚ ਜੋੜਦਾ ਹੈ। ਅਸੀਂ ਜਦੋਂ ਇੱਕ-ਦੂਜੇ ਨੂੰ ਸਨੇਹ ਨਾਲ ਮਿਲਦੇ ਹਾਂ ਤਾਂ ਪਿਆਰ ਦੀ ਭਾਵਨਾ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਇੰਦਰ ਸ਼ਬਦ ਵੀ ਮੀਂਹ ਦਾ ਪ੍ਰਤੀਕ ਹੈ। ਕਣੀਆਂ ਨਾਲ ਖੁਸ਼ਹਾਲੀ ਅਤੇ ਹਰਿਆਲੀ ਆਉਂਦੀ ਹੈ। ਸਨੇਹ ਨਾਲ ਸੁਹਿਰਦਤਾ ਵੀ ਉਤਪੰਨ ਹੁੰਦੀ ਹੈ। ਇਹ ਗੱਲਾਂ ਉਨ੍ਹਾਂ ਨੇ ਮੈਨੂੰ ਆਪਣੀ ਡਾਇਰੀ ਵਿੱਚ ਨੋਟ ਕਰਨ ਲਈ ਵੀ ਕਿਹਾ ਸੀ।
ਫਿਰ ਬਾਪੂ ਜੀ ਦੀ ਰੀਸੇ ਮੈਂ ਆਪਣੇ ਨਾਮ ਨਾਲ ਸਰਨੇਮ ਅਤੇ ਪਿੰਡ ਦਾ ਨਾਂ ਜੋੜ ਕੇ ਅਖ਼ਬਾਰਾਂ ਨੂੰ ਚਿੱਠੀਆਂ ਲਿਖਣ ਲੱਗ ਪਿਆ। ਮੇਰੀਆਂ ਚਿੱਠੀਆਂ ਅਖ਼ਬਾਰਾਂ ਵਿੱਚ ਛਪਣ ਲੱਗੀਆਂ, ਜਿਸ ਦੀ ਮੈਨੂੰ ਬੜੀ ਖ਼ੁਸ਼ੀ ਹੋਈ। ਇਸ ਤਰ੍ਹਾਂ ਮੇਰੀ ਲਿਖਣ-ਪੜ੍ਹਨ ਦੇ ਖੇਤਰ ’ਚ ਵਿਲੱਖਣ ਪਛਾਣ ਬਣੀ। ‘‘ਯਾਰ ਮੀਲੂ ਤੇਰਾ ਨਾਂ ਤਾਂ ਮਿੰਨੀ ਕਹਾਣੀ ਜਿੱਡਾ ਹੈ,’’ ਚਿੱਠੀ ਪੜ੍ਹ ਕੇ ਮੇਰੇ ਇੱਕ ਮਿੱਤਰ ਨੇ ਮੇਰੇ ਉੱਪਰ ਵਿਅੰਗ ਕੱਸਿਆ ਸੀ। ਫਿਰ ਮੈਂ ਮਿੰਨੀ ਕਹਾਣੀਆਂ ਲਿਖੀਆਂ, ਜੋ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪੀਆਂ। ਪੇਂਡੂ ਸੱਭਿਆਚਾਰ ਬਾਰੇ ਮੇਰੇ ਲੇਖ ਵੀ ਅਖ਼ਬਾਰਾਂ ਦਾ ਸ਼ਿੰਗਾਰ ਬਣੇ। ਰੇਡੀਓ ਤੋਂ ਪੰਜਾਬੀ ਵਾਰਤਾਵਾਂ ਪੜ੍ਹਨ ਲੱਗਾ। ਮੇਰੇ ਲੇਖ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਣ ਉਪਰੰਤ ਕਈ ਅਖ਼ਬਾਰਾਂ ਵਾਲਿਆਂ ਨੂੰ ਮੇਰੇ ਨਾਂ ਦਾ ਭੁਲੇਖਾ ਪੈ ਗਿਆ ਅਤੇ ਉਹ ਮੈਨੂੰ ਕੁੜੀ ਸਮਝਣ ਲੱਗੇ। ਕਈ ਮੈਨੂੰ ਕੁੜੀ ਸਮਝ ਕੇ ਖ਼ਤ ਲਿਖਦੇ। ਕਈ ਪਾਠਕ ਤਾਂ ਕੁਝ ਜ਼ਿਆਦਾ ਹੀ ਉਲਾਰ ਹੋ ਕੇ ਪ੍ਰਸ਼ੰਸਾ ਭਰੇ ਖ਼ਤ ਲਿਖ ਕੇ ਮੇਰੇ ਨੇੜੇ ਆਉਣਾ ਲੋਚਦੇ। ਕਈ ਆਪਣੀ ਕਾਲਪਨਿਕ ਸੋਚ ਅਨੁਸਾਰ ਮੇਰੇ ਨਾਮ ਦਾ ਅਜਿਹਾ ਭੁਲੇਖਾ ਖਾਂਦੇ ਤੇ ਉਹ ਮੇਰੇ ਖ਼ਤ ’ਤੇ ਪਤਾ ਲਿਖਣ ਦੇ ਨਾਲ ਬੀਬੀ, ਸ੍ਰੀਮਤੀ ਜਾਂ ਮਿਸ ਲਿਖ ਕੇ ਸੰਬੋਧਨ ਕਰਦੇ। ਇੱਕ ਬਜ਼ੁਰਗ ਪਾਠਕ ਤਾਂ ਕੁਝ ਜ਼ਿਆਦਾ ਹੀ ਉਲਾਰ ਹੋ ਕੇ ਮੈਨੂੰ ਮੇਰੇ ਸ਼ਹਿਰ ਵਿੱਚ ਲੱਭਣ ਵਿੱਚ ਨਾਕਾਮ ਰਿਹਾ ਅਤੇ ਨਿਰਾਸ਼ ਹੋ ਕੇ ਪਰਤ ਗਿਆ। ਫੇਰ ਮੈਂ ਇੱਕ ਕਹਾਣੀ ‘ਕੁੜੀ ਨਹੀਂ ਮੁੰਡਾ’ ਸਿਰਲੇਖ ਹੇਠ ਲਿਖ ਕੇ ਆਪਣੇ ਇਸ ਨਾਮ ਦਾ ਖੁਲਾਸਾ ਅਤੇ ਭੁਲੇਖਾ ਦੂਰ ਕੀਤਾ। ਜੋ ਵੀ ਹੋਵੇ, ਮੈਂ ਆਪਣੇ ਬਾਪੂ ਦਾ ਰਿਣ ਕਦੇ ਵੀ ਨਹੀਂ ਚੁਕਾ ਸਕਾਂਗਾ, ਜਿਨ੍ਹਾਂ ਨੇ ਮੈਨੂੰ ਪਿਆਰਾ ਜਿਹਾ ਨਾਮ ਦਿੱਤਾ ਤੇ ਸ਼ਬਦਾਂ ਨਾਲ ਮੇਰੀ ਅਟੁੱਟ ਸਾਂਝ ਪੁਆਈ।
Share this content:



Post Comment