Loading Now

ਚਿਰਾਗ ਵੀਰ ਸਿੰਘ ਸਰਾਓ ਅਮਰੀਕੀ ਏਅਰ ਫੋਰਸ ਅਕੈਡਮੀ ’ਚ ਦਾਖਲਾ ਲੈਣ ਵਾਲਾ ਬਣਿਆ ਪਹਿਲਾ ਦਸਤਾਰਧਾਰੀ ਸਿੱਖ

ਚਿਰਾਗ ਵੀਰ ਸਿੰਘ ਸਰਾਓ ਅਮਰੀਕੀ ਏਅਰ ਫੋਰਸ ਅਕੈਡਮੀ ’ਚ ਦਾਖਲਾ ਲੈਣ ਵਾਲਾ ਬਣਿਆ ਪਹਿਲਾ ਦਸਤਾਰਧਾਰੀ ਸਿੱਖ

ਵਾਸ਼ਿੰਗਟਨ, 14 ਜੁਲਾਈ – ਅਮਰੀਕੀ ਸਿੱਖ ਚਿਰਾਗ ਵੀਰ ਸਿੰਘ ਸਰਾਓ ਨੇ ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਉਹ ਇਸ ਮਾਣਯੋਗ ਸੈਨਿਕ ਅਕੈਡਮੀ ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਹਨ, ਜਿਨ੍ਹਾਂ ਨੂੰ ਆਪਣੀ ਸਿੱਖ ਧਾਰਮਿਕ ਪਹਿਚਾਣ ਅਤੇ ਪੰਜ ਕਕਾਰਾਂ ਸਮੇਤ ਫੌਜੀ ਸੇਵਾ ਨਿਭਾਉਣ ਦੀ ਅਧਿਕਾਰਤ ਮਨਜ਼ੂਰੀ ਵੀ ਮਿਲੀ ਹੈ। ਅਮਰੀਕਨ ਸਿੱਖ ਕੌਂਸਲ ਅਨੁਸਾਰ ਚਿਰਾਗ ਵੀਰ ਸਿੰਘ ਨੂੰ 4 ਅਪ੍ਰੈਲ 2026 ਨੂੰ ਅਕੈਡਮੀ ਲਈ ਨਿਯੁਕਤ ਕੀਤਾ ਗਿਆ, ਜਦਕਿ 20 ਜੂਨ ਨੂੰ ਉਨ੍ਹਾਂ ਨੂੰ ਧਾਰਮਿਕ ਛੋਟ ਪ੍ਰਦਾਨ ਕੀਤੀ ਗਈ। ਇਸ ਉਪਰੰਤ 24 ਜੂਨ ਨੂੰ ਉਹ ਅਧਿਕਾਰਤ ਤੌਰ ’ਤੇ ਅਕੈਡਮੀ ਵਿੱਚ ਸ਼ਾਮਲ ਹੋਏ ਅਤੇ ਇਸ ਵੇਲੇ ਛੇ ਹਫ਼ਤਿਆਂ ਦੀ ਸਖ਼ਤ ਮੁੱਢਲੀ ਸੈਨਿਕ ਸਿਖਲਾਈ ਹਾਸਲ ਕਰ ਰਹੇ ਹਨ। ਚਿਰਾਗ ਵੀਰ ਸਿੰਘ ਦੀ ਪ੍ਰਾਪਤੀ ਇਸ ਲਈ ਵੀ ਵਿਸ਼ੇਸ਼ ਹੈ ਕਿ ਉਨ੍ਹਾਂ ਨੂੰ ਏਅਰ ਫੋਰਸ ROTC ਅਤੇ ਨੇਵਲ ROTC ਦੋਵਾਂ ਵੱਲੋਂ ਪੂਰੀ ਸਕਾਲਰਸ਼ਿਪ ਦੀ ਪੇਸ਼ਕਸ਼ ਮਿਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਸਦਰਨ ਕੈਲੀਫ਼ੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਰਗੀਆਂ ਨਾਮਵਰ ਸੰਸਥਾਵਾਂ ਵਿੱਚ ਵੀ ਦਾਖਲਾ ਮਿਲਿਆ, ਪਰ ਉਨ੍ਹਾਂ ਨੇ ਦੇਸ਼ ਸੇਵਾ ਦੇ ਸੁਪਨੇ ਨੂੰ ਪਹਿਲ ਦਿੰਦਿਆਂ ਏਅਰ ਫੋਰਸ ਅਕੈਡਮੀ ਦੀ ਚੋਣ ਕੀਤੀ।

ਚਿਰਾਗ ਵੀਰ ਸਿੰਘ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ, ਅਧਿਆਪਕਾਂ ਅਤੇ ਅਮਰੀਕਨ ਸਿੱਖ ਕੌਂਸਲ ਨੂੰ ਦਿੱਤਾ। ਉਨ੍ਹਾਂ ਖ਼ਾਸ ਤੌਰ ’ਤੇ ASC ਦੇ ਪ੍ਰਤੀਨਿਧੀ ਅਤੇ USAFA ਦੇ ਮਾਨਦ ਭਰਤੀ ਸਲਾਹਕਾਰ ਕਵਨੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਵੀਂ ਜਮਾਤ ਤੋਂ ਮਿਲੀ ਰਹਿਨੁਮਾਈ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਨੇ ਉਨ੍ਹਾਂ ਨੂੰ ਇਸ ਮੰਜ਼ਿਲ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ। ਅਮਰੀਕਨ ਸਿੱਖ ਕੌਂਸਲ ਨੇ ਕਿਹਾ ਕਿ ਚਿਰਾਗ ਵੀਰ ਸਿੰਘ ਦੀ ਇਹ ਪ੍ਰਾਪਤੀ ਸਿਰਫ਼ ਇੱਕ ਵਿਅਕਤੀ ਦੀ ਸਫ਼ਲਤਾ ਨਹੀਂ, ਸਗੋਂ ਪੂਰੇ ਸਿੱਖ ਅਮਰੀਕੀ ਭਾਈਚਾਰੇ ਲਈ ਇਤਿਹਾਸਕ ਮੀਲ ਪੱਥਰ ਹੈ।

Share this content:

Post Comment