Loading Now

ਚਾਈਨਾ ਡੋਰ ਦੀ ਬਲੀ ਚੜ੍ਹੀਆ 15 ਸਾਲ ਦੇ ਤਰਨਜੋਤ ਸਿੰਘ

ਚਾਈਨਾ ਡੋਰ ਦੀ ਬਲੀ ਚੜ੍ਹੀਆ 15 ਸਾਲ ਦੇ ਤਰਨਜੋਤ ਸਿੰਘ

ਸਮਰਾਲਾ, 24 ਜਨਵਰੀ – ਸਮਰਾਲਾ ਪੁਲਿਸ ਵੱਲੋਂ ਚੀਨੀ ਡੋਰ ਖਿਲਾਫ ਕੀਤੀ ਸਖ਼ਤੀ ਦੇ ਕੀਤੇ ਦਾਅਵੇ ਅੱਜ ਹਵਾ ‘ਚ ਓਦੋ ਉੱਡਦੇ ਵਿਖਾਈ ਦਿੱਤੇ ਜਦੋਂ ਸਕੂਲੋਂ ਘਰ ਪਰਤ 15 ਸਾਲ ਦੇ ਵਿਦਿਆਰਥੀ ਦੀ ਇਸ ਡੋਰ ਦੀ ਲਪੇਟ ‘ਚ ਆਉਣ ਤੋਂ ਬਾਅਦ ਗਰਦਨ ਕੱਟੇ ਜਾਣ ਕਾਰਨ ਦਰਦਨਾਕ ਮੌਤ ਹੋ ਗਈ। ਇਹ ਮ੍ਰਿਤਕ ਵਿਦਿਆਰਥੀ ਜਿਸ ਦੀ ਪਛਾਣ ਤਰਨਜੋਤ ਸਿੰਘ ਵਾਸੀ ਪਿੰਡ ਰੋਹਲੇ ਵਜੋਂ ਹੋਈ ਹੈ, ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਹ ਆਪਣੇ ਬੱਚੇ ਦੀ ਮੌਤ ਲਈ ਸਥਾਨਕ ਪ੍ਰਸ਼ਾਸਨ ਨੂੰ ਕਥਿਤ ਤੌਰ ਤੇ ਜ਼ਿੰਮੇਵਾਰ ਮੰਨਦੇ ਹਨ। ਇਸ ਘਟਨਾ ‘ਚ ਮ੍ਰਿਤਕ ਤਰਨਜੋਤ ਦਾ ਚਚੇਰਾ ਭਰਾ ਵੀ ਚੀਨੀ ਡੋਰ ਦੀ ਚਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜੋ ਕਿ ਉਸ ਨੂੰ ਮੋਟਰਸਾਈਕਲ ‘ਤੇ ਸਕੂਲ ਤੋਂ ਵਾਪਸ ਲੈ ਕੇ ਘਰ ਪਰਤ ਰਿਹਾ ਸੀ ਜਿਸ ਨੂੰ ਇਲਾਜ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਨੇੜਲੇ ਪਿੰਡ ਰੋਹਲੇ ਨਿਵਾਸੀ 15 ਸਾਲਾ ਤਰਨਜੋਤ ਸਿੰਘ ਆਪਣੇ ਚਚੇਰੇ ਭਰਾ ਪ੍ਰਭਜੋਤ ਸਿੰਘ ਸਮੇਤ ਸਕੂਲ ਤੋਂ ਛੁੱਟੀ ਹੋਣ ਉਪਰੰਤ ਮੋਟਰਸਾਈਕਲ ਤੇ ਸਮਰਾਲਾ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ। ਜਿਵੇਂ ਹੀ ਇਹ ਦੋਵੇਂ ਨੌਜਵਾਨ ਲੁਧਿਆਣਾ ਚੰਡੀਗੜ੍ਹ ਮੇਨ ਹਾਈਵੇ ‘ਤੇ ਪਿੰਡ ਚਹਿਲਾਂ ਕੋਲ ਪੁੱਜੇ ਤਾਂ ਉੱਥੇ ਫਸੀ ਹੋਈ ਪਤੰਗ ਦੀ ਡੋਰ ਨੇ ਤਰਨਜੋਤ ਸਿੰਘ ਦਾ ਗਲ ਪੂਰੀ ਤਰ੍ਹਾਂ ਨਾਲ ਵੱਢ ਦਿੱਤਾ। ਇਸ ਖੂਨੀ ਡੋਰ ਨਾਲ ਤਰਨਜੋਤ ਦੀ ਗਰਦਨ ਵੱਢੇ ਜਾਣ ਕਾਰਨ ਉਸ ਦੀ ਕੁਝ ਦੇਰ ਵਿੱਚ ਹੀ ਮੌਤ ਹੋ ਗਈ। ਜਦਕਿ ਮੋਟਰਸਾਈਕਲ ਚਲਾ ਰਹੇ ਪ੍ਰਭਜੋਤ ਸਿੰਘ ਨੂੰ ਵੀ ਇਸ ਖੂਨੀ ਡੋਰ ਨੇ ਆਪਣੀ ਚਪੇਟ ਵਿੱਚ ਲੈਂਦੇ ਹੋਏ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਐੱਸਐਚਓ ਸਮਰਾਲਾ ਹਰਵਿੰਦਰ ਸਿੰਘ ਵੀ ਮੌਕੇ ਤੇ ਪੁੱਜੇ ਅਤੇ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਪਤੰਗ ਦੀ ਡੋਰ ਦੀ ਚਪੇਟ ਵਿੱਚ ਆਣ ਕਾਰਨ ਤਰਨਜੀਤ ਸਿੰਘ ਦੀ ਮੌਤ ਹੋਈ ਹੈ। ਜਦੋਂ ਉਹਨਾਂ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਚਾਈਨਾ ਡੋਰ ਖਿਲਾਫ ਪੁਲਿਸ ਦੀ ਇੰਨੀ ਸਖ਼ਤੀ ਦੇ ਦਾਅਵਿਆਂ ਦੇ ਬਾਵਜੂਦ ਵੀ ਇੰਨੀ ਵੱਡੀ ਘਟਨਾ ਕਿਵੇਂ ਵਾਪਰੀ ਤਾਂ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਸਕੇ। ਸਿਰਫ ਇੰਨਾ ਹੀ ਕਿਹਾ ਕਿ, ਇਹ ਡੋਰ ਪਹਿਲਾਂ ਤੋਂ ਹੀ ਉੱਥੇ ਫਸੀ ਹੋਈ ਸੀ, ਨਾ ਕਿ ਇਸ ਡੋਰ ਨਾਲ ਪਤੰਗ ਉਡਾਇਆ ਜਾ ਰਿਹਾ ਸੀ।

Share this content:

Post Comment