ਗ੍ਰਹਿ ਮੰਤਰਾਲੇ ਨੇ ਜ਼ਾਕਿਰ ਨਾਇਕ ਦੀ ਫਾਊਂਡੇਸ਼ਨ ’ਤੇ ਪਾਬੰਦੀ ਪੰਜ ਸਾਲਾਂ ਲਈ ਵਧਾਈ
ਨਵੀਂ ਦਿੱਲੀ, 16 ਨਵੰਬਰ – ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਵਾਦਿਤ ਪ੍ਰਚਾਰਕ ਜ਼ਾਕਿਰ ਨਾਇਕ ਦੀ ਇਸਲਾਮਿਕ ਰਿਸਰਚ ਫਾਊਂਡੇਸ਼ਨ (ਆਈ ਆਰ ਐੱਫ) ਉੱਤੇ ਲੱਗੀ ਪਾਬੰਦੀ ਪੰਜ ਸਾਲਾਂ ਲਈ ਵਧਾ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਇਹ ਸੰਸਥਾ ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਲ ਰਹੀ ਹੈ ਜੋ ਦੇਸ਼ ਦੀ ਸੁਰੱਖਿਆ ਲਈ ਨੁਕਸਾਨਦੇਹ ਅਤੇ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਸਮਰੱਥ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ ’ਤੇ ਸੁਨੇਹੇ ਵਿੱਚ ਕਿਹਾ ਕਿ ਭਗੌੜੇ ਪ੍ਰਚਾਰਕ ਜ਼ਾਕਿਰ ਨਾਇਕ ਦੀ ਅਗਵਾਈ ਵਾਲੀ ਫਾਊਂਡੇਸ਼ਨ ਅਤਿਵਾਦ ਅਤੇ ਵੱਖਵਾਦ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੀ ਆਈ ਹੈ, ਜਿਸ ਕਾਰਨ ਸੰਸਥਾ ’ਤੇ ਲੱਗੀ ਪਾਬੰਦੀ ਵਿੱਚ ਪੰਜ ਸਾਲਾਂ ਦਾ ਵਾਧਾ ਕੀਤਾ ਗਿਆ ਹੈ।
ਸਰਕਾਰ ਵੱਲੋਂ ਜਾਰੀ ਗਜ਼ਟ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਮੰਤਰਾਲੇ ਨੇ ‘ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕੂ) ਐਕਟ, 1967 ਦੀ ਧਾਰਾ 3 ਦੀ ਉਪ-ਧਾਰਾ (1) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਆਈ ਆਰ ਐੱਫ ਨੂੰ ‘ਗ਼ੈਰ-ਕਾਨੂੰਨੀ ਸੰਸਥਾ’ ਐਲਾਨ ਦਿੱਤਾ ਸੀ, ਜਿਸ ਨੂੰ ਗ਼ੈਰ-ਕਾਨੂੰਨੀ ਸਰਗਰਮੀਆਂ (ਰੋਕੂ) ਟ੍ਰਿਬਿਊਨਲ ਨੇ ਵੀ ਬਰਕਰਾਰ ਰੱਖਿਆ ਸੀ। ਪਹਿਲਾਂ ਲੱਗੀ ਪਾਬੰਦੀ 14 ਨਵੰਬਰ ਨੂੰ ਖ਼ਤਮ ਹੋ ਰਹੀ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਨਾਇਕ ਵੱਲੋਂ ਦਿੱਤੇ ਗਏ ਬਿਆਨ ਅਤੇ ਤਕਰੀਰਾਂ ਇਤਰਾਜ਼ਯੋਗ ਅਤੇ ਤਬਾਹਕੁਨ ਹਨ; ਉਹ ਵੱਖ-ਵੱਖ ਧਾਰਮਿਕ ਸਮੂਹਾਂ ਦਰਮਿਆਨ ਦੁਸ਼ਮਣੀ ਅਤੇ ਨਫ਼ਰਤ ਨੂੰ ਹਵਾ ਦੇ ਰਿਹਾ ਹੈ, ਅਤੇ ਭਾਰਤ ਤੇ ਵਿਦੇਸ਼ਾਂ ਵਿੱਚ ਵਿਸ਼ੇਸ਼ ਧਰਮ ਦੇ ਨੌਜਵਾਨਾਂ ਨੂੰ ਅਤਿਵਾਦੀ ਕਾਰਵਾਈਆਂ ਲਈ ਹੱਲਾਸ਼ੇਰੀ ਦੇ ਰਿਹਾ ਹੈ। ਨਾਇਕ ਨੇ ਕੌਮਾਂਤਰੀ ਸੈਟੇਲਾਈਟ ਟੀਵੀ ਨੈੱਟਵਰਕਾਂ, ਇੰਟਰਨੈੱਟ, ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਲੱਖਾਂ ਲੋਕਾਂ ਸਾਹਮਣੇ ਕੱਟੜਪੰਥੀ ਬਿਆਨ ਅਤੇ ਭਾਸ਼ਣ ਦਿੱਤੇ।
Share this content:



Post Comment