ਗੁੰਮਰਾਹਕੁੰਨ ਦਾਅਵਾ
ਰਾਸ਼ਟਰੀ ਸੋਇਮਸੇਵਕ ਸੰਘ (ਆਰ.ਐੱਸ.ਐੱਸ) ਦੇ ਮੁਖੀ ਮੋਹਨ ਭਾਗਵਤ ਗੁੰਮਰਾਹਕੁੰਨ ਬਿਆਨਬਾਜ਼ੀ ਲਈ ਜਾਣੇ ਜਾਂਦੇ ਹਨ। ਉਨ੍ਹਾ ਦਾ ਤਾਜ਼ਾ ਬਿਆਨ ਹੈ ਕਿ ਸੰਘ ਨੇ ਕੌਮੀ ਝੰਡੇ ਤਿਰੰਗੇ ਦਾ ਹਮੇਸ਼ਾ ਸਨਮਾਨ ਕੀਤਾ। ਉਨ੍ਹਾ ਮੁਤਾਬਕ ਕੌਮੀ ਝੰਡਾ 1933 ਵਿੱਚ ਡਿਜ਼ਾਈਨ ਕੀਤਾ ਗਿਆ ਸੀ ਤੇ ਝੰਡਾ ਕਮੇਟੀ ਨੇ ਸਰਬਸੰਮਤੀ ਨਾਲ ਰਵਾਇਤੀ ਭਗਵਾਂ ਝੰਡੇ ਦੀ ਸਿਫਾਰਸ਼ ਕੀਤੀ ਸੀ, ਪਰ ਫਿਰ ਗਾਂਧੀ ਜੀ ਨੇ ਦਖਲ ਦਿੱਤਾ ਅਤੇ ਕੁਝ ਕਾਰਨਾਂ ਕਰਕੇ ਉਨ੍ਹਾ ਤਿੰਨ ਰੰਗ, ਸਭ ਤੋਂ ਉਪਰ ਭਗਵਾਂ ਰੱਖਣ ਲਈ ਕਿਹਾ। ਸੰਘ ਨੇ ਹਮੇਸ਼ਾ ਤਿਰੰਗੇ ਦਾ ਸਨਮਾਨ ਕੀਤਾ ਤੇ ਉਸ ਦੀ ਰਾਖੀ ਕੀਤੀ। ਅਸਲ ਵਿੱਚ ਇਹ ਦਾਅਵਾ ਗਲਤ ਤੇ ਗੁੰਮਰਾਹਕੁੰਨ ਹੈ। ਕੌਮੀ ਝੰਡੇ ਦੀ ਯਾਤਰਾ 1921 ਤੋਂ ਸ਼ੁਰੂ ਹੋਈ ਸੀ, ਜਦੋਂ ਪਿੰਗਲੀ ਵੈਂਕਈਆ ਨੇ ਤਿਰੰਗਾ ਪ੍ਰਸਤਾਵਤ ਕੀਤਾ। 1931 ਵਿੱਚ ਕਾਂਗਰਸ ਨੇ ਝੰਡਾ ਕਮੇਟੀ ਕਾਇਮ ਕੀਤੀ, ਜਿਸ ਨੇ ਸਫੈਦ, ਹਰੇ ਤੇ ਕੇਸਰੀ ਰੰਗ ਨੂੰ ਅਪਣਾਇਆ, ਪਰ ਇਸ ਵਿੱਚ ਚਰਖਾ ਸੀ।
1947 ਵਿੱਚ ਸੰਵਿਧਾਨ ਸਭਾ ਦੀ ਐਡਹਾਕ ਝੰਡਾ ਕਮੇਟੀ, ਜਿਸ ਦੇ ਪ੍ਰਧਾਨ ਰਜਿੰਦਰ ਪ੍ਰਸਾਦ ਸਨ, ਨੇ ਚਰਖੇ ਦੀ ਥਾਂ ਅਸ਼ੋਕ ਚੱਕਰ ਪਾਉਣ ਦੀ ਸਿਫਾਰਸ਼ ਕੀਤੀ। ਭਾਗਵਤ ਦਾ ਦਾਅਵਾ ਗਲਤ ਹੈ ਕਿ 1933 ਵਿੱਚ ਝੰਡਾ ਡਿਜ਼ਾਈਨ ਕੀਤਾ ਗਿਆ। ਇਹ ਪ੍ਰਕਿਰਿਆ 1921 ਤੋਂ ਸ਼ੁਰੂ ਹੋਈ ਅਤੇ 1947 ਵਿੱਚ ਮੁਕੰਮਲ ਹੋਈ। ਇਸ ਦੇ ਇਲਾਵਾ ਝੰਡਾ ਕਮੇਟੀ ਨੇ ਸਰਬਸੰਮਤੀ ਨਾਲ ਭਗਵਾਂ ਝੰਡੇ ਦੀ ਸਿਫਾਰਸ਼ ਨਹੀਂ ਕੀਤੀ ਸੀ। 1931 ਵਿੱਚ ਕਾਂਗਰਸ ਦੀ ਕਮੇਟੀ ਨੇ ਤਿੰਨ ਰੰਗਾਂ (ਕੇਸਰੀ, ਸਫੈਦ, ਹਰਾ) ਨੂੰ ਮਨਜ਼ੂਰੀ ਦਿੱਤੀ ਸੀ, ਸਿਰਫ ਕੇਸਰੀ/ਭਗਵਾਂ ਝੰਡੇ ਨੂੰ ਨਹੀਂ। 1947 ਵਿੱਚ ਆਰ ਐੱਸ ਐੱਸ ਦੀ ਸਥਿਤੀ ਸਪੱਸ਼ਟ ਸੀ, ਉਹ ਤਿਰੰਗੇ ਦਾ ਘੋਰ ਵਿਰੋਧੀ ਸੀ। ਉਸ ਦੇ ਰਸਾਲੇ ‘ਆਰਗੇਨਾਈਜ਼ਰ’ ਨੇ ਜੁਲਾਈ-ਅਗਸਤ 1947 ਵਿੱਚ ਕਈ ਸੰਪਾਦਕੀ ਪ੍ਰਕਾਸ਼ਤ ਕੀਤੇ ਸਨ, ਜਿਨ੍ਹਾਂ ਵਿੱਚ ਤਿਰੰਗੇ ਦੀ ਨਿੰਦਾ ਕੀਤੀ ਗਈ ਅਤੇ ਭਗਵਾਂ ਝੰਡੇ ਨੂੰ ਕੌਮੀ ਝੰਡਾ ਬਣਾਉਣ ਦੀ ਮੰਗ ਕੀਤੀ ਗਈ।
ਆਰਗੇਨਾਈਜ਼ਰ ਨੇ 14 ਅਗਸਤ 1947 ਦੀ ਸੰਪਾਦਕੀ ਵਿੱਚ ਲਿਖਿਆ ਸੀ : ਜਿਹੜੇ ਲੋਕ ਕਿਸਮਤ ਦੇ ਝਟਕੇ ਨਾਲ ਸੱਤਾ ਵਿੱਚ ਆਏ ਹਨ, ਉਹ ਸਾਡੇ ਹੱਥਾਂ ਵਿੱਚ ਤਿਰੰਗਾ ਦੇ ਸਕਦੇ ਹਨ, ਪਰ ਇਸ ਨੂੰ ਹਿੰਦੂਆਂ ਵੱਲੋਂ ਕਦੇ ਵੀ ਸਨਮਾਨਤ ਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਤਿੰਨ ਸ਼ਬਦ ਆਪਣੇ-ਆਪ ਵਿੱਚ ਇਕ ਬੁਰਾਈ ਹੈ ਅਤੇ ਤਿੰਨ ਰੰਗਾਂ ਵਾਲਾ ਝੰਡਾ ਨਿਸਚਤ ਤੌਰ ’ਤੇ ਇੱਕ ਬਹੁਤ ਹੀ ਖਰਾਬ ਮਨੋਵਿਗਿਆਨਕ ਪ੍ਰਭਾਵ ਪੈਦਾ ਕਰੇਗਾ ਤੇ ਇਹ ਦੇਸ਼ ਲਈ ਹਾਨੀਕਾਰਕ ਹੈ। ਸੰਘ ਦੇ ਦੂਜੇ ਮੁਖੀ ਕੇਸ਼ਵ ਬਲੀਰਾਮ ਹੈਡਗੇਵਾਰ ਨੇ ਆਪਣੀ ਪੁਸਤਕ ‘ਬੰਚ ਆਫ ਥੌਟਸ’ ਵਿੱਚ ਲਿਖਿਆ ਹੈ ਕਿ ਸਾਡੇ ਆਗੂਆਂ ਨੇ ਤਿਰੰਗੇ ਨੂੰ ਸਵੀਕਾਰ ਕਰ ਲਿਆ ਹੈ ਪਰ ਇਹ ਝੰਡਾ ਸਾਡੇ ਕੌਮੀ ਇਤਿਹਾਸ ਤੇ ਵਿਰਾਸਤ ਦੇ ਆਧਾਰ ’ਤੇ ਕੌਮੀ ਦਿ੍ਰਸ਼ਟੀ ਨਾਲ ਪੇ੍ਰਰਤ ਨਹੀਂ ਹੈ।
15 ਅਗਸਤ 1947 ਤੇ 26 ਜਨਵਰੀ 1950 ਨੂੰ ਆਰ ਐੱਸ ਐੱਸ ਦੇ ਹੈੱਡਕੁਆਰਟਰ (ਨਾਗਪੁਰ) ਵਿੱਚ ਤਿਰੰਗਾ ਲਹਿਰਾਇਆ ਗਿਆ, ਪਰ ਉਸ ਦੇ ਬਾਅਦ 52 ਸਾਲ ਉੱਥੇ ਤਿਰੰਗਾ ਨਹੀਂ ਲਹਿਰਾਇਆ ਗਿਆ। 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਦੀ ਹੱਤਿਆ ਦੇ ਬਾਅਦ ਵੇਲੇ ਦੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ 4 ਫਰਵਰੀ 1948 ਨੂੰ ਆਰ ਐੱਸ ਐੱਸ ’ਤੇ ਪਾਬੰਦੀ ਲਾ ਦਿੱਤੀ ਸੀ। ਗਿਆਰਾਂ ਜੁਲਾਈ 1949 ਨੂੰ ਇਹ ਪਾਬੰਦੀ ਉਦੋਂ ਹਟਾਈ ਗਈ ਜਦ ਆਰ ਐੱਸ ਐੱਸ ਨੇ ਸੰਵਿਧਾਨ ਤੇ ਕੌਮੀ ਝੰਡੇ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ।
Share this content:



Post Comment