Loading Now

ਚੰਡੀਗੜ੍ਹ ਕੋਰਟ ਨੇ ਅਦਾਕਾਰਾ ਸੋਨਮ ਬਾਜਵਾ ਦੀ “ਪਿੱਟ ਸਿਆਪਾ” ਫ਼ਿਲਮ ਦੀ ਰਿਲੀਜ਼ ‘ਤੇ ਲਗਾਈ ਰੋਕ

ਚੰਡੀਗੜ੍ਹ ਕੋਰਟ ਨੇ ਅਦਾਕਾਰਾ ਸੋਨਮ ਬਾਜਵਾ ਦੀ “ਪਿੱਟ ਸਿਆਪਾ” ਫ਼ਿਲਮ ਦੀ ਰਿਲੀਜ਼ ‘ਤੇ ਲਗਾਈ ਰੋਕ

ਚੰਡੀਗੜ੍ਹ, 21 ਅਪ੍ਰੈਲ – ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ ”ਪਿੱਟ ਸਿਆਪਾ” ਨੂੰ ਲੈ ਕੇ ਚਰਚਾ ‘ਚ ਹੈ। ਅਦਾਕਾਰਾ ਸੋਨਮ ਬਾਜਵਾ ਦੀ ਫਿਲਮ “ਪਿੱਟ ਸਿਆਪਾ” ਚੰਡੀਗੜ੍ਹ ਵਿੱਚ ਵਿਵਾਦਾਂ ਵਿੱਚ ਘਿਰ ਗਈ ਹੈ। ਕਾਪੀਰਾਈਟ ਵਿਵਾਦ ਦੇ ਚੱਲਦੇ ਚੰਡੀਗੜ੍ਹ ਦੀ ਅਦਾਲਤ ਨੇ ਫ਼ਿਲਹਾਲ ਫ਼ਿਲਮ ਦੀ ਰਿਲੀਜ਼ ‘ਤੇ ਰੋਕ ਲਗਾ ਦਿੱਤੀ ਹੈ। ਮਾਮਲੇ ਦੇ ਅਨੁਸਾਰ ਲੇਖਕ ਰਾਜਨ ਨੰਦਨ ਦਾ ਦਾਅਵਾ ਹੈ ਕਿ ਫਿਲਮ ਦੀ ਕਹਾਣੀ ਉਨ੍ਹਾਂ ਦੁਆਰਾ ਲਿਖੀ ਗਈ ਸਕ੍ਰਿਪਟ ‘ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਇਸ ਸਕ੍ਰਿਪਟ ਨੂੰ ਸਾਲ 2021 ਵਿੱਚ ਰਜਿਸਟਰ ਕਰਵਾਇਆ ਗਿਆ ਸੀ। ਲੇਖਕ ਦੇ ਅਨੁਸਾਰ ਜਦੋਂ “ਪਿੱਟ ਸਿਆਪਾ” ਦਾ ਪ੍ਰੋਮੋ 27 ਮਾਰਚ 2026 ਨੂੰ ਰਿਲੀਜ਼ ਹੋਇਆ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫਿਲਮ ਦੀ ਕਹਾਣੀ ਉਨ੍ਹਾਂ ਦੀ ਸਕ੍ਰਿਪਟ ਨਾਲ ਮਿਲਦੀ-ਜੁਲਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 1 ਅਪ੍ਰੈਲ 2026 ਨੂੰ ਫਿਲਮ ਨਾਲ ਸਬੰਧਤ ਧਿਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ।

ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ

ਜਿਵੇਂ-ਜਿਵੇਂ ਮਾਮਲਾ ਵਧਦਾ ਗਿਆ, ਲੇਖਕ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਕਾਪੀਰਾਈਟ ਪਟੀਸ਼ਨ ਦਾਇਰ ਕੀਤੀ। ਮੁੱਢਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦਾ ਹੁਕਮ ਦਿੱਤਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ 2026 ਨੂੰ ਹੋਵੇਗੀ, ਜਿੱਥੇ ਅਦਾਲਤ ਅੱਗੇ ਦੀ ਕਾਰਵਾਈ ਬਾਰੇ ਫੈਸਲਾ ਕਰੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਰੁਪਿੰਦਰ ਚਹਿਲ ਦੁਆਰਾ ਕੀਤਾ ਗਿਆ ਹੈ ਅਤੇ ਫ਼ਿਲਮ ਵਿੱਚ ਲੀਡਿੰਗ ਕਿਰਦਾਰ ਸੋਨਮ ਬਾਜਵਾ ਪਲੇ ਕਰ ਰਹੀ ਹੈ। ਅਦਾਕਾਰਾ ਦੇ ਅੋਪੋਜਿਟ ਉਭਰਦੇ ਚਿਹਰੇ ਪਰਮਵੀਰ ਸਿੰਘ ਚੀਮਾ ਨਜ਼ਰ ਆਉਣਗੇ। ਇਹ ਦੋਨੋਂ ਕਲਾਕਾਰ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਇਸ ਫਿਲਮ ਦਾ ਨਿਰਮਾਣ ਬਲਵਿੰਦਰ ਸਿੰਘ ਜੰਜੂਆ, ਪੰਕਜ ਗੁਪਤਾ, ਸੂਰਿਆ ਗੁਪਤਾ, ਸੰਦੀਪ ਵਾਸਵਾਨੀ, ਯੋਗੇਸ਼ ਰੇਹਾੜ ਅਤੇ ਕੇਵਲ ਗਰਗ ਵੱਲੋਂ ਕੀਤਾ ਗਿਆ ਹੈ।

ਜੇਕਰ ਸੋਨਮ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਐਕਟਿਵ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਰੋਮਾਂਟਿਕ ਕਿਰਦਾਰ ਹੋਣ ਜਾਂ ਫਿਰ ਹਲਕੀ ਫੁਲਕੀ ਕਾਮੇਡੀ ਹਰ ਤਰ੍ਹਾਂ ਦੇ ਕਿਰਦਾਰਾਂ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ। ਕੁਝ ਸਮਾਂ ਪਹਿਲਾਂ ਉਹ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਬਾਰਡਰ-੨ ‘ਚ ਨਜ਼ਰ ਆਏ ਸਨ।

Share this content:

Post Comment