ਗ਼ਜ਼ਲ/ਬਲਬੀਰ ਕੌਰ ਬੱਬੂ ਸੈਣੀ
ਭਵਸਾਗਰ ਤਰ ਜਾਂਦਾ ਹੁੰਦਾ।
ਜੋ ਇੱਕੋ ਦਰ ਜਾਂਦਾ ਹੁੰਦਾ।
ਜਿਸਦੇ ਅੰਦਰ ਹਿੰਮਤ ਹੁੰਦੀ,
ਉਹ ਸਭ ਕੁਝ ਕਰ ਜਾਂਦਾ ਹੁੰਦਾ।
ਲੱਕੜ ਦੇ ਨਾ’ ਰਲਕੇ ਅਕਸਰ,
ਲੋਹਾ ਵੀ ਤਰ ਜਾਂਦਾ ਹੁੰਦਾ।
ਕੌਣ ਕਿਸੇ ਲਈ ਮਰਦਾ ਇੱਥੇ,
ਸਭ ਦਾ ਹੀ ਸਰ ਜਾਂਦਾ ਹੁੰਦਾ।
ਫਟ ਜਾਂਦਾ ਏ ਘੜਾ ਪਾਪ ਦਾ,
ਸੁਣਿਐਂ ਜਦ ਭਰ ਜਾਂਦਾ ਹੁੰਦਾ।
ਕੌਣ ਸਦੀਵੀ ਬੈਠਾ ਰਹਿੰਦਾ,
ਹਰ ਕੋਈ ਮਰ ਜਾਂਦਾ ਹੁੰਦਾ।
ਪੰਛੀ ਵੀ ਤਾਂ ਸ਼ਾਮ ਢਲ਼ੀ ਤੋਂ,
ਅਪਣੇ ਹੀ ਘਰ ਜਾਂਦਾ ਹੁੰਦਾ।
ਦੁਖੜੇ ਸਹਿ-ਸਹਿ ਇਕ ਦਿਨ ਬੰਦਾ,
ਆਖਿਰ ਨੂੰ ਹਰ ਜਾਂਦਾ ਹੁੰਦਾ।
ਬਲਬੀਰ ਕੌਰ ਬੱਬੂ ਸੈਣੀ
Share this content:


Post Comment