ਗੁਰਭਜਨ ਗਿੱਲ ਦੇ ਗੀਤ ਸੰਗ੍ਰਹਿ “ਫੁੱਲਾਂ ਦੀ ਝਾਂਜਰ” ਡਾ. ਸ.ਪ. ਸਿੰਘ ਤੇ ਸੁੱਖੀ ਬਾਠ ਵੱਲੋਂ ਜੀ.ਜੀ.ਐੱਨ ਖ਼ਾਲਸਾ ਕਾਲਜ ਵਿੱਚ ਲੋਕ ਅਰਪਣ

ਲੁਧਿਆਣਾਃ (21 ਅਕਤੂਬਰ )ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਤੇ ਪੰਜਾਬੀ ਕਵੀ ਪ੍ਰੋ. ਗੁਰਭਜਨ ਸਿੰਘ ਗਿੱਲ ਦੇ ਗੀਤ ਸੰਗ੍ਰਹਿ “ਫੁੱਲਾਂ ਦੀ ਝਾਂਜਰ” ਦੇ ਤੀਸਰੇ ਸੰਸਕਰਨ ਨੂੰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ.ਪ. ਸਿੰਘ, ਪੰਜਾਬ ਭਵਨ ਸਰੀ (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ, ਖਾਲਸਾ ਕਾਲਜ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ, ਪੰਜਾਬੀ ਕਵੀ ਮਨਜਿੰਦਰ ਧਨੋਆ ਤੇ ਤ੍ਰਿਲੋਚਨ ਲੋਚੀ ਨੇ ਲੋਕ ਅਰਪਣ ਕੀਤਾ। ਇਸ ਗੀਤ ਸੰਗ੍ਰਹਿ ਨੂੰ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।
ਗੁਰਭਜਨ ਗਿੱਲ ਦੇ ਗੀਤ ਸੰਗ੍ਰਹਿ ਬਾਰੇ ਬੋਲਦਿਆਂ ਡਾ. ਸ.ਪ. ਸਿੰਘ ਨੇ ਕਿਹਾ ਕਿ “ਫੁੱਲਾਂ ਦੀ ਝਾਂਜਰ” ਉਸ ਦਾ ਪਹਿਲਾ ਗੀਤ ਸੰਗ੍ਰਹਿ ਹੈ ਜੋ ਪਹਿਲੀ ਵਾਰ 2005 ਵਿੱਚ ਛਪਿਆ। ਉਸ ਦਾ 2022 ਵਿੱਚ ਛਪਿਆ ਦੂਜਾ ਗੀਤ – ਸੰਗ੍ਰਹਿ “ਪਿੱਪਲ ਪੱਤੀਆਂ ” ਵੀ ਬਲਵਾਨ ਸਰੋਦੀ ਸੁਰ ਕਾਰਨ ਸਾਂਭਣਯੋਗ ਹੈ। ਸਾਹਿਤਕ ਗੀਤ ਲਿਖਣ ਵਿੱਚ ਉਸ ਨੂੰ ਵਿਸ਼ੇਸ਼ ਮੁਹਾਰਤ ਹਾਸਲ ਹੈ। ਇਹ ਦੋਵੇਂ ਗੀਤ ਸੰਗ੍ਰਹਿ ਇਕੱਠੇ “ ਮੇਰੇ ਪੰਜ ਦਰਿਆ” ਨਾਮ ਹੇਠ ਸ਼ਾਹਮੁਖੀ ਲਿਪੀ ਵਿੱਚ ਵੀ ਛਪ ਚੁੱਕੇ ਹਨ।
ਸੁੱਖੀ ਬਾਠ ਨੇ ਕਿਹਾ ਕਿ ਗਿੱਲ ਸਾਹਿਬ ਮੇਰੇ ਲਈ ਚਾਨਣ ਮੀਨਾਰ ਹਨ। ਉਹਨਾਂ ਦੀ ਪ੍ਰੇਰਨਾ ਤੇ ਸੁਝਾਅ ਕਾਰਨ 2016 ਵਿੱਚ ਸ. ਅਰਜਨ ਸਿੰਘ ਬਾਠ ਯਾਦਗਾਰੀ “ਪੰਜਾਬ ਭਵਨ” ਸਰੀ (ਕੈਨੇਡਾ) ਦੀ ਸਥਾਪਨਾ ਸਾਡੇ ਪਰਿਵਾਰ ਵੱਲੋਂ ਕੀਤੀ ਗਈ। ਉਹ ਹੁਣ ਵੀ ਮੇਰੇ ਮਾਰਗ ਦਰਸ਼ਕ ਹਨ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਪੰਜਾਬੀ ਕਵੀ ਤ੍ਰਿਲੋਚਨ ਲੋਚੀ ਨੇ ਬੋਲਦਿਆਂ ਕਿਹਾ ਕਿ ਗੁਰਭਜਨ ਗਿੱਲ ਭਾਅ ਜੀ ਦੇ ਇਸ ਗੀਤ ਸੰਗ੍ਰਹਿ ਵਿੱਚੋਂ ਕੁਝ ਗੀਤ ਨਰਿੰਦਰ ਬੀਬਾ, ਜਗਮੋਹਨ ਕੌਰ, ਕਰਨੈਲ ਗਿੱਲ,ਸੁਰਿੰਦਰ ਛਿੰਦਾ, ਹੰਸ ਰਾਜ ਹੰਸ, ਜਸਬੀਰ ਜੱਸੀ, ਹਰਭਜਨ ਮਾਨ , ਪਾਲੀ ਦੇਤਵਾਲੀਆ, ਗੁਰਦੀਪ ਸਿੰਘ, ਸ਼ੀਰਾ ਜਸਬੀਰ ਸਮੇਤ ਚੋਟੀ ਦੇ ਲਗਪਗ 40 ਗਾਇਕਾਂ ਵੱਲੋਂ ਹੁਣ ਤੀਕ ਗਾਏ ਜਾ ਚੁੱਕੇ ਹਨ।
ਪੰਜਾਬੀ ਕਵੀ ਮਨਜਿੰਦਰ ਧਨੋਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਸਿਰਫ਼ ਸ਼ਾਇਰੀ ਹੀ ਨਹੀਂ ਕਰਦੇ ਸਗੋਂ ਸਾਹਿਤਕ ਤੇ ਸੱਭਿਆਚਾਰਕ ਸੰਸਥਾਵਾਂ ਦੇ ਵੀ ਮੋਹਰੀ ਆਗੂ ਰਹੇ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਆਪ 1984 ਤੋਂ ਲਗਾਤਾਰ ਕਈ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਅਤੇ 2010 ਤੋਂ 2014 ਤੀਕ ਪ੍ਰਧਾਨ ਰਹੇ ਹਨ। ਇਸ ਵੇਲੇ ਵੀ ਆਪ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਫੈਲੋ ਹਨ।
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਪ੍ਰਬੰਧਕ ਕਮੇਟੀ ਦੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਨੇ ਕਿਹਾ ਕਿ ਸਾਡੀ ਸੰਸਥਾ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਗੁਰਭਜਨ ਸਿੰਘ ਗਿੱਲ ਸਾਡੇ ਕਾਲਜ ਦਾ ਪੁਰਾਣਾ ਵਿਦਿਆਰਥੀ ਤਾਂ ਹੈ ਹੀ, ਸਗੋਂ ਪਿਛਲੇ 54 ਸਾਲਾਂ ਤੋਂ ਲਗਾਤਾਰ ਇਸ ਸੰਸਥਾ ਨਾਲ ਜੁੜਿਆ ਹੋਇਆ ਹੈ। ਡਾ. ਸ.ਪ. ਸਿੰਘ ਜੀ ਦਾ ਵਿਦਿਆਰਥੀ ਹੋਣ ਕਾਰਨ ਕਾਲਜ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ।
Share this content:

Post Comment