ਗਾਜ਼ਾ ’ਚ ਸੌਖੀ ਨਹੀਂ ਅਮਨ ਦੀ ਡਗਰ
ਪੂਰੇ ਵਿਸ਼ਵ ਦੀਆਂ ਨਜ਼ਰਾਂ ਮੱਧ-ਪੂਰਬ ਵਿਚ ਗਾਜ਼ਾ ਪੱਟੀ ਅੰਦਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ 20 ਨੁਕਾਤੀ ਸ਼ਾਂਤੀ ਪ੍ਰਸਤਾਵ ਸਬੰਧੀ 6 ਅਕਤੂਬਰ, 2025 ਤੋਂ ਲਾਲ ਸਾਗਰ ਰਿਜ਼ਾਰਟ ‘ਸ਼ਰਮ ਅਲ ਸ਼ੇਖ’ ਵਿਖੇ ਹੋ ਰਹੀ ਵਾਰਤਾਲਾਪ ’ਤੇ ਟਿਕੀਆਂ ਹੋਈਆਂ ਹਨ। ਇਜ਼ਰਾਈਲ ਵੱਲੋਂ ਮੋਸਾਦ ਅਤੇ ਸ਼ਿਨ ਬੇਟ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ, ਪ੍ਰਧਾਨ ਮੰਤਰੀ ਨੇਤਨਯਾਹੂ ਦੇ ਵਿਦੇਸ਼ ਨੀਤੀ ਸਲਾਹਕਾਰ ਓਫਿਰ ਫਾਕ ਅਤੇ ਬੰਦੀਆਂ ਸਬੰਧੀ ਤਾਲਮੇਲ ਰੱਖਣ ਵਾਲੇ ਗਾਲ ਹਾਇਰਚ, ਹਮਾਸ ਵੱਲੋਂ ਪੂਰੀ ਟੀਮ ਗਰੁੱਪ ਆਗੂ ਖਲੀਲ ਅਲ ਹਾਇਆ ਦੀ ਅਗਵਾਈ ਵਿਚ ਵਫ਼ਦ, ਅਮਰੀਕਾ ਵੱਲੋਂ ਸਪੈਸ਼ਲ ਦੂਤ ਸਟੀਵ ਵਿਟਕੋਫ ਤੋਂ ਇਲਾਵਾ ਜਾਰਡ ਕੁਸ਼ਨਰ (ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਹਨ) ਸ਼ਾਂਤੀ ਵਾਂਰਤਾ ਵਿਚ ਮੌਜੂਦ ਰਹਿਣਗੇ। ਇਨ੍ਹਾਂ ਤੋਂ ਇਲਾਵਾ ਕਤਰ, ਤੁਰਕੀ, ਮਿਸਰ ਨਾਲ ਸਬੰਧਤ ਵਿਸ਼ੇਸ਼ ਵਿਚੋਲੇ ਸ਼ਾਮਲ ਹੋ ਰਹੇ ਹਨ। ਇਹ ਗੱਲਬਾਤ ਕੁਝ ਦਿਨ ਚੱਲੇਗੀ ਤਾਂ ਕਿ ਸਭ ਅਤਿ-ਸੰਵੇਦਨਸ਼ੀਲ ਮੁੱਦਿਆਂ ਨੂੰ ਪੂਰੀ ਤਰ੍ਹਾਂ ਰਿੜਕ ਕੇ ਕਿਸੇ ਸਰਬ-ਪ੍ਰਵਾਨਤ, ਸਥਾਈ ਅਤੇ ਠੋਸ ਸਮਝੌਤੇ ’ਤੇ ਪੁੱਜਿਆ ਜਾ ਸਕੇ।
ਟਰੰਪ ਦਾ ਸ਼ਾਂਤੀ ਪ੍ਰਸਤਾਵ ਕੋਈ ਨਵਾਂ ਨਹੀਂ ਹੈ। ਅਜਿਹਾ ਪ੍ਰਸਤਾਵ ਉਨ੍ਹਾਂ ਦੇ ਸਾਬਕਾ ਹਮਰੁਤਬਾ ਜੋਅ ਬਾਇਡਨ ਵੱਲੋਂ ਵੀ ਪੇਸ਼ ਕੀਤਾ ਗਿਆ ਸੀ ਜੋ ਉਸ ਸਮੇਂ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ। ਵਿਸ਼ਵ ਭਰ ਦੇ ਬੁੱਧੀਜੀਵੀ ਅਤੇ ਕੌਮਾਂਤਰੀ ਵਾਰਤਾਲਾਪਾਂ ਦੇ ਮਾਹਿਰ ਇਸ ਸ਼ਾਂਤੀ ਪ੍ਰਸਤਾਵ ਨੂੰ ਫਲਸਤੀਨੀਆਂ ਲਈ ਉਨ੍ਹਾਂ ਦੀ ਹੋਂਦ ਨੂੰ ਸਿਫ਼ਰ ਬਣਾਉਣ ਵਾਲਾ ਤਦੂੰਆਜਾਲ਼ ਕਰਾਰ ਦੇ ਰਹੇ ਹਨ। ਕੁਝ ਖੱਬੇ-ਪੱਖੀ ਮਾਹਿਰ ਅਤੇ ਕੌਮਾਂਤਰੀ ਪੱਧਰ ਦੇ ਡਿਪਲੋਮੈਟ ਇਸ ਨੂੰ ‘ਪਾਗਲਾਨਾ ਬਸਤੀਵਾਦੀ ਸਕੀਮ’ ਸਮਝਦੇ ਹਨ। ਡੋਨਾਲਡ ਟਰੰਪ ਤਾਂ ਗਾਜ਼ਾ ਨੂੰ ਗਰੀਨਲੈਂਡ ਅਤੇ ਪਨਾਮਾ ਨਹਿਰ ਵਾਂਗ ਅਮਰੀਕੀ ਕਬਜ਼ੇ ਵਿਚ ਲੈ ਕੇ ਇੱਥੇ ਟੂਰਿਜ਼ਮ ਕੇਂਦਰ ਅਤੇ ‘ਰਿਵੇਰੀਆ’ ਵਰਗੇ ਮਨਮੋਹਕ ਸਥਾਨ ਵਿਕਸਤ ਕਰਨ ਦੀਆਂ ਗੱਲਾਂ ਕਰ ਰਹੇ ਹਨ। ਗਾਜ਼ਾ ਪੱਟੀ 41 ਕਿੱਲੋਮੀਟਰ ਲੰਬਾ, 6 ਤੋਂ 12 ਕਿੱਲੋਮੀਟਰ ਚੌੜਾ, 365 ਵਰਗ ਕਿੱਲੋਮੀਟਰ ਫਲਸਤੀਨ ਰਾਜ ਦਾ ਪੱਛਮੀ ਕਿਨਾਰੇ ਵਾਲੇ ਖੇਤਰ ਨਾਲੋਂ ਛੋਟਾ ਖੇਤਰ ਹੈ ਜਿਸ ਦੀ ਆਬਾਦੀ 22 ਲੱਖ ਹੈ ਜੋ ਵਿਸ਼ਵ ਦਾ ਸਭ ਤੋਂ ਵੱਡੀ ਮਨੁੱਖੀ ਘਣਤਾ ਵਾਲਾ ਸੁੰਨੀ ਮੁਸਲਿਮ ਸਬੰਧਤ ਹਮਾਸ ਸੰਗਠਨ ਦੁਆਰਾ ਸ਼ਾਸਿਤ ਇਲਾਕਾ ਹੈ। ਇਸ ਦੀ ਰਾਜਧਾਨੀ ਇਸ ਦਾ ਸਭ ਤੋਂ ਵੱਡਾ ਸ਼ਹਿਰ ਗਾਜ਼ਾ ਹੈ। ਇਸ ਦਾ ਲਗਾਤਾਰ ਇਜ਼ਰਾਈਲ ਨਾਲ ਜੰਗੀ ਤਣਾਅ ਜਾਰੀ ਹੈ।
ਉਸ ਨੇ ਇਸ ਦੀ ਧਰਤੀ, ਆਕਾਸ਼ ਅਤੇ ਸਮੁੰਦਰ ਵੱਲੋਂ ਨਾਕਾਬੰਦੀ ਕਰ ਰੱਖੀ ਹੈ। ਸੱਤ ਅਕਤੂਬਰ 2023 ਨੂੰ ਹਮਾਸ ਲੜਾਕੂਆਂ ਨੇ ਪੂਰੇ ਵਿਸ਼ਵ ਨੂੰ ਉਦੋਂ ਹੈਰਾਨ ਕਰ ਦਿੱਤਾ ਸੀ ਜਦੋਂ ਇਜ਼ਰਾਈਲ ਅੰਦਰ ਘੁਸ ਕੇ ਉਸ ਦੇ 1200 ਸ਼ਹਿਰੀ, ਸੁਰੱਖਿਆ ਗਾਰਡ ਮਾਰ-ਮੁਕਾਏ ਅਤੇ 251 ਬੰਦੀ ਬਣਾ ਲਏ ਸਨ। ਮਕਸਦ ਬੰਦੀਆਂ ਦੀ ਆੜ ਵਿਚ ਇਜ਼ਰਾਈਲ ਨਾਲ ਕੋਈ ਸ਼ਾਂਤੀ ਸਮਝੌਤਾ ਅਤੇ ਉਨ੍ਹਾਂ ਨੂੰ ਮਾਨਤਾ ਦੇਣ ਦਾ ਸੌਦਾ ਕਰਨਾ ਸੀ। ਇਹ ਇਤਿਹਾਸਕ ਭੁੱਲ ਹਮਾਸ ਅਤੇ ਗਾਜ਼ਾ ਪੱਟੀ, ਇਸ ਦੇ ਸ਼ਹਿਰਾਂ ਅਤੇ ਵਸੋਂ ਵਾਲੇ ਇਲਾਕਿਆਂ ’ਤੇ ਕਹਿਰ ਬਣ ਕੇ ਟੁੱਟੀ। ਹਮਾਸ ਦੇ ਜ਼ਮੀਨਦੋਜ਼ ਫ਼ੌਜੀ ਟਿਕਾਣੇ, ਹਸਪਤਾਲ ਅਤੇ ਤਕਨੀਕੀ ਅਦਾਰੇ ਸਭ ਰਾਖ਼ ਅਤੇ ਮਲਬੇ ਦਾ ਢੇਰ ਬਣਾ ਦਿੱਤੇ ਗਏ। ਲਿਬਨਾਨ, ਹਿਜ਼ਬੁੱਲਾ ਲੜਾਕੂ, ਈਰਾਨ ਅਤੇ ਜੋ ਵੀ ਇਨ੍ਹਾਂ ਦੀ ਹਮਾਇਤ ’ਤੇ ਆਇਆ, ਉਹ ਸਭ ਇਜ਼ਰਾਈਲ ਦੇ ਕਹਿਰ ਦਾ ਸ਼ਿਕਾਰ ਹੋਇਆ। ਈਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲਾ ਕਰਨ ਲਈ ਅਮਰੀਕਾ ਜੰਗ ਵਿਚ ਕੁੱਦ ਪਿਆ। ਉਸ ਨੇ ਜ਼ਮੀਨਦੋਜ਼ ਈਰਾਨੀ ਪਰਮਾਣੂ ਟਿਕਾਣੇ ਫੋਰਡੋ ਅਤੇ ਨਾਤਨਜ਼ ਤਬਾਹ ਕਰਨ ਲਈ ਬੀ-2 ਸਪਿਰਟ ਸਟੀਲਥ ਬੰਬਾਰ ਵਰਤ ਕੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ। ਆਪੇ ਹੀ ਫਿਰ 12 ਰੋਜ਼ਾ (13 ਜੂਨ ਤੋਂ 25 ਜੂਨ, 2025) ਇਜ਼ਰਾਈਲ-ਈਰਾਨ ਜੰਗਬੰਦੀ ਕਰਵਾਈ।
ਇਜ਼ਰਾਈਲ ਨੇ ਪਿਛਲੇ 2 ਸਾਲਾਂ ਵਿਚ ਗਾਜ਼ਾ ਖੇਤਰ ਵਿਚ 67000 ਲੋਕ ਮਾਰ ਮੁਕਾਏ, 170000 ਜ਼ਖ਼ਮੀ ਕੀਤੇ। ਉਹ ਇਸ ਖੇਤਰ ਨੂੰ ਆਪਣੇ ਕਬਜ਼ੇ ਵਿਚ ਕਰ ਕੇ ਹਮਾਸ ਲੜਾਕੂਆਂ ਦਾ ਇੱਥੋਂ ਖੁਰਾਖੋਜ ਮਿਟਾਉਣ ’ਤੇ ਤੁਲਿਆ ਹੋਇਆ ਹੈ। ਅਮਰੀਕਾ ਸਮੇਤ ਪੱਛਮੀ ਅਤੇ ਸਰਮਾਏਦਾਰ ਦੇਸ਼ ਉਸ ਦੀ ਪਿੱਠ ’ਤੇ ਹਨ। ਸਤਵੰਜਾ ਮੁਸਲਿਮ ਦੇਸ਼ ਉਨ੍ਹਾਂ ਦੇ ਪਿੱਠੂ ਬਣੇ ਪਏ ਹਨ। ਈਰਾਨ ਉਨ੍ਹਾਂ ਨਾਲ ਆਢਾ ਨਹੀਂ ਲੈ ਸਕਦਾ।
ਤਿਰਾਨਵੇਂ ਪ੍ਰਤੀਸ਼ਤ ਸਾਖ਼ਰਤਾ ਵਾਲੇ ਇਸ ਗਾਜ਼ਾ ਖੇਤਰ ਦਾ ਵਿੱਦਿਅਕ, ਸਿਹਤ, ਕਾਰੋਬਾਰੀ, ਖੇਤੀ ਢਾਂਚਾ ਤਹਿਸ-ਨਹਿਸ ਹੋ ਚੁੱਕਾ ਹੈ। ਭੁੱਖਮਰੀ, ਬਿਮਾਰੀ, ਛੱਤ ਰਹਿਤ, ਪੀਣ ਵਾਲੇ ਪਾਣੀ ਰਹਿਤ ਵਿਵਸਥਾ ਨੇ ਇਹ ਖੇਤਰ ਨਰਕ ਬਣਾ ਰੱਖਿਆ ਹੈ। ਯੂਐੱਨ, ਕੌਮਾਂਤਰੀ ਬਰਾਦਰੀ ਅਤੇ ਮੁਸਲਿਮ ਦੇਸ਼ਾਂ ਦੇ ਦਬਾਅ ਅਤੇ ਅਮਰੀਕਾ ਸਮੇਤ ਸਰਮਾਏਦਾਰੀ ਦੇ ਇਸ ਖੇਤਰ ਵਿਚ ਲੰਬੇ ਸਮੇਂ ਵਾਲੇ ਹਿੱਤਾਂ ਦੇ ਮੱਦੇਨਜ਼ਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਜ਼ਰਾਈਲੀ ਪ੍ਰਧਾਨ ਮੰਤਰੀ ਨਾਲ ਸਲਾਹ-ਮਸ਼ਵਰੇ ਤੋਂ ਬਾਅਦ 20 ਨੁਕਾਤੀ ਸ਼ਾਂਤੀ ਪ੍ਰਸਤਾਵ ਲੈ ਕੇ ਆਇਆ ਹੈ। ਇੱਥੇ ਇਹ ਵਰਣਨਯੋਗ ਹੈ ਕਿ ਇਜ਼ਰਾਈਲ ਅੰਦਰ ਵੱਡੇ ਪੱਧਰ ’ਤੇ ਲੋਕ ਨਿੱਤ ਦੀਆਂ ਜੰਗਾਂ ਤੋਂ ਬੁਰੀ ਤਰ੍ਹਾਂ ਅਵਾਜ਼ਾਰ ਹਨ ਤੇ ਉਹ ਆਪਣੇ ਹਮਸਾਇਆ ਮੁਸਲਿਮ ਦੇਸ਼ਾਂ ਨਾਲ ਸਮੇਤ ਫਲਸਤੀਨ ਅਤੇ ਹਮਸ ਲੜਾਕੂਆਂ ਦੇ ਸ਼ਾਂਤੀ ਚਾਹੁੰਦੇ ਹਨ। ਉਹ ਪ੍ਰਧਾਨ ਮੰਤਰੀ ਨੇਤਨਯਾਹੂ ਦੀਆਂ ਜੰਗਬਾਜ਼, ਨਫ਼ਰਤੀ ਅਤੇ ਨਸਲਘਾਤੀ ਨੀਤੀਆਂ ਤੋਂ ਬੁਰੀ ਤਰ੍ਹਾਂ ਬੇਜ਼ਾਰ ਹਨ। ਅਕਸਰ ਉਸ ਦੀ ਸਰਕਾਰ ਵਿਰੁੱਧ ਮੁਜ਼ਾਹਰੇ ਕਰਦੇ ਵੇਖੇ ਜਾਂਦੇ ਹਨ। ਈਰਾਨ ਨਾਲ ਜੰਗ ਨਾਲ ਇਜ਼ਰਾਇਲੀ ਸ਼ਹਿਰੀ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਵੱਡਾ ਨੁਕਸਾਨ ਪੁੱਜਾ। ਇਸ ਤੋਂ ਲੋਕ ਬਹੁਤ ਨਾਰਾਜ਼ ਹੋਏ।
ਵੀਹ ਨੁਕਾਤੀ ਸ਼ਾਂਤੀ ਪ੍ਰਸਤਾਵ ਅਮਰੀਕਾ ਨੇ ਨਿਊਯਾਰਕ ਵਿਖੇ ਤੁਰਕੀ, ਪਾਕਿਸਤਾਨ, ਕਤਰ, ਜਾਰਡਨ, ਮਿਸਰ, ਯੂਏਈ, ਮਲੇਸ਼ੀਆ ਅਤੇ ਸਾਊਦੀ ਅਰਬ ਆਦਿ ਦੇਸ਼ਾਂ ਲਾਲ ਡੂੰਘੇ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤਾ। ਅਮਰੀਕਾ ਨੇ ਦਬਾਅ ਅਤੇ ਵਿਚੋਲੀਆਂ ਦੇ ਯਤਨਾਂ ਰਾਹੀਂ ਇਜ਼ਰਾਈਲ, ਹਮਾਸ ਅਤੇ ਪੱਛਮੀ ਕਿਨਾਰੇ ਵਾਲੇ ਫਲਸਤੀਨੀਆਂ ਨੂੰ ਇਸ ਪ੍ਰਸਤਾਵ ਆਧਾਰਤ ਕਿਸੇ ਸ਼ਾਂਤੀ ਸਮਝੌਤੇ ਲਈ ਮਨਾਇਆ। ਇਸ ਪ੍ਰਸਤਾਵ ਤਹਿਤ ਮੁੱਖ ਤੌਰ ’ਤੇ ਗਾਜ਼ਾ ਖੇਤਰ ਅੰਦਰ ਗੋਲ਼ੀਬੰਦੀ, ਇਸ ਨੂੰ ਅੱਤਵਾਦ ਰਹਿਤ ਸਥਾਪਤ ਕਰਨਾ, ਇਸ ਖੇਤਰ ਦੀ ਮੁੜ ਤੋਂ ਉਸਾਰੀ ਕਰਨਾ, ਬੰਦੀਆਂ ਅਤੇ ਲਾਸ਼ਾਂ ਦੀ ਦੋਹਾਂ ਪਾਸਿਓਂ ਵਾਪਸੀ, ਹਮਾਸ ਨੂੰ ਨਿਹੱਥਾ ਕਰਨਾ, ਇਸ ਖੇਤਰ ’ਚੋਂ ਇਜ਼ਰਾਇਲੀ ਫ਼ੌਜਾਂ ਦੀ ਵਾਪਸੀ ਹੋਵੇਗੀ। ਸ਼ਾਂਤੀ ਪ੍ਰਸਤਾਵ ਸਿਰੇ ਚੜ੍ਹਨ ਦੇ 72 ਘੰਟਿਆਂ ਵਿਚ ਇਜ਼ਰਾਇਲੀ 48 ਬੰਦੀ ਅਤੇ ਲਾਸ਼ਾਂ ਦੀ ਹਮਾਸ ਵੱਲੋਂ ਵਾਪਸੀ ਕੀਤੀ ਜਾਵੇਗੀ, 250 ਉਮਰ ਕੈਦੀ, 1700 ਗਾਜ਼ਾ ਦੇ ਬੰਦੀ ਅਤੇ ਹਜ਼ਾਰਾਂ ਨਜ਼ਰਬੰਦ ਫਲਸਤੀਨੀ ਇਜ਼ਰਾਈਲ ਵੱਲੋਂ ਰਿਹਾਅ ਕੀਤੇ ਜਾਣਗੇ।
ਗਾਜ਼ਾ ਵਿਖੇ ਆਉਣ-ਜਾਣ ਦੀ ਖੁੱਲ੍ਹ, ਗਾਜ਼ਾ ਦਾ ਪ੍ਰਸ਼ਾਸਨਿਕ ਪ੍ਰਬੰਧ ਅਸਥਾਈ ਤਕਨੀਕੀ ਮਾਹਿਰ, ਨਿਰਪੱਖ ਫਲਸਤੀਨ ਕਮੇਟੀ ਚਲਾਏਗੀ ਜਿਸ ’ਤੇ ‘ਸ਼ਾਂਤੀ ਬੋਰਡ’ ਨਜ਼ਰ ਰੱਖੇਗਾ ਜਿਸ ਦਾ ਮੁਖੀ ਅਮਰੀਕੀ ਰਾਸ਼ਟਰਪਤੀ ਟਰੰਪ, ਹੋਰ ਮੈਂਬਰਾਂ ਸਮੇਤ ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਟੋਨੀ ਬਲੇਅਰ ਹੋਵੇਗਾ। ਜਦੋਂ ਤੱਕ ਫਲਸਤੀਨ ਜੋ ਮੁਹੰਮਦ ਅੱਬਾਸ ਅਧੀਨ ਕਾਇਮ ਹੈ, ਆਪਣਾ ਸੁਧਾਰ ਨਹੀਂ ਕਰਦਾ, ਇਹ ‘ਸ਼ਾਂਤੀ ਬੋਰਡ’ ਵਿੱਤੀ, ਵਿਕਾਸ, ਮੁੜ ਵਸੇਬਾ ਕਾਰਜਾਂ ਦੀ ਦੇਖ-ਰੇਖ ਕਰੇਗਾ। ਇੱਥੇ ਵਿਕਾਸ ਅਤੇ ਮੁੜ ਉਸਾਰੀ ਲਈ ਕੌਮਾਂਤਰੀ ਫਾਈਨਾਂਸਰ ਕੰਪਨੀਆਂ ਨੂੰ ਕੰਮ ਦਿੱਤਾ ਜਾਵੇਗਾ ਜੋ ਨਿਵੇਸ਼, ਰੁਜ਼ਗਾਰ, ਵਧੀਆ ਮੌਕਿਆਂ ਅਤੇ ਗਾਜ਼ਾ ਦਾ ਭਵਿੱਖ ਸਾਜ਼ਗਾਰ ਕਰਨ ਵਿਚ ਸਹਾਈ ਹੋਣਗੀਆਂ। ਖਾੜੀ ਦੇਸ਼ਾਂ ਨੂੰ ਵੱਡੇ ਪ੍ਰਾਜੈਕਟ ਸੌਂਪੇ ਜਾਣਗੇ। ਹਮਾਸ ਅਤੇ ਹੋਰ ਧੜਿਆਂ ਨੂੰ ਗਾਜ਼ਾ ਦੇ ਪ੍ਰਸ਼ਾਸਨਿਕ ਪ੍ਰਬੰਧ ਵਿਚ ਸ਼ਾਮਲ ਕੀਤਾ ਜਾਵੇਗਾ ਪਰ ਉਨ੍ਹਾਂ ਦਾ ਸਭ ਫ਼ੌਜੀ, ਅੱਤਵਾਦੀ ਹਥਿਆਰ ਉਤਪਾਦਨ ਸਿਸਟਮ, ਜ਼ਮੀਨਦੋਜ਼ ਸੁਰੰਗਾਂ ਨਸ਼ਟ ਕਰ ਦਿੱਤੀਆਂ ਜਾਣਗੀਆਂ। ਇਕ ਸ਼ਾਂਤਮਈ ਸਮਾਜਿਕ, ਆਰਥਿਕ, ਸੱਭਿਆਚਾਰਕ ਮਾਹੌਲ ਸਿਰਜਿਆ ਜਾਵੇਗਾ।
ਜਦ ਹਮਾਸ ਗਾਰੰਟੀ ਦੇਵੇਗਾ ਕਿ ਉਹ ਗੁਆਂਢੀਆਂ ਲਈ ਮੁਸ਼ਕਲਾਂ ਪੈਦਾ ਨਹੀਂ ਕਰੇਗਾ ਤਦ ਫਲਸਤੀਨ ਪੁਲਿਸ ਨੂੰ ਟਰੇਨਿੰਗ ਅਤੇ ਮਦਦ ਲਈ ਕੌਮਾਂਤਰੀ ਪਰਪੱਕ ਦਸਤੇ ਤਾਇਨਾਤ ਕੀਤੇ ਜਾਣਗੇ। ਗਾਜ਼ਾ ਅਤੇ ਪੱਛਮੀ ਕਿਨਾਰੇ ਵਾਲੀਆਂ ਇਜ਼ਰਾਈਲ ਅਤੇ ਮਿਸਰ ਨਾਲ ਲੱਗਦੀਆਂ ਸਰਹੱਦਾਂ ਸੁਰੱਖਿਅਤ ਬਣਾਈਆਂ ਜਾਣਗੀਆਂ। ਅਮਰੀਕਾ ਦੋਹਾਂ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸ਼ਾਂਤੀ, ਸਹਿਹੋਂਦ ਅਤੇ ਮਿਲਵਰਤਨ ਕਾਇਮ ਰੱਖਣਾ ਯਕੀਨੀ ਬਣਾਏਗਾ। ਡਰ ਹੈ ਕਿ ਇਜ਼ਰਾਇਲੀ ਬੰਦੀ ਰਿਹਾਈ ਤੋਂ ਬਾਅਦ ਉਹ ਮੁੱਕਰ ਨਾ ਜਾਵੇ। ਨੇਤਨਯਾਹੂ ਭਰੋਸੇਯੋਗ ਆਗੂ ਨਹੀਂ ਹੈ। ਗੋਲ਼ੀਬੰਦੀ ਬਾਰੇ ਠੋਸ ਯੋਜਨਾ ਨਹੀਂ ਹੈ। ਇਜ਼ਰਾਈਲ ਦੀਆਂ ਫ਼ੌਜਾਂ ਦੀ ਵਾਪਸੀ ਦੀ ਕੋਈ ਤਰੀਕ ਤੈਅ ਨਹੀਂ। ਇਜ਼ਰਾਈਲ ਹਮਾਸ ਬਾਗ਼ੀਆਂ ਦੇ ਹਮਲੇ ਬਹਾਨੇ ਫ਼ੌਜ ਵਾਪਸੀ ਨਹੀਂ ਕਰੇਗਾ। ਕਿਧਰੇ ਨਹੀਂ ਲਿਖਿਆ ਕਿ ਇਜ਼ਰਾਈਲ ਗਾਜ਼ਾ ’ਤੇ ਕਬਜ਼ਾ ਛੱਡੇਗਾ ਅਤੇ ਅਧਿਕਾਰ ਹਟਾਏਗਾ।
ਸਭ ਤੋਂ ਵਿਵਾਦਤ ਟਰੰਪ ਦੀ ਸ਼ਾਸਨ ਪ੍ਰਬੰਧ ਯੋਜਨਾ ਹੈ ਜਿਸ ਦੇ ‘ਸ਼ਾਂਤੀ ਬੋਰਡ’ ਦਾ ਉਹ ਆਪ ਮੁਖੀ ਹੈ ਭਾਵ ਫਲਸਤੀਨ ਅਤੇ ਗਾਜ਼ਾ ’ਤੇ ਸਿੱਧਾ ਅਮਰੀਕੀ ਕਬਜ਼ਾ। ਇਹ ਸਰਮਾਏਦਾਰ ਨਿਜ਼ਾਮ ਦਾ ਕਬਜ਼ਾ ਹੈ ਜਿਵੇਂ ਇਰਾਕ ’ਤੇ ਅਮਰੀਕਾ ਅਤੇ ਬ੍ਰਿਟੇਨ ਨੇ ਕਾਇਮ ਕੀਤਾ ਸੀ। ਇਹ ਫਲਸਤੀਨੀਆਂ ਦੇ ਸਵੈ-ਸ਼ਾਸਨ ਦੇ ਅਧਿਕਾਰ ਦੀ ਉਲੰਘਣਾ ਅਤੇ ਜਬਰੀ ਕਬਜ਼ਾ ਹੈ। ਸਪਸ਼ਟ ਤੌਰ ’ਤੇ ਫਲਸਤੀਨ ਰਾਜ ਸਥਾਪਤੀ ਤੋਂ ਇਨਕਾਰ। ਹਮਾਸ ਨੂੰ ਨਿਹੱਥਾ ਕਰਨਾ ਸੰਭਵ ਨਹੀਂ ਹੋਵੇਗਾ। ਉਸ ਨੇ ਆਪਣੇ ਲੜਾਕੂਆਂ ਵਿਚ ਹਜ਼ਾਰਾਂ ਨਵੇਂ ਮੁਜਾਹਿਦ ਭਰਤੀ ਕਰ ਰੱਖੇ ਹਨ। ਟਰੰਪ ਲਈ 20 ਨੁਕਾਤੀ ਸ਼ਾਂਤੀ ਪ੍ਰਸਤਾਵ ’ਤੇ ਚੱਲਣਾ ਸੂਲਾਂ ’ਤੇ ਚੱਲਣ ਦੇ ਸਮਾਨ ਹੋਵੇਗਾ। ਇਜ਼ਰਾਈਲ ਨੂੰ ਨਸਲਕੁਸ਼ੀ ਰਾਸ਼ਟਰ ਤੋਂ ਮਾਨਵਵਾਦੀ ਬਣਨਾ ਜ਼ਰੂਰੀ ਹੈ, ਨਹੀਂ ਤਾਂ ਇਹ ਜੰਗੀ ਨਫ਼ਰਤ ਦਾ ਨਾਸੂਰ ਕਾਇਮ ਰਹੇਗਾ। ਟਰੰਪ ਨੇ ਸ਼ਾਂਤੀ ਵਾਰਤਾ ਤੋਂ ਐਨ ਪਹਿਲਾਂ ਹਮਾਸ ਨੂੰ ਧਮਕੀ ਦਿੱਤੀ ਸੀ ਕਿ ਜੇ ਉਹ ਸ਼ਾਂਤੀ ਸਮਝੌਤਾ ਨਹੀਂ ਕਰੇਗਾ ਤਾਂ ਉਸ ਦਾ ਇਸ ਧਰਤੀ ਤੋਂ ਖੁਰਾਖੋਜ ਮਿਟ ਜਾਵੇਗਾ। ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ‘ਜੋਰੀ ਮੰਗੈ ਦਾਨ ਵੇ ਲਾਲੋ’ ਵਾਂਗ ਪ੍ਰਾਪਤ ਕਰਨ ਦਾ ਭੂਤ ਸਵਾਰ ਹੈ। ਉਹ ਇਜ਼ਰਾਈਲ-ਈਰਾਨ, ਭਾਰਤ-ਪਾਕਿ ਸਮੇਤ 10 ਜੰਗਾਂ ਰੁਕਵਾਉਣ ਦਾ ਦਾਅਵਾ ਕਰ ਚੁੱਕਾ ਹੈ। ਉਹ 10 ਅਕਤੂਬਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇ ਐਲਾਨ ਤੋਂ ਪਹਿਲਾਂ ਇਜ਼ਰਾਈਲ-ਹਮਾਸ ਸ਼ਾਂਤੀ ਸਮਝੌਤੇ ’ਤੇ ਜਬਰੀ ਮੋਹਰ ਲਵਾਉਣੀ ਚਾਹੁੰਦਾ ਹੈ।
Share this content:



Post Comment