ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਜਾਂਚ ਕੈਂਪ
ਬੰਗਾ, 10 ਸਤੰਬਰ – ਇਲਾਕੇ ਦੇ ਪ੍ਰਸਿੱਧ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਔਰਤਾਂ ਦੀ ਸਿਹਤ ਨੂੰ ਪਹਿਲ ਦਿੰਦਿਆਂ ਹੋਇਆ ਮੁਫ਼ਤ ਪੀ.ਸੀ.ਓ.ਡੀ. ਤੇ ਪੀ.ਸੀ.ਓ.ਐੱਸ. ਜਾਂਚ ਕੈਂਪ ਆਉਂਦੀ 15 ਸਤੰਬਰ, ਦਿਨ ਮੰਗਲਵਾਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 3:00 ਵਜੇ ਤੱਕ ਹਸਪਤਾਲ ਦੀ ਉ.ਪੀ. ਡੀ. ਵਿੱਚ ਲਗਾਇਆ ਜਾ ਰਿਹਾ ਹੈ । ਇਸ ਮੌਕੇ ਬਾਂਝਪਨ, ਜੱਚਾ-ਬੱਚਾ ਅਤੇ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਅੰਦਰੂਨੀ ਬਿਮਾਰੀਆਂ ਦੇ ਮਾਹਿਰ ਡਾ. ਸ਼ਵੇਤਾ ਬਾਗਰੀਆ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ ।
ਇਸ ਕੈਂਪ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਡਾ. ਸ਼ਵੇਤਾ ਬਾਗਰੀਆ ਨੇ ਦੱਸਿਆ ਕਿ ਅਜੋਕੇ ਸਮੇਂ ਵਿੱਚ ਔਰਤਾਂ ਵਿੱਚ ਪੀ.ਸੀ.ਓ.ਡੀ. ਅਤੇ ਪੀ.ਸੀ.ਓ.ਐੱਸ. ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਰਕੇ ਇਸ ਕੈਂਪ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ ਦੇਣ ਦੇ ਨਾਲ-ਨਾਲ ਪੀ.ਸੀ.ਓ.ਡੀ., ਪੀ.ਸੀ.ਓ.ਐੱਸ. ਲਈ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਮੁਫ਼ਤ ਅਲਟਰਾਸਾਊਂਡ ਸਕੈਨ ਵੀ ਕੀਤੇ ਜਾਣਗੇ ।
ਕੈਂਪ ਦੌਰਾਨ ਮਰੀਜ਼ਾਂ ਦੀ ਸਿਹਤ ਜਾਂਚ ਲਈ ਕਈ ਅਹਿਮ ਲੈਬਾਰਟਰੀ ਟੈਸਟ ਵੀ ਬਿਲਕੁਲ ਮੁਫ਼ਤ ਕੀਤੇ ਜਾਣਗੇ ਜਿਨ੍ਹਾਂ ਵਿੱਚ ਮੁਫ਼ਤ ਥਾਇਰਾਇਡ ਟੈਸਟ, ਸ਼ੂਗਰ ਟੈਸਟ, ਯੂਰਿਕ ਐਸਿਡ ਟੈਸਟ ਅਤੇ ਨਿਊਰੋਪੈਥੀ ਟੈਸਟ ਸ਼ਾਮਲ ਹਨ । ਉਹਨਾਂ ਦੱਸਿਆ ਕਿ ਹਸਪਤਾਲ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਨੂੰ ਵੱਡੀ ਰਾਹਤ ਦਿੰਦਿਆਂ ਕੈਂਪ ਦੌਰਾਨ ਰਜਿਸਟਰਡ ਹੋਣ ਵਾਲੇ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ‘ਤੇ ਪੀ.ਸੀ.ਓ.ਡੀ. ਟੈਸਟਾਂ, ਬੱਚੇਦਾਨੀ ਦੀਆਂ ਰਸੌਲੀਆਂ ਅਤੇ ਲਕੋਰੀਆ ਦੀ ਜਾਂਚ (ਪੈਪ ਸਮੀਅਰ) ਦੇ ਟੈਸਟਾਂ ਉੱਤੇ 50 ਫ਼ੀਸਦੀ ਦੀ ਭਾਰੀ ਛੋਟ ਦਿੱਤੀ ਜਾਵੇਗੀ । ਉਹਨਾਂ ਨੇ ਇਲਾਕੇ ਦੀਆਂ ਔਰਤਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਅਪੀਲ ਵੀ ਕੀਤੀ ।
Share this content:



Post Comment