Loading Now

ਚੰਡੀਗੜ੍ਹ ਵਿੱਚ ਘਰ ਖਰੀਦਣ ਦਾ ਸੁਪਨਾ ਹੋਵੇਗਾ ਪੂਰਾ, ਸੈਕਟਰ 53 ‘ਚ ਬਣਨਗੇ ਨਵੇਂ ਫਲੈਟ

ਚੰਡੀਗੜ੍ਹ ਵਿੱਚ ਘਰ ਖਰੀਦਣ ਦਾ ਸੁਪਨਾ ਹੋਵੇਗਾ ਪੂਰਾ, ਸੈਕਟਰ 53 ‘ਚ ਬਣਨਗੇ ਨਵੇਂ ਫਲੈਟ

ਚੰਡੀਗੜ੍ਹ, 12 ਜਨਵਰੀ – ਚੰਡੀਗੜ੍ਹ ਵਿਚ ਫਲੈਟ ਲੈਣ ਦੇ ਇੱਛੁਕ ਲੋਕਾਂ ਲਈ ਚੰਗੀ ਖ਼ਬਰ ਹੈ। ਅਗਲੇ 2 ਮਹੀਨਿਆਂ ਦੇ ਅੰਦਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਾਊਸਿੰਗ ਸਕੀਮ ਲਾਂਚ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਹ ਹਾਊਸਿੰਗ ਸਕੀਮ ਕੁਝ ਵੱਖਰੀ ਤਰ੍ਹਾਂ ਦੀ ਹੋਵੇਗੀ ਜਿਸ ਵਿਚ ਚੰਡੀਗੜ੍ਹ ਹਾਊਸਿੰਗ ਬੋਰਡ (CHB) ਸਿਰਫ਼ ਜ਼ਮੀਨ ਦੇਵੇਗਾ ਅਤੇ ਉਸ ਉੱਤੇ ਫਲੈਟ ਪ੍ਰਾਈਵੇਟ ਬਿਲਡਰ ਤਿਆਰ ਕਰਨਗੇ, ਜੋ ਲੋਕਾਂ ਨੂੰ ਡਰਾਅ ਰਾਹੀਂ ਅਲਾਟ ਕੀਤੇ ਜਾਣਗੇ। ਪਿਛਲੇ ਕਰੀਬ 15 ਸਾਲਾਂ ਤੋਂ ਯੂ.ਟੀ. ਪ੍ਰਸ਼ਾਸਨ ਵੱਲੋਂ ਕੋਈ ਵੀ ਹਾਊਸਿੰਗ ਸਕੀਮ ਲਾਂਚ ਨਹੀਂ ਕੀਤੀ ਗਈ ਹੈ; ਜੋ ਵੀ ਸਕੀਮਾਂ ਲਾਂਚ ਕੀਤੀਆਂ ਗਈਆਂ, ਉਹ ਜਾਂ ਤਾਂ ਫੇਲ੍ਹ ਰਹੀਆਂ ਜਾਂ ਉਨ੍ਹਾਂ ਨੂੰ ਅੱਧ ਵਿਚਾਲੇ ਰੱਦ ਕਰਨਾ ਪਿਆ। ਜਾਣਕਾਰੀ ਅਨੁਸਾਰ, ਯੂ.ਟੀ. ਪ੍ਰਸ਼ਾਸਨ ਦਾ ਸੀ.ਐਚ.ਬੀ. ਅਗਲੇ ਦੋ ਤੋਂ ਤਿੰਨ ਮਹੀਨਿਆਂ ਦੇ ਅੰਦਰ ਸੈਕਟਰ-53 ਵਿੱਚ ਹਾਊਸਿੰਗ ਸਕੀਮ ਲਾਂਚ ਕਰਨ ਜਾ ਰਿਹਾ ਹੈ।

ਚੀਫ਼ ਸੈਕਟਰੀ ਐਚ. ਰਾਜੇਸ਼ ਪ੍ਰਸਾਦ ਦੇ ਮੁਤਾਬਕ, ਇਸ ਹਫ਼ਤੇ ਸਬੰਧਤ ਅਧਿਕਾਰੀਆਂ ਨੇ ਇਸ ਕਾਰਜ ਯੋਜਨਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਾਊਸਿੰਗ ਸਕੀਮ ਵਿੱਚ ਪ੍ਰਾਈਵੇਟ ਡਿਵੈਲਪਰ ਨੂੰ ਜ਼ਮੀਨ ਦਿੱਤੀ ਜਾਵੇਗੀ ਤੇ ਉਹ ਫਲੈਟ ਤਿਆਰ ਕਰ ਕੇ ਉਨ੍ਹਾਂ ਨੂੰ ਵੇਚਣਗੇ। ਇਸ ਪੂਰੀ ਪ੍ਰਕਿਰਿਆ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਹੀ ਨੇਪਰੇ ਚਾੜ੍ਹਿਆ ਜਾਵੇਗਾ। ਪ੍ਰਸ਼ਾਸਨ ਨਿਲਾਮੀ (Auction) ਰਾਹੀਂ ਜ਼ਮੀਨ ਡਿਵੈਲਪਰ ਨੂੰ ਦੇਵੇਗਾ। ਸੈਕਟਰ 53 ‘ਚ ਬਣਨ ਵਾਲੇ ਫਲੈਟ ਡੇਢ ਤੋਂ 2 ਸਾਲਾਂ ਦੇ ਅੰਦਰ ਤਿਆਰ ਕਰ ਕੇ ਲੋਕਾਂ ਨੂੰ ਅਲਾਟ ਕਰ ਦਿੱਤੇ ਜਾਣਗੇ। ਚੰਡੀਗੜ੍ਹ ਹਾਊਸਿੰਗ ਬੋਰਡ ਤਹਿਤ ਕਰੀਬ 10 ਏਕੜ ਜ਼ਮੀਨ ‘ਤੇ ਇਹ ਹਾਊਸਿੰਗ ਸਕੀਮ ਲਾਂਚ ਕੀਤੀ ਜਾਵੇਗੀ।

ਇਸ ਜ਼ਮੀਨ ਨੂੰ ਦੋ ਤੋਂ ਤਿੰਨ ਹਿੱਸਿਆਂ ਵਿੱਚ ਪ੍ਰਾਈਵੇਟ ਡਿਵੈਲਪਰਾਂ ਨੂੰ ਦਿੱਤਾ ਜਾਵੇਗਾ, ਜੋ ਕਿ ‘ਅਫੋਰਡੇਬਲ ਹਾਊਸਿਜ਼’ (ਸਸਤੇ ਘਰ) ਤਿਆਰ ਕਰਨਗੇ। ਪ੍ਰਸ਼ਾਸਨ ਵੱਲੋਂ ਜੋ ਪ੍ਰਾਈਵੇਟ ਬਿਲਡਰ ਉੱਚੇ ਭਾਅ ‘ਤੇ ਪਲਾਟ ਖਰੀਦੇਗਾ, ਉਹ ਮਾਰਕੀਟ ਰੇਟ ਦੇ ਹਿਸਾਬ ਨਾਲ ਹੀ ਅੱਗੇ ਫਲੈਟ ਵੇਚੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਆਈ.ਟੀ. ਪਾਰਕ ਦੀ ਕਰੀਬ 125 ਏਕੜ ਜ਼ਮੀਨ ਪਾਰਸ ਡਿਵੈਲਪਰ ਨੂੰ ਦਿੱਤੀ ਸੀ, ਪਰ ਵਿਵਾਦ ਤੋਂ ਬਾਅਦ ਜ਼ਮੀਨ ਵਾਪਸ ਆ ਗਈ ਸੀ। ਹੁਣ ਸੈਕਟਰ 53 ਵਿੱਚ ਪਹਿਲਾਂ 372 ਫਲੈਟਾਂ ਦੀ ਸਕੀਮ ਤਿਆਰ ਕੀਤੀ ਗਈ ਸੀ, ਜਿਸ ਵਿਚ ਤਿੰਨ ਬੈੱਡਰੂਮ ਵਾਲੇ ਫਲੈਟ ਦੀ ਕੀਮਤ ਕਰੀਬ 2.29 ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਜੇਕਰ ਕੁਲੈਕਟਰ ਰੇਟ ਦੀ ਗੱਲ ਕਰੀਏ ਤਾਂ 1 ਏਕੜ ਜ਼ਮੀਨ ਦਾ ਰੇਟ ਕਰੀਬ 62 ਤੋਂ 65 ਕਰੋੜ ਰੁਪਏ ਬਣਦਾ ਹੈ।

Share this content:

Post Comment