ਚੀਨ ਦੇ ਤਕਨੀਕੀ ਟੀਚੇ ਤੇ ਰਣਨੀਤਕ ਪੱਖ
ਜਨਵਰੀ 2026 ਵਿੱਚ ਚੀਨ ਨੇ ਕੁਝ ਅਜਿਹੀਆਂ ਯੋਜਨਾਵਾਂ ਦਾ ਐਲਾਨ ਕੀਤਾ, ਜੋ ਭਵਿੱਖਮੁਖੀ ਲੱਗਦੀਆਂ ਸਨ ਪਰ ਕਾਫ਼ੀ ਸੰਭਾਵਨਾ ਹੈ ਕਿ ਇਹ ਨੇੜ ਭਵਿੱਖ ਵਿੱਚ ਹੀ ਨਿਰਧਾਰਤ ਟੀਚੇ ਹਾਸਲ ਕਰ ਲੈਣਗੀਆਂ। ਚੀਨ ਦੀ ਸਰਕਾਰੀ ਪੁਲਾੜ ਏਜੰਸੀ ਨੇ ਉੱਨਤ ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀਆਂ ਚਲਾਉਣ ਲਈ ਪੁਲਾੜ ਵਿੱਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਡੇਟਾ ਸੈਂਟਰ ਬਣਾਉਣ ਦੇ ਪ੍ਰਸਤਾਵ ਪੇਸ਼ ਕੀਤੇ ਹਨ। ਇਸ ਦੇ ਨਾਲ ਹੀ ਪੁਲਾੜ ਵਿੱਚ ਸੈਰ-ਸਪਾਟੇ ਅਤੇ ਪੁਲਾੜ ਦੇ ਗਹਿਰੇ ਅਧਿਐਨ ਵਿੱਚ ਨਿਵੇਸ਼ ਜਾਰੀ ਰੱਖਣ ਦੀ ਗੱਲ ਵੀ ਆਖੀ ਗਈ ਹੈ। ਇਹ ਐਲਾਨ ਮਹਿਜ਼ ਦਿਖਾਵਾ ਨਹੀਂ ਸਗੋਂ ਪੱਕੇ ਇਰਾਦੇ ਨੂੰ ਦਰਸਾਉਂਦੇ ਸਨ ਕਿ ਚੀਨ ਦਾ ਉਦੇਸ਼ ਮੌਜੂਦਾ ਪਾੜੇ ਨੂੰ ਘਟਾਉਣ ਦੀ ਬਜਾਏ ਤਕਨੀਕੀ ਵਿਕਾਸ ਦੇ ਅਗਲੇ ਪੜਾਅ ਨੂੰ ਨਵੀਂ ਦਿਸ਼ਾ ਦੇਣਾ ਹੈ। ਇਹ ਪਹਿਲਕਦਮੀਆਂ 2045 ਤੱਕ ਦੁਨੀਆ ਭਰ ਵਿੱਚ ‘ਮੋਹਰੀ ਪੁਲਾੜ ਸ਼ਕਤੀ’ ਬਣਨ ਦੇ ਚੀਨ ਦੇ ਲੰਮੀ ਮਿਆਦ ਦੇ ਉਦੇਸ਼ ਨਾਲ ਮੇਲ ਖਾਂਦੀਆਂ ਹਨ। ਇਹ ਤਕਨੀਕੀ ਆਤਮ-ਨਿਰਭਰਤਾ ਦੀ ਕੋਸ਼ਿਸ਼ ਵਿੱਚ ਪੁਲਾੜ ਵਿਗਿਆਨ ਅਤੇ ਅਤਿ-ਆਧੁਨਿਕ ਤਕਨੀਕਾਂ ਨੂੰ ਦਿੱਤੀ ਜਾ ਰਹੀ ਮਹੱਤਤਾ ਨੂੰ ਵੀ ਦਰਸਾਉਂਦੀਆਂ ਹਨ। ਅਜਿਹੇ ਐਲਾਨ ਹੁਣ ਅਨੋਖੇ ਨਹੀਂ ਹਨ, ਸਗੋਂ ਇਹ ਚੀਨ ਵੱਲੋਂ ਉੱਭਰਦੇ ਖੇਤਰਾਂ ਵਿੱਚ ਚੁਣੌਤੀਪੂਰਨ ਟੀਚੇ ਮਿੱਥਣ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਮੁਲਕ ਦੀ ਸਮਰੱਥਾ ਨੂੰ ਇਕਜੁੱਟ ਕਰਨ ਦੇ ਨਿਰੰਤਰ ਅਭਿਆਸ ਵੱਲ ਇਸ਼ਾਰਾ ਕਰਦੇ ਹਨ।
ਚੀਨ ਦੀ ਤਕਨੀਕੀ ਤੇਜ਼ੀ ਨੂੰ ਇਤਫ਼ਾਕ ਦੀ ਬਜਾਏ ਰਣਨੀਤਕ ਸਮਝਿਆ ਜਾਣਾ ਚਾਹੀਦਾ ਹੈ। ਸੁਸਤ ਆਰਥਿਕ ਵਿਕਾਸ, ਵਧਦੇ ਬਾਹਰੀ ਦਬਾਅ ਅਤੇ ਵਿਦੇਸ਼ੀ ਤਕਨੀਕਾਂ ’ਤੇ ਨਿਰਭਰਤਾ ਦੀਆਂ ਚਿੰਤਾਵਾਂ ਨੇ ਖੋਜ ਤੇ ਕਾਢ ਨੂੰ ਰਾਸ਼ਟਰੀ ਨੀਤੀ ਦੇ ਕੇਂਦਰ ਵਿੱਚ ਖੜ੍ਹਾ ਕਰ ਦਿੱਤਾ ਹੈ। ਭਾਰਤ ਨਿਰਮਾਣ ਖੇਤਰ ਦੇ ਵਿਸਤਾਰ ਅਤੇ ਖੋਜ-ਆਧਾਰਿਤ ਵਿਕਾਸ ਦੇ ਨਾਲ-ਨਾਲ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ। ਭਾਰਤ ਲਈ ਚੀਨ ਦੇ ਇਸ ਦ੍ਰਿਸ਼ਟੀਕੋਣ ਦੇ ਪੈਮਾਨੇ ਅਤੇ ਇਕਸਾਰਤਾ ਨੂੰ ਸਮਝਣਾ ਬਹੁਤ ਅਹਿਮ ਹੋ ਗਿਆ ਹੈ। ਬੁਨਿਆਦੀ ਤੌਰ ’ਤੇ ਸਵਦੇਸ਼ੀ ਕਾਢਾਂ ’ਤੇ ਚੀਨ ਦਾ ਜ਼ੋਰ ਆਰਥਿਕ ਕਾਰਨਾਂ ਕਰ ਕੇ ਹੈ। ‘ਦਰਮਿਆਨੀ-ਆਮਦਨ ਦੇ ਜਾਲ’ (ਮਿਡਲ ਇਨਕਮ ਟਰੈਪ) ਵਿੱਚ ਫਸੇ ਰਹਿਣ ਤੋਂ ਬਚਣਾ ਇੱਕ ਮੁੱਖ ਨੀਤੀਗਤ ਚਿੰਤਾ ਬਣ ਗਈ ਹੈ। ਚੀਨ ਦਾ ਮੰਨਣਾ ਹੈ ਕਿ ਪੱਛਮੀ ਤਕਨੀਕਾਂ ਜਾਂ ਬਰਾਮਦ ਬਾਜ਼ਾਰਾਂ ’ਤੇ ਅਣਮਿੱਥੇ ਸਮੇਂ ਲਈ ਨਿਰਭਰ ਹੋ ਕੇ ਲੰਮੀ ਮਿਆਦ ਦਾ ਵਿਕਾਸ ਨਹੀਂ ਹੋ ਸਕਦਾ। ਇਸ ਦੇ ਹੱਲ ਲਈ ਚੀਨ ਨੇ ‘ਵੈਲਿਊ ਚੇਨ’ ਵਿੱਚ ਮੋਹਰੀ ਬਣਨ ਨੂੰ ਪਹਿਲ ਦਿੱਤੀ ਹੈ, ਜਿਸ ਵਿੱਚ ਮੁੱਖ ਤੌਰ ’ਤੇ ਇਨ੍ਹਾਂ ਖੇਤਰਾਂ ’ਤੇ ਧਿਆਨ ਕੇਂਦਰਤ ਕੀਤਾ ਗਿਆ ਹੈ: ਅਤਿ-ਆਧੁਨਿਕ ਨਿਰਮਾਣ, ਆਰਟੀਫੀਸ਼ੀਅਲ ਇੰਟੈਲੀਜੈਂਸ, ਪ੍ਰਦੂਸ਼ਣ ਮੁਕਤ ਊਰਜਾ ਅਤੇ ਉੱਚ-ਪੱਧਰੀ ਉਦਯੋਗਿਕ ਪ੍ਰਣਾਲੀਆਂ। ਆਬਾਦੀ ਦੇ ਰੁਝਾਨ ਇਸ ਬਦਲਾਅ ਲਈ ਮਜਬੂੂਰ ਕਰਦੇ ਹਨ। ਜਿਉਂ-ਜਿਉਂ ਚੀਨ ਦੀ ਕੰਮਕਾਜੀ ਆਬਾਦੀ ਘਟ ਰਹੀ ਹੈ, ਵਿਕਾਸ ਨੂੰ ਬਰਕਰਾਰ ਰੱਖਣ ਲਈ ਤਕਨੀਕੀ ਸੁਧਾਰਾਂ ਦੁਆਰਾ ਸੰਚਾਲਿਤ ਉਤਪਾਦਕਤਾ ਵਿੱਚ ਵਾਧਾ ਜ਼ਰੂਰੀ ਹੋ ਗਿਆ ਹੈ।
ਇਸ ਰਣਨੀਤਕ ਤਬਦੀਲੀ ਦੇ ਬਾਹਰੀ ਪ੍ਰਭਾਵ ਮਹੱਤਵਪੂਰਨ ਹਨ। ਭਾਰਤ ਆਪਣੇ ਨਿਰਮਾਣ ਖੇਤਰ ਦਾ ਵਿਸਤਾਰ ਜਾਰੀ ਰੱਖ ਰਿਹਾ ਹੈ ਜਦੋਂਕਿ ਚੀਨ ਵਧੇਰੇ ਉੱਨਤ ਤਕਨੀਕੀ ਖੇਤਰਾਂ ਵੱਲ ਵਧ ਰਿਹਾ ਹੈ, ਜਿਸ ਨਾਲ ਉਤਪਾਦਕਤਾ ਅਤੇ ਤਕਨੀਕੀ ਮੁਹਾਰਤ ਵਿੱਚ ਫ਼ਰਕ ਵਧ ਰਿਹਾ ਹੈ। ਇਸ ਦੇ ਨਾਲ ਹੀ ਮੋਹਰੀ ਉਦਯੋਗਾਂ ਵਿੱਚ ਚੀਨ ਦਾ ਪ੍ਰਵੇਸ਼ ਤਕਨੀਕੀ ਆਤਮ-ਨਿਰਭਰਤਾ ਸਬੰਧੀ ਭਾਰਤ ਦੀਆਂ ਖ਼ਾਹਿਸ਼ਾਂ ਨਾਲ ਪਹਿਲਾਂ ਨਾਲੋਂ ਵੱਧ ਮੇਲ ਖਾਂਦਾ ਹੈ, ਜਿਸ ਨਾਲ ਸੈਮੀਕੰਡਕਟਰ, ਇਲੈਕਟ੍ਰਿਕ-ਵਾਹਨ ਬੈਟਰੀਆਂ ਅਤੇ ਨਵਿਆਉਣਯੋਗ ਊਰਜਾ ਤਕਨੀਕ ਵਰਗੇ ਖੇਤਰਾਂ ਵਿੱਚ ਮੁਕਾਬਲਾ ਤਿੱਖਾ ਹੋ ਰਿਹਾ ਹੈ। ਸਿਰਫ਼ ਆਰਥਿਕ ਕਾਰਕ ਹੀ ਚੀਨ ਦੇ ਤਕਨੀਕੀ ਉਤਸ਼ਾਹ ਦੀ ਤੀਬਰਤਾ ਨੂੰ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕਰਦੇ। ਭੂ-ਸਿਆਸੀ ਕਾਰਕ ਇਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹਨ। ਅਮਰੀਕਾ-ਚੀਨ ਦੀ ਵਧਦੀ ਰਣਨੀਤਕ ਦੁਸ਼ਮਣੀ ਨੇ ਤਕਨੀਕੀ ਨਿਰਭਰਤਾ ਨਾਲ ਜੁੜੇ ਰਾਸ਼ਟਰੀ ਸੁਰੱਖਿਆ ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਹੈ, ਖ਼ਾਸਕਰ ਨਾਜ਼ੁਕ ਸਪਲਾਈ ਲੜੀਆਂ ਵਿੱਚ। ਉੱਨਤ ਸੈਮੀਕੰਡਕਟਰਾਂ ’ਤੇ ਬਰਾਮਦ ਰੋਕਾਂ ਅਤੇ ਅਮਰੀਕੀ ‘ਚਿਪਸ ਐਂਡ ਸਾਇੰਸ ਐਕਟ’ ਵਰਗੀਆਂ ਨੀਤੀਗਤ ਪਹਿਲਕਦਮੀਆਂ ਨੇ ਪੇਈਚਿੰਗ ’ਚ ਕਮਜ਼ੋਰੀ ਦੇ ਅਹਿਸਾਸ ਨੂੰ ਪਕੇਰਾ ਕਰ ਦਿੱਤਾ ਹੈ। ਇਸ ਮਾਹੌਲ ਵਿੱਚ ਨਵੀਆਂ ਕਾਢਾਂ ਇੱਕ ਤਰ੍ਹਾਂ ਦਾ ‘ਰਣਨੀਤਕ ਬੀਮਾ’ ਸਾਬਿਤ ਹੋ ਸਕਦੀਆਂ ਹਨ। ਪ੍ਰਮੁੱਖ ਤਕਨੀਕਾਂ ਦੇ ਸਵਦੇਸ਼ੀਕਰਨ ਅਤੇ ਉਨ੍ਹਾਂ ਨੂੰ ਘਰੇਲੂ ਢਾਂਚਿਆਂ ਵਿੱਚ ਸ਼ਾਮਲ ਕਰਕੇ ਚੀਨ ਬਾਹਰੀ ਦਬਾਅ ਦੇ ਪ੍ਰਭਾਵ ਨੂੰ ਘਟਾਉਣ ਅਤੇ ਸੰਭਾਵੀ ਰੁਕਾਵਟਾਂ ਖ਼ਿਲਾਫ਼ ਲਚਕੀਲੇਪਣ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤਰ੍ਹਾਂ ਤਕਨੀਕੀ ਸਵੈ-ਨਿਰਭਰਤਾ ਨੂੰ ਆਰਥਿਕ ਅਤੇ ਰਣਨੀਤਕ ਦੋਵਾਂ ਲੋੜਾਂ ਵਜੋਂ ਪੇਸ਼ ਕੀਤਾ ਗਿਆ ਹੈ।
ਭਾਰਤ ਲਈ ਇਹ ਘਟਨਾਕ੍ਰਮ ਇੱਕ ਗੁੰਝਲਦਾਰ ਨੀਤੀਗਤ ਤਸਵੀਰ ਪੇਸ਼ ਕਰਦੇ ਹਨ। ਚੀਨ ਅਤੇ ਅਮਰੀਕਾ ਦੇ ਵਿਚਕਾਰ ਤਕਨੀਕੀ ਵਖਰੇਵਿਆਂ ਅਤੇ ਸਿਆਸੀ ਰੰਗਤ ਵਾਲੀ ਅੰਤਰ-ਨਿਰਭਰਤਾ ਦੇ ਇਸ ਦੌਰ ਵਿੱਚ ਬਹੁਤ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ। ਪਲੇਟਫਾਰਮਾਂ, ਮਿਆਰਾਂ ਅਤੇ ਪੁਰਜ਼ਿਆਂ ਤੱਕ ਪਹੁੰਚ ਹੁਣ ਸਿਰਫ਼ ਬਾਜ਼ਾਰੀ ਸਰਗਰਮੀ ਦੁਆਰਾ ਨਿਰਧਾਰਤ ਨਹੀਂ ਹੁੰਦੀ। ਕਿਸੇ ਇੱਕ ਤਕਨੀਕੀ ਪ੍ਰਣਾਲੀ ’ਤੇ ਬਹੁਤ ਜ਼ਿਆਦਾ ਨਿਰਭਰਤਾ ਲੰਮੀ ਮਿਆਦ ਲਈ ਜੋਖ਼ਮ ਪੈਦਾ ਕਰਦੀ ਹੈ। ਇਸ ਲਈ ਰਣਨੀਤਕ ਖ਼ੁਦਮੁਖਤਿਆਰੀ ਨੂੰ ਬਰਕਰਾਰ ਰੱਖਣ ਲਈ ਵੱਖੋ-ਵੱਖਰੀ ਪਹੁੰਚ ਅਪਣਾਉਣ ਤੋਂ ਕਿਤੇ ਵੱਧ ਕੰਮ ਕਰਨ ਦੀ ਲੋੜ ਪਏਗੀ; ਇਹ ਭਰੋਸੇਯੋਗ ਘਰੇਲੂ ਤਕਨੀਕੀ ਸਮਰੱਥਾਵਾਂ ਵਿਕਸਿਤ ਕਰਨ ’ਤੇ ਨਿਰਭਰ ਕਰੇਗਾ। ਚੀਨ ਦੀ ਤਕਨੀਕ ਸਬੰਧੀ ਰਣਨੀਤੀ ਤੇਜ਼ੀ ਨਾਲ ਮੁਕਾਬਲੇਬਾਜ਼ੀ ਦੇ ਢਾਂਚੇ ਨੂੰ ਆਕਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਜ਼ਾਰ ਵਿੱਚ ਸਿਰਫ਼ ਮੁਕਾਬਲਾ ਕਰਨ ਦੀ ਬਜਾਏ ਇਸ ਦਾ ਟੀਚਾ ਇਨ੍ਹਾਂ ਬਾਜ਼ਾਰਾਂ ’ਚ ਆਉਂਦੀਆਂ ਤਬਦੀਲੀਆਂ ਨੂੰ ਅਸਰਅੰਦਾਜ਼ ਕਰਨਾ ਹੈ। ਬੈਟਰੀ ਕੈਮਿਸਟਰੀ ਅਤੇ ਪਾਵਰ ਇਲੈਕਟ੍ਰੌਨਿਕਸ ਤੋਂ ਲੈ ਕੇ ਉਦਯੋਗਿਕ ਮਸ਼ੀਨਰੀ, ਡੇਟਾ ਤੰਤਰ ਅਤੇ ਸੌਫਟਵੇਅਰ-ਹਾਰਡਵੇਅਰ ਏਕੀਕਰਨ ਵਰਗੀਆਂ ਬੁਨਿਆਦੀ ਸਮਰੱਥਾਵਾਂ ’ਤੇ ਆਪਣੀ ਪਕੜ ਮਜ਼ਬੂਤ ਕਰ ਕੇ ਚੀਨ ਹੋਰਾਂ ਦੇ ਇਸ ਖੇਤਰ ਵਿੱਚ ਪ੍ਰਵੇਸ਼ ਦੇ ਪੱਧਰ ਨੂੰ ਮੁਸ਼ਕਿਲ ਬਣਾ ਰਿਹਾ ਹੈ। ਨਿਰਮਾਣ ਭਾਵੇਂ ਭੂਗੋਲਿਕ ਤੌਰ ’ਤੇ ਖਿੰਡਿਆ ਹੋਇਆ ਹੋਵੇ, ਪਰ ਮਹੱਤਵਪੂਰਨ ਤਕਨੀਕਾਂ ’ਤੇ ਪਕੜ ਕੇਂਦਰੀਕ੍ਰਿਤ ਹੀ ਰਹਿੰਦੀ ਹੈ।
ਭਾਰਤ ਅੱਗੇ ਚੁਣੌਤੀ ਫੌਰੀ ਨਿਰਭਰਤਾ ਦੀ ਘੱਟ ਅਤੇ ਲੰਮੀ ਮੁਕਾਬਲੇਬਾਜ਼ੀ ਦੇ ਜੋਖ਼ਮ ਦੀ ਵੱਧ ਹੈ। ਘੱਟ ਲਾਗਤ ਵਾਲੀ ਚੀਨੀ ਤਕਨੀਕ ਤੱਕ ਪਹੁੰਚ ਥੋੜ੍ਹੇ ਸਮੇਂ ਦੀ ਕਾਰਜਕੁਸ਼ਲਤਾ ਪ੍ਰਦਾਨ ਕਰ ਸਕਦੀ ਹੈ, ਪਰ ਨਿਰਭਰਤਾ, ਸਪਲਾਈ ਲੜੀਆਂ ਦੇ ਕੇਂਦਰੀਕਰਨ ਅਤੇ ਘਟਦੇ ਰਣਨੀਤਕ ਲਚਕੀਲੇਪਣ ਕਾਰਨ ਇਹ ਕਮਜ਼ੋਰੀਆਂ ਵੀ ਪੈਦਾ ਕਰ ਸਕਦੀ ਹੈ। ਇਸ ਸੰਦਰਭ ਵਿੱਚ ਸਾਵਧਾਨੀ ਵਿੱਚੋਂ ਕਿਸੇ ਵਿਚਾਰਧਾਰਾ ਦੀ ਥਾਂ ਵਿਹਾਰਕ ਜੋਖ਼ਮ ਦਾ ਮੁਲਾਂਕਣ ਵੱਧ ਝਲਕਦਾ ਹੈ। ਚੀਨ ਦੀ ਨਵੀਆਂ ਖੋਜਾਂ ਸਬੰਧੀ ਰਣਨੀਤੀ ਸੁਰੱਖਿਆ ਖੇਤਰ ਤੱਕ ਵੀ ਫੈਲੀ ਹੋਈ ਹੈ। ਜਿਉਂ-ਜਿਉਂ ਖੋਜ ਕਾਰਜਾਂ ਦਾ ਤਾਣਾ-ਬਾਣਾ ਡੂੰਘਾ ਹੋ ਰਿਹਾ ਹੈ, ਪੇਈਚਿੰਗ ਨੇ ਰੱਖਿਆ ਪ੍ਰਯੋਗਾਂ ਦਾ ਸਿਵਿਲੀਅਨ ਤਕਨੀਕੀ ਵਿਕਾਸ ਨਾਲ ਏਕੀਕਰਨ ਕਰ ਕੇ ਇਸ ਦਾ ਵਿਸਤਾਰ ਕੀਤਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ, ਮਾਨਵ ਰਹਿਤ ਪ੍ਰਣਾਲੀਆਂ, ਸੰਚਾਰ ਅਤੇ ਡੇਟਾ ਵਿਸ਼ਲੇਸ਼ਣ ਵਪਾਰਕ ਬਾਜ਼ਾਰਾਂ ਦੀਆਂ ਲੋੜਾਂ ਪੂਰਦੇ ਹਨ ਅਤੇ ਨਾਲ ਹੀ ਫ਼ੌਜੀ ਸਮਰੱਥਾਵਾਂ ਨੂੰ ਵੀ ਵਧਾਉਂਦੇ ਹਨ। ਸੰਸਥਾਗਤ ਤਾਲਮੇਲ ਦੋਹਰੀ ਵਰਤੋਂ ਵਾਲੀਆਂ ਤਕਨੀਕਾਂ ਦੇ ਤੇਜ਼ੀ ਨਾਲ ਪਸਾਰ ਨੂੰ ਸੰਭਵ ਬਣਾਉਂਦਾ ਹੈ।
ਚੀਨ ਦਾ ਰੁਖ਼ ਖੋਜ ਕਾਰਜਾਂ ਸਬੰਧੀ ਭਾਰਤ ਦੀਆਂ ਚੋਣਾਂ ’ਤੇ ਧਿਆਨ ਕੇਂਦਰਿਤ ਕਰਦਾ ਹੈ। ਭਾਰਤ ਕੋਲ ਪ੍ਰਮੁੱਖ ਤਾਕਤਾਂ ਹਨ: ਇੱਕ ਵਿਸ਼ਾਲ ਸਟੈੱਮ (ਵਿਗਿਆਨ, ਤਕਨੀਕ, ਇੰਜੀਨੀਅਰਿੰਗ, ਗਣਿਤ) ਕਾਰਜ ਬਲ, ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਡਿਜੀਟਲ ਸਰਕਾਰੀ ਢਾਂਚਾ, ਸਰਗਰਮ ਸਟਾਰਟ-ਅੱਪ ਵਾਤਾਵਰਨ ਅਤੇ ਇੱਕ ਮੁਕਾਬਲੇ ਦਾ ਆਈਟੀ ਸੇਵਾ ਖੇਤਰ। ਯੂ ਪੀ ਆਈ ਵਰਗੇ ਪਲੈਟਫਾਰਮ ਆਬਾਦੀ ਦੇ ਪੈਮਾਨੇ ’ਤੇ ਡਿਜੀਟਲ ਸਿਸਟਮ ਬਣਾਉਣ ਦੀ ਭਾਰਤ ਦੀ ਸਮਰੱਥਾ ਨੂੰ ਦਰਸਾਉਂਦੇ ਹਨ, ਜੋ ਸ਼ਮੂਲੀਅਤ, ਵਿਸ਼ਵਾਸ ਅਤੇ ਕੁਸ਼ਲਤਾ ਦਾ ਸੁਮੇਲ ਪੈਦਾ ਕਰਦੇ ਹਨ। ਪੁਲਾੜ ਅਤੇ ਰੱਖਿਆ ਸੈਕਟਰ ਵਿੱਚ ਪ੍ਰਾਪਤੀਆਂ ਮਿਸ਼ਨ-ਮੁਖੀ ਪ੍ਰਸ਼ਾਸਨ ਦੇ ਮਹੱਤਵ ਨੂੰ ਹੋਰ ਸਪੱਸ਼ਟ ਕਰਦੀਆਂ ਹਨ। ਇਸ ਦੇ ਨਾਲ ਹੀ ਢਾਂਚਾਗਤ ਰੁਕਾਵਟਾਂ ਵੀ ਬਰਕਰਾਰ ਹਨ। ਖੋਜ ਅਤੇ ਵਿਕਾਸ ਵਿੱਚ ਭਾਰਤ ਜੀ ਡੀ ਪੀ ਦਾ ਲਗਭਗ 0.6 ਫ਼ੀਸਦੀ ਨਿਵੇਸ਼ ਕਰਦਾ ਹੈ, ਜੋ ਕਲਪਨਾਵਾਂ ਮੁਤਾਬਿਕ ਉੱਚ ਤਕਨੀਕ ਵਿਕਸਿਤ ਕਰਨ ਤੋਂ ਰੋਕਦਾ ਹੈ। ਇਸ ਦੇ ਉਲਟ ਚੀਨ ਖੋਜ ਅਤੇ ਵਿਕਾਸ ਉੱਤੇ 2 ਫ਼ੀਸਦੀ ਤੋਂ ਵੱਧ ਨਿਵੇਸ਼ ਕਰਦਾ ਹੈ। ਅਕਾਦਮਿਕ ਤੇ ਉਦਯੋਗ ਖੇਤਰ ਦੇ ਕਮਜ਼ੋਰ ਸਬੰਧ ਅਤੇ ਨੀਤੀਗਤ ਅਨਿਸ਼ਚਿਤਤਾ ਲੰਮਾ ਜੋਖ਼ਮ ਲੈਣ ਦੇ ਰਾਹ ਨੂੰ ਔਖਾ ਬਣਾਉਂਦੇ ਹਨ। 117 ‘ਯੂਨੀਕੌਰਨ’ ਕੰਪਨੀਆਂ ਪੈਦਾ ਕਰਨ ਦੇ ਬਾਵਜੂਦ ਭਾਰਤ ’ਚ ਖੋਜ ਕਾਰਜਾਂ ਦਾ ਪੈਂਡਾ ਕਾਫ਼ੀ ਔਖਾ ਹੈ। ‘ਆਊਟਲੁੱਕ ਬਿਜ਼ਨਸ’ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਅਪਰੈਲ 2025 ਤੱਕ ਸਟਾਰਟ-ਅੱਪਸ ਦੁਆਰਾ ਸਿਰਫ਼ 229 ਪੇਟੈਂਟ ਦਰਜ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ ਦੋ-ਤਿਹਾਈ ਸਿਰਫ਼ ਦੋ ਫਰਮਾਂ ਦੇ ਸਨ। ਬੌਧਿਕ ਸੰਪਤੀ ਦੀ ਮਾਲਕੀ ਤੋਂ ਬਿਨਾਂ ਪੱਲੜਾ ਪ੍ਰਗਤੀ ਵੱਲ ਨੂੰ ਤਾਂ ਝੁਕ ਸਕਦਾ ਹੈ, ਪਰ ਇਹ ਰਣਨੀਤਕ ਮਜ਼ਬੂਤੀ ਯਕੀਨੀ ਨਹੀਂ ਬਣਾਉਂਦਾ।
ਚੀਨ ਨਾਲ ਪਾੜੇ ਨੂੰ ਪੂਰਨ ਲਈ ਸੋਚ-ਸਮਝ ਕੇ ਉਲੀਕੇ ਸੰਸਥਾਗਤ ਖਾਕੇ ਦੀ ਲੋੜ ਪਵੇਗੀ। ਖੋਜ ਨੂੰ ਉੱਦਮਤਾ ਦੇ ਇੱਕ ਉਤਪਾਦ ਦੀ ਬਜਾਏ ਇੱਕ ਰਣਨੀਤਕ ਸਮਰੱਥਾ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਭਾਰਤ ਨੂੰ ਖੋਜ ਅਤੇ ਵਿਕਾਸ ਵਿੱਚ ਨਿਵੇਸ਼ ਵਧਾਉਣ ਦੇ ਨਾਲ-ਨਾਲ ਅਜਿਹੇ ਖਰੀਦ ਢਾਂਚੇ ਬਣਾਉਣੇ ਚਾਹੀਦੇ ਹਨ, ਜੋ ਊਰਜਾ ਪ੍ਰਣਾਲੀਆਂ, ਇਲੈਕਟ੍ਰੌਨਿਕਸ, ਰੱਖਿਆ ਨਾਲ ਸਬੰਧਿਤ ਨਿਰਮਾਣ ਅਤੇ ਡਿਜੀਟਲ ਬੁਨਿਆਦੀ ਢਾਂਚੇ ਵਰਗੇ ਖੇਤਰਾਂ ਵਿੱਚ ਘਰੇਲੂ ਤਕਨੀਕਾਂ ਲਈ ਇੱਕ ਨਿਸ਼ਚਿਤ ਮੰਗ ਪੈਦਾ ਕਰਨ।
Share this content:



Post Comment