Loading Now

ਚਿੱਟੀਆਂ ਚਾਦਰਾਂ ਦੇ ਓਹਲੇ ਓਹਲੇ…

ਚਿੱਟੀਆਂ ਚਾਦਰਾਂ ਦੇ ਓਹਲੇ ਓਹਲੇ…

ਸ਼ਨਿੱਚਰਵਾਰ ਸਵੇਰੇ ਨਵੀਂ ਦਿੱਲੀ ਦੇ ਜੰਤਰ ਮੰਤਰ ’ਤੇ ਪੇਪਰ ਲੀਕ ਮਾਮਲੇ ’ਚ ਪਿਛਲੇ ਵੀਹ ਦਿਨਾਂ ਤੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਉੱਘੇ ਸਿੱਖਿਆ ਸ਼ਾਸਤਰੀ, ਵਾਤਾਵਰਣ ਪ੍ਰੇਮੀ, ਖੋਜੀ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸਾਦੇ ਕੱਪੜਿਆਂ ’ਚ ਆਏ ਦਿੱਲੀ ਪੁਲੀਸ ਦੇ ਜਵਾਨ ਚਿੱਟੀਆਂ ਚਾਦਰਾਂ ਦੇ ਓਹਲੇ ਓਹਲੇ ਚੁੱਕ ਕੇ ਲੈ ਗਏ। ਪੁਲੀਸ ਨੇ ਇਹ ਕਾਰਵਾਈ ਉਦੋਂ ਕੀਤੀ ਹੈ ਜਦੋਂ 20 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਇੱਥੋਂ ਸੰਸਦ ਭਵਨ ਤੱਕ ਰੋਸ ਮਾਰਚ ਕੀਤਾ ਜਾਣਾ ਸੀ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਜੰਤਰ ਮੰਤਰ ਜਾ ਕੇ ਸੋਨਮ ਵਾਂਗਚੁਕ ਦੀ ਹਮਾਇਤ ਕਰਦਿਆਂ ਉਨ੍ਹਾਂ ਦੀ ਵਿਗੜ ਰਹੀ ਸਿਹਤ ’ਤੇ ਲਗਾਤਾਰ ਫ਼ਿਕਰਮੰਦੀ ਜ਼ਾਹਿਰ ਕੀਤੀ ਜਾ ਰਹੀ ਸੀ।

ਅਜੇ ਬੀਤੇ ਦਿਨ ਹੀ ਦਿੱਲੀ ਦੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਨੂੰ ਅਚਾਨਕ ਹਟਾ ਕੇ ਅਨੁਰਾਗ ਕੁਮਾਰ ਨੂੰ ਉਨ੍ਹਾਂ ਦੀ ਥਾਂ ਨਵਾਂ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਅਤੇ ਅੱਜ ਤੜਕੇ ਸੱਤ ਵਜੇ ਦੇ ਕਰੀਬ ਦਿੱਲੀ ਪੁਲੀਸ ਦਾ ਵੱਡਾ ਦਸਤਾ ਪੂਰੇ ਲਾਮ ਲਸ਼ਕਰ ਅਤੇ ਵੱਡੇ ਅਧਿਕਾਰੀਆਂ ਨਾਲ ਜੰਤਰ ਮੰਤਰ ’ਤੇ ਮੌਜੂਦ ਸੀ। ਸਾਦੇ ਕੱਪੜਿਆਂ ’ਚ ਆਏ ਇਹ ਪੁਲੀਸ ਮੁਲਾਜ਼ਮ ਜਦੋਂ ਮੰਚ ’ਤੇ ਕਾਬਜ਼ ਹੋਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਨੇ ਇਸ ਦਾ ਵਿਰੋਧ ਕੀਤਾ, ਪਰ ਇਹ ਉਨ੍ਹਾਂ ਨੂੰ ਪਿੱਛੇ ਧੱਕ ਕੇ ਸੋਨਮ ਵਾਂਗਚੁਕ ਨੂੰ ਚੁੱਕ ਕੇ ਲਿਜਾਣ ਲੱਗੇ। ਕੌਣ ਕਹਿੰਦੈ ਕਿ ਵਾਂਗਚੁਕ ਨੂੰ ਲਿਜਾਣ ਵੇਲੇ ਪੁਲੀਸ ਨੇ ਧੱਕਾ ਕੀਤੈ? ਪੁਲੀਸ ਨੇ ਚਾਰੋਂ ਪਾਸੇ ਘੇਰਾ ਬਣਾ ਕੇ ਇਹਤਰਾਮ ਵਜੋਂ ਵੱਡੀਆਂ ਚਿੱਟੀਆਂ ਚਾਦਰਾਂ ਤਾਣੀਆਂ ਤਾਂ ਸਨ। ਐਵੇਂ ਕਿਤੇ ਕੋਈ ਉਸ ਮੌਕੇ ਉਨ੍ਹਾਂ ਨੂੰ ਚਾਦਰ ’ਚ ਤੁੱਥ-ਮੁੱਥ ਕਰ ਕੇ ਸੁੱਟਦਿਆਂ ਦੀ ਤਸਵੀਰ ਲੈ ਲਵੇ ਜਾਂ ਵੀਡੀਓ ਬਣਾ ਲਵੇ, ਜਿਸ ਨੂੰ ਦੇਖ ਕੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਵੇ ਜਾਂ ਕਿਤੇ ਜਮਹੂਰੀਅਤ ਦੀ ਹੀ ਨਜ਼ਰ ਪੈ ਜਾਵੇ ਅਤੇ ਇਹ ਸ਼ਰਮਿੰਦੀ ਸ਼ਰਮਿੰਦੀ ਹੋਈ ਲੋਕਾਂ ਤੇ ਆਪਣੇ ਆਪ ਤੋਂ ਕਿਤੇ ਲੁਕਦੀ ਫਿਰੇ।

ਜਮਹੂਰੀਅਤ ਦੇ ਸ਼ਰਮਿੰਦਾ ਹੋਣ ਦਾ ਕੋਈ ਇੱਕ ਸਬੱਬ ਥੋੜ੍ਹਾ ਹੈ! ਇੱਕ ਅੰਦਾਜ਼ੇ ਮੁਤਾਬਿਕ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਲੀਕ ਹੋਈਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਗਿਣਤੀ 89 ਤੋਂ ਵੱਧ ਹੈ, ਜਿਸ ਕਾਰਨ ਕਰੋੜਾਂ ਵਿਦਿਆਰਥੀਆਂ ਦੇ ਭਵਿੱਖ ’ਤੇ ਅਸਰ ਪਿਆ ਹੈ। ਇਨ੍ਹਾਂ ਪ੍ਰੀਖਿਆਵਾਂ ਵਿੱਚ ਕੇਂਦਰੀ ਅਤੇ ਸੂਬਾਈ ਪੱਧਰ ਦੀ ਭਰਤੀ ਦੇ ਨਾਲ-ਨਾਲ ਵੱਖ-ਵੱਖ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖ਼ਲੇ ਲਈ ਲਏ ਜਾਂਦੇ ਇਮਤਿਹਾਨ ਵੀ ਸ਼ਾਮਿਲ ਹਨ। ਹਾਲ ਹੀ ਵਿੱਚ ਹੋਇਆ ‘ਨੀਟ’ ਪੇਪਰ ਲੀਕ ਇਸ ਦੀ ਸਭ ਤੋਂ ਉੱਘੜਵੀਂ ਉਦਾਹਰਣ ਹੈ। ਇਹ ਪੇਪਰ ਲੀਕ ਹੋਣ ਮਗਰੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ 22 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। ਹਾਲਾਂਕਿ ਸਾਲ 2024 ਵਿੱਚ ਕੇਂਦਰ ਸਰਕਾਰ ਨੇ ਨਕਲ ਰੋਕਣ ਲਈ ਕਾਨੂੰਨ ਵੀ ਬਣਾਇਆ, ਜਿਸ ਤਹਿਤ ਪ੍ਰੀਖਿਆਵਾਂ ਦੌਰਾਨ ਗ਼ਲਤ ਢੰਗ-ਤਰੀਕੇ ਵਰਤਣ ਵਾਲੇ ਵਿਅਕਤੀਆਂ ਅਤੇ ਹੋਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵਿਵਸਥਾ ਕੀਤੀ ਗਈ। ਇਸ ਕਾਨੂੰਨ ਦੇ ਬਾਵਜੂਦ ਅਜੇ ਤੱਕ ਇਨ੍ਹਾਂ ਮਾਮਲਿਆਂ ’ਚ ਛੋਟੀਆਂ-ਮੋਟੀਆਂ ਮੱਛੀਆਂ ਹੀ ਫੜੀਆਂ ਗਈਆਂ ਜਦੋਂਕਿ ਵੱਡੇ ਮਗਰਮੱਛ ਬਚ ਕੇ ਸਾਫ਼ ਨਿਕਲ ਗਏ ਜਾਂ ਫਿਰ ਉਨ੍ਹਾਂ ਨੂੰ ਨਿਕਲ ਜਾਣ ਦਿੱਤਾ ਗਿਆ? ਸ਼ਾਇਦ ਇਸੇ ਲਈ ਬਾਅਦ ਵਿੱਚ ਵੀ ਪੇਪਰ ਲੀਕ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

Share this content:

Post Comment