ਚੀਨ ਨੇ ਫੌਜੀ ਤਾਕਤ ਦਿਖਾਈ
ਬੀਜਿੰਗ, 4 ਸਤੰਬਰ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੁੱਧਵਾਰ ਦੇਸ਼ ਦੀ ਸਭ ਤੋਂ ਵੱਡੀ ਮਿਲਟਰੀ ਪਰੇਡ ਦੀ ਪ੍ਰਧਾਨਗੀ ਕੀਤੀ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਵੀ ਉਨ੍ਹਾ ਦੇ ਨਾਲ ਸਨ। ਇਹ ਪਰੇਡ ਦੂਜੀ ਸੰਸਾਰ ਜੰਗ ਵਿੱਚ ਜਾਪਾਨ ਦੀ ਹਾਰ ਦੀ 80ਵੀਂ ਵਰ੍ਹੇਗੰਢ ਮਨਾਉਣ ਲਈ ਕੀਤੀ ਗਈ। ਅਮਰੀਕਾ, ਪੱਛਮੀ ਯੂਰਪ, ਜਾਪਾਨ ਤੇ ਭਾਰਤ ਦੇ ਆਗੂ ਪਰੇਡ ਦੇਖਣ ਨਹੀਂ ਆਏ, ਜਦਕਿ ਦੱਖਣੀ ਕੋਰੀਆ ਤੇ ਸਿੰਘਾਪੁਰ ਨੇ ਛੋਟੇ ਆਗੂ ਘੱਲੇ, ਪਰ ਜਿਨਪਿੰਗ ਦੇ ਮਹਿਮਾਨਾਂ ਦੀ ਲਿਸਟ ਨੇ ਦਿਖਾਇਆ ਕਿ ਗਲੋਬਲ ਸਾਊਥ ਦੇ ਦੇਸ਼ਾਂ ਤੇ ਉਭਰਦੇ ਅਰਥਚਾਰਿਆਂ ਵਿੱਚ ਚੀਨ ਦਾ ਪ੍ਰਭਾਵ ਕਿਵੇਂ ਵੱਧ ਰਿਹਾ ਹੈ। ਤਿਨਾਨਮਿਨ ਚੌਕ ਵਿੱਚ 50 ਹਜ਼ਾਰ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਜਿਨਪਿੰਗ ਨੇ ਐਲਾਨਿਆ ਕਿ ਮਨੁੱਖਤਾ ਚੁਰਾਹੇ ’ਤੇ ਹੈ ਅਤੇ ਉਸ ਅੱਗੇ ਅਮਨ ਜਾਂ ਜੰਗ ਅਤੇ ਵਾਰਤਾਲਾਪ ਜਾਂ ਟਕਰਾਅ ਵਿੱਚੋਂ ਇੱਕ ਦੀ ਚੋਣ ਕਰਨ ਦਾ ਸਵਾਲ ਹੈ। ਉਨ੍ਹਾ ਕਿਹਾ ਕਿ ਚੀਨ ਦੇ ਲੋਕ ਇਤਿਹਾਸ ਦੇ ਸਹੀ ਪਾਸੇ ਖੜ੍ਹੇ ਲੋਕਾਂ ਦੇ ਨਾਲ ਹਨ ਅਤੇ ਚੀਨ ਦੀ ਤਰੱਕੀ ਨੂੰ ਕੋਈ ਨਹੀਂ ਰੋਕ ਸਕਦਾ।
70 ਮਿੰਟ ਦੀ ਪਰੇਡ ਵਿੱਚ ਚੀਨ ਦੀ ਫੌਜੀ ਤਾਕਤ ਤੇ ਡਿਪਲੋਮੈਟਿਕ ਪ੍ਰਭਾਵ ਦੇਖਣ ਨੂੰ ਮਿਲੇ। ਮਾਓ ਜ਼ੇ ਤੁੰਗ ਵਰਗੇ ਸੂਟ ਵਿੱਚ ਮਲਬੂਸ ਜਿਨਪਿੰਗ ਨੇ ਖੁੱਲ੍ਹੀ ਲਿਮੋਜ਼ਿਨ ਤੋਂ ਪਰੇਡ ਦਾ ਮੁਆਇਨਾ ਕੀਤਾ। ਪਰੇਡ ਵਿੱਚ ਅਮਰੀਕਾ ਤੱਕ ਮਾਰ ਕਰਨ ਵਾਲੀ ਡੀ ਐੱਫ-5 ਸੀ ਅੰਤਰ-ਮਹਾਂਦੀਪੀ ਪ੍ਰਮਾਣੂ ਬੈਲਿਸਟਿਕ ਮਿਜ਼ਾਈਲ ਦਾ ਅਡਵਾਂਸ ਵਰਸ਼ਨ 6 ਐੱਫ, ਹਾਈਪਰਸੋਨਿਕ ਮਿਜ਼ਾਈਲਾਂ, ਅੰਡਰਵਾਟਰ ਡਰੋਨਾਂ ਤੇ ਰੋਬੋਟ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਹੈਲੀਕਾਪਟਰਾਂ ਤੇ ਫਾਈਟਰ ਜੈੱਟਾਂ ਦੇ ਫਲਾਈਓਵਰ ਤੇ 80 ਹਜ਼ਾਰ ਅਮਨ ਦੀਆਂ ਘੁੱਗੀਆਂ ਉਡਾਉਣ ਨਾਲ ਹੋਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਿਝ ਕੇ ਪ੍ਰਤੀਕਿਰਿਆ ਕੀਤੀ ਹੈ ਕਿ ਜਿਨਪਿੰਗ ਪੁਤਿਨ ਤੇ ਕਿਮ ਨਾਲ ਮਿਲ ਕੇ ਅਮਰੀਕਾ ਖਿਲਾਫ ਗੋਂਦਾਂ ਗੁੰਦ ਰਹੇ ਹਨ। ਉਨ੍ਹਾ ਕਿਹਾ ਕਿ ਚੀਨ ਦੀ ਆਜ਼ਾਦੀ ਲਈ ਜੰਗ ਵਿੱਚ ਅਮਰੀਕਾ ਨੇ ਵੀ ਖੂਨ ਵਹਾਇਆ ਸੀ।
ਟਰੰਪ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਉਹ ਪਰੇਡ ਨੂੰ ਅਮਰੀਕਾ ਲਈ ਚੁਣੌਤੀ ਨਹੀਂ ਮੰਨਦੇ। ਜਾਪਾਨ ਦੇ ਉੱਚ ਸਰਕਾਰੀ ਬੁਲਾਰੇ ਨੇ ਪਰੇਡ ’ਤੇ ਟਿੱਪਣੀ ਨਹੀਂ ਕੀਤੀ, ਪਰ ਕਿਹਾ ਕਿ ਏਸ਼ੀਆ ਦੇ ਦੋ ਸਭ ਤੋਂ ਵੱਡੇ ਅਰਥਚਾਰੇ ਰਚਨਾਤਮਕ ਰਿਸ਼ਤੇ ਬਣਾ ਰਹੇ ਹਨ। ਪਰੇਡ ਦੇਖਣ ਵਾਲਿਆਂ ਵਿੱਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੇ ਨਾਲ ਸੈਨਾ ਮੁਖੀ ਅਸੀਮ ਮੁਨੀਰ, ਮਿਆਂਮਾਰ ਦੇ ਮਿਲਟਰੀ ਚੀਫ ਔਂਗ ਹਲੈਂਗ, ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਅਨ, ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ, ਉਜ਼ਬੇਕ ਰਾਸ਼ਟਰਪਤੀ ਸ਼ਵਕਤ ਮਿਰਜ਼ੀਯੋਯੇਵ ਤੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ, ਵੀਅਤਨਾਮ ਦੇ ਰਾਸ਼ਟਰਪਤੀ ਲੁਓਂਗ ਕੁਓਂਗ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹੀਮ, ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ, ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ, ਜ਼ਿੰਬਾਬਵੇ ਦੇ ਰਾਸ਼ਟਰਪਤੀ ਐਮਰਸਨ ਐੱਮਨੰਗਾਗਵਾ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਅੰਤੋ ਸ਼ਾਮਲ ਸਨ। ਹਾਲਾਂਕਿ ਪੱਛਮ ਦੇ ਬਹੁਤੇ ਆਗੂ ਨਹੀਂ ਆਏ, ਪਰ ਸਲੋਵਾਕ ਦੇ ਪ੍ਰਧਾਨ ਮੰਤਰੀ ਰੌਬਰਟ ਫੀਕੋ ਤੇ ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੁਕਿਕ ਪਹੁੰਚੇ।
Share this content:


Post Comment