ਚੰਡੀਗੜ੍ਹ ਸਥਿਤ ਪੰਜਾਬ ਸਿਵਲ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ, 19 ਫਰਵਰੀ – ਪੰਜਾਬ ਦੇ ਸਕੂਲਾਂ ਮਗਰੋਂ ਹੁਣ ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਕੱਤਰੇਤ ਨੂੰ ਧਮਕੀ ਭਰੀ ਈਮੇਲ ਹਾਸਿਲ ਹੋਈ ਹੈ। ਇਸ ਈਮੇਲ ਮਗਰੋਂ ਸਕੱਤਰੇਤ ਨੂੰ ਖਾਲੀ ਕਰਵਾਇਆ ਗਿਆ ਹੈ ਅਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਹਾਸਿਲ ਹੋਈ ਈਮੇਲ ’ਚ ਸੀਐੱਮ ਦਫਤਰ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਵੀ ਜ਼ਿਕਰ ਕੀਤਾ ਗਿਆ ਹੈ। ਈਮੇਲ ’ਚ ਸਾਫ ਤੌਰ ’ਤੇ ਕਿਹਾ ਗਿਆ ਹੈ ਕਿ ਸੀਐੱਮ ਮਾਨ ਦਾ ਦਫਤਰ ਜਿੱਥੇ 2 ਵਜ ਕੇ 11 ਮਿੰਟ ’ਤੇ ਧਮਾਕਾ ਕੀਤਾ ਜਾਵੇਗਾ।
ਨਾਲ ਹੀ ਪੰਜਾਬ ਸਕੱਤਰੇਤ ’ਤੇ ਵੀ 2 ਵਜ ਕੇ 11 ਮਿੰਟ ’ਤੇ ਧਮਾਕਾ ਕੀਤਾ ਜਾਵੇਗਾ ਜਦਕਿ ਚੰਡੀਗੜ੍ਹ ਕੋਰਟ ’ਚ 3 ਵਜ ਕੇ 11 ਮਿੰਟ ’ਤੇ ਧਮਾਕਾ ਹੋਵੇਗਾ। ਇਨ੍ਹਾਂ ਹੀ ਈਮੇਲ ’ਚ ਸੀਐੱਮ ਮਾਨ ਦੀ ਰਿਹਾਇਸ਼ ਦਾ ਵੀ ਜ਼ਿਕਰ ਕੀਤਾ ਗਿਆ ਹੈ। ਫਿਲਹਾਲ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਬੰਬ ਸਕੁਐਡ ਅਤੇ ਡੌਗ ਸਕੁਐਡ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਪੂਰੇ ਇਲਾਕੇ ਦੀ ਪੂਰੀ ਤਰ੍ਹਾਂ ਤਲਾਸ਼ੀ ਅਤੇ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ।
Share this content:


Post Comment