ਚਾਰ ਸਾਲ ਬਾਅਦ ਭੁਵਨੇਸ਼ਵਰ ਕੁਮਾਰ ਦੀ ਟੀਮ ਇੰਡੀਆ ’ਚ ਵਾਪਸੀ
ਨਵੀਂ ਦਿੱਲੀ, 8 ਅਕਤੂਬਰ – ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ T20 ਲੜੀ ਲਈ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਲੱਗਦਾ ਸੀ ਕਿ ਭਾਰਤ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਖਤਮ ਹੋ ਚੁੱਕਾ ਹੈ। ਪਿੱਠ, ਗਿੱਟੇ ਅਤੇ ਗੋਡੇ ਦੀਆਂ ਸੱਟਾਂ ਨੇ ਉਨ੍ਹਾਂ ਦੇ ਸਰੀਰ ‘ਤੇ ਡੂੰਘਾ ਅਸਰ ਪਾਇਆ ਸੀ। 33 ਸਾਲ ਦੀ ਉਮਰ ਵਿੱਚ ਨਵੀਂ ਪੀੜ੍ਹੀ ਦੇ ਤੇਜ਼ ਗੇਂਦਬਾਜ਼ਾਂ ਦੇ ਮੁਕਾਬਲੇ ਵਿੱਚ ਉਨ੍ਹਾਂ ਦੀ ਵਾਪਸੀ ਦੀਆਂ ਉਮੀਦਾਂ ਬਹੁਤ ਘੱਟ ਨਜ਼ਰ ਆ ਰਹੀਆਂ ਸਨ। ਪਰ ਭੁਵਨੇਸ਼ਵਰ ਨੇ ਹਾਰ ਮੰਨਣ ਦੀ ਬਜਾਏ ਖੁਦ ਨੂੰ ਦੁਬਾਰਾ ਤਿਆਰ ਕਰਨ ਦਾ ਰਾਹ ਚੁਣਿਆ।
ਉਨ੍ਹਾਂ ਨੇ ਤਿੰਨ ਸਾਲਾਂ ਤੱਕ ਲਗਾਤਾਰ ਮਿਹਨਤ ਕੀਤੀ, ਸਰੀਰ ਤੋਂ ਫੈਟ ਘਟਾਈ, ਤਾਕਤ ਵਧਾਈ ਅਤੇ ਆਪਣੀ ਗੇਂਦਬਾਜ਼ੀ ਦੇ ਪੁਰਾਣੇ ਹਥਿਆਰਾਂ (ਸਵਿੰਗ) ਨੂੰ ਵਾਪਸ ਲਿਆਉਣ ‘ਤੇ ਕੰਮ ਕੀਤਾ। ਇਸ ਮਿਹਨਤ ਦਾ ਨਤੀਜਾ IPL 2026 ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਉਨ੍ਹਾਂ ਨੇ 16 ਮੈਚਾਂ ਵਿੱਚ 28 ਵਿਕਟਾਂ ਲਈਆਂ ਅਤੇ RCB ਨੂੰ ਲਗਾਤਾਰ ਦੂਜੀ ਵਾਰ IPL ਟਰਾਫੀ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਹੁਣ ਉਨ੍ਹਾਂ ਦੀ ਇਸੇ ਕਰੜੀ ਮਿਹਨਤ ਦਾ ਨਤੀਜਾ ਟੀਮ ਇੰਡੀਆ ਵਿੱਚ ਵਾਪਸੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਨਿਊਜ਼ੀਲੈਂਡ ਖਿਲਾਫ 5 ਮੈਚਾਂ ਦੀ T20 ਸੀਰੀਜ਼ ਲਈ 36 ਸਾਲਾ ਭੁਵਨੇਸ਼ਵਰ ਕੁਮਾਰ ਨੂੰ ਭਾਰਤੀ ਟੀਮ ਵਿੱਚ ਵਾਪਸ ਬੁਲਾਇਆ ਗਿਆ ਹੈ।
Share this content:



Post Comment