ਚੰਡੀਗੜ੍ਹ ‘ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ, 21 ਅਗਸਤ – ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕਿਸੇ ਵਿਅਕਤੀ ਵੱਲੋਂ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ। ਧਮਕੀ ਭਰੀ ਈਮੇਲ ਵਿੱਚ ਪੰਜਾਬ ਦੇ ਡੀਜੀਪੀ ਦਾ ਵੀ ਨਾਮ ਲਿਆ ਗਿਆ ਹੈ। ਇਹ ਸੰਦੇਸ਼ ਭਾਜਪਾ ਦੇ ਚੰਡੀਗੜ੍ਹ ਸੂਬਾਈ ਦਫ਼ਤਰ ਦੀ ਅਧਿਕਾਰਤ ਈਮੇਲ ’ਤੇ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਿਕ ਈ-ਮੇਲ ਵਿੱਚ ਅੱਜ 21 ਅਗਸਤ ਨੂੰ ਹੋਣ ਵਾਲੇ ‘ਬੰਦ’ ਦੌਰਾਨ ਖੁੱਲ੍ਹੇ ਰਹਿਣ ਵਾਲੇ ਸ਼ਹਿਰਾਂ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 31 ਅਗਸਤ ਨੂੰ ‘ਸ਼ਹੀਦ’ ਦਿਲਾਵਰ ਸਿੰਘ ਬੱਬਰ ਦੀ ਯਾਦ ਵਿੱਚ ਸਕੂਲ ਬੰਦ ਰੱਖਣ ਦੀ ਗੱਲ ਵੀ ਕੀਤੀ ਗਈ ਹੈ।
ਈਮੇਲ ਵਿੱਚ ਇਹ ਧਮਕੀ ਵੀ ਦਿੱਤੀ ਗਈ ਹੈ ਕਿ 21 ਅਗਸਤ ਨੂੰ ਬੰਦ ਨਾ ਕਰਨ ਵਾਲੇ ਸ਼ਹਿਰਾਂ ਵਿੱਚ ਬੰਬ ਧਮਾਕੇ ਕੀਤੇ ਜਾਣਗੇ। ਈਮੇਲ ਵਿੱਚ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖਾਲਸਾ ਨਾਲ ਕਥਿਤ ਤੌਰ ’ਤੇ ਜੁੜੇ ਵਿਅਕਤੀਆਂ ਦੇ ਨਾਮ ਵੀ ਲਿਖੇ ਹੋਏ ਹਨ। ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਲਈ ਪੁਲੀਸ ਦੀਆਂ ਜਾਂਚ ਏਜੰਸੀਆਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਧਮਕੀ ਦੇਣ ਵਾਲਾ ਵਿਅਕਤੀ ਅਸਲ ਵਿੱਚ ਕਿਸੇ ਸੰਗਠਨ ਨਾਲ ਜੁੜਿਆ ਹੋਇਆ ਹੈ ਜਾਂ ਕੋਈ ਜਾਅਲੀ ਈ-ਮੇਲ ਆਈ ਡੀ ਦੀ ਵਰਤੋਂ ਕਰਕੇ ਭੇਜਿਆ ਗਿਆ ਹੈ।
Share this content:



Post Comment