Loading Now

ਖਰੜ ਤੋਂ ਟਿਕਟ ਨਾ ਮਿਲਣ ਮਗਰੋਂ ਅਨਮੋਲ ਗਗਨ ਮਾਨ ਦਾ ਪਹਿਲਾ ਬਿਆਨ

ਖਰੜ ਤੋਂ ਟਿਕਟ ਨਾ ਮਿਲਣ ਮਗਰੋਂ ਅਨਮੋਲ ਗਗਨ ਮਾਨ ਦਾ ਪਹਿਲਾ ਬਿਆਨ

ਚੰਡੀਗੜ੍ਹ, 13 ਨਵੰਬਰ – ਆਮ ਆਦਮੀ ਪਾਰਟੀ (ਆਪ) ਵੱਲੋਂ ਕੱਲ੍ਹ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਦੂਜੀ ਲਿਸਟ ਵਿਚ ਖਰੜ ਹਲਕੇ ਤੋਂ ਅਨਮੋਲ ਗਗਨ ਮਾਨ ਦਾ ਨਾਮ ਨਾ ਆਉਣ ਮਗਰੋਂ ਉਨ੍ਹਾਂ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਸ਼ੇਅਰ ਕਰਕੇ ਸਾਫ਼ ਕੀਤਾ ਹੈ ਕਿ ਇਹ ਟਿਕਟ ਕੱਟਣ ਦੀ ਨਹੀਂ, ਸਗੋਂ ਖੁਦ ਚੋਣ ਨਾ ਲੜਨ ਦੀ ਗੱਲ ਹੈ। ਪੰਜਾਬ ਵਾਸੀਆਂ ਅਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਚੁੱਪ ਰਹਿਣ ਕਾਰਨ ਉਨ੍ਹਾਂ ਦੇ ਚੋਣ ਨਾ ਲੜਨ ਬਾਰੇ ਕਾਫੀ ਬਿਆਨਬਾਜ਼ੀ ਹੋ ਰਹੀ ਹੈ, ਇਸ ਲਈ ਉਹ ਇਹ ਗੱਲ ਸਾਂਝੀ ਕਰ ਰਹੇ ਹਨ। ਆਪਣੀ ਪੋਸਟ ਵਿਚ ਅਨਮੋਲ ਗਗਨ ਮਾਨ ਨੇ ਦੱਸਿਆ, “5 ਅਗਸਤ 2026 ਨੂੰ ਦੁਪਹਿਰ 12 ਵਜੇ ਮੈਂ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਜੀ ਨੂੰ ਚੋਣ ਲੜਨ ਤੋਂ ਮਨ੍ਹਾ ਕਰ ਦਿੱਤਾ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਦਾ ਫੋਨ ਆਇਆ ਸੀ ਕਿ ਕੀ ਉਨ੍ਹਾਂ ਦਾ ਇਹੀ ਫੈਸਲਾ ਹੈ ਕਿ ਉਹ ਚੋਣ ਨਹੀਂ ਲੜਨਗੇ। ਅਨਮੋਲ ਨੇ ਕਿਹਾ ਕਿ ਉਨ੍ਹਾਂ ਨੇ ਦੁਬਾਰਾ ਵੀ ਇਹੀ ਗੱਲ ਦੁਹਰਾਈ। ਇਸ ‘ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸ ਦੇਣ ਕਿ ਪਾਰਟੀ ਨੇ ਉਨ੍ਹਾਂ ਦੀ ਟਿਕਟ ਨਹੀਂ ਕੱਟੀ, ਸਗੋਂ ਇਹ ਉਨ੍ਹਾਂ ਦਾ ਆਪਣਾ ਫੈਸਲਾ ਹੈ। ਅਨਮੋਲ ਗਗਨ ਮਾਨ ਨੇ ਸਪੱਸ਼ਟ ਕੀਤਾ ਕਿ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਸਨ ਅਤੇ ਉਹ ਇਹ ਜਾਣਦੇ ਹਨ। ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਦਾ ਆਪਣਾ ਹੈ। ਬਿਆਨ ਦੇ ਅੰਤ ਵਿਚ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਪਾਰਟੀ ਦੇ ਨਾਲ ਹਨ।ਦੱਸ ਦੇਈਏ ਕਿ ਪਾਰਟੀ ਵੱਲੋਂ ਕੱਲ੍ਹ ਜਾਰੀ ਕੀਤੀ ਗਈ ਦੂਜੀ ਲਿਸਟ ਵਿਚ ਖਰੜ ਸੀਟ ਤੋਂ ਅਨਮੋਲ ਗਗਨ ਮਾਨ ਦਾ ਨਾਮ ਨਹੀਂ ਸੀ, ਜਿਸ ਤੋਂ ਬਾਅਦ ਸਿਆਸੀ ਗਲੀਆਰਾਂ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਸਨ। ਹੁਣ ਉਨ੍ਹਾਂ ਦੇ ਇਸ ਸਪੱਸ਼ਟੀਕਰਨ ਨੇ ਸਥਿਤੀ ਨੂੰ ਕੁਝ ਹੱਦ ਤੱਕ ਸਾਫ਼ ਕਰ ਦਿੱਤਾ ਹੈ।

Share this content:

Post Comment