ਕ੍ਰਿਕੇਟ ਮੈਚ ਦੌਰਾਨ ਰਿਸ਼ਭ ਪੰਤ ਹੋਏ ਗੰਭੀਰ ਜ਼ਖਮੀ, ਟੀਮ ਤੋਂ ਹੋਏ ਬਾਹਰ
ਮੈਨਚੈਸਟਰ, 24 ਜੁਲਈ – ਹੁਣ ਮੈਨਚੈਸਟਰ ਟੈਸਟ ਤੋਂ ਵੀ ਟੀਮ ਇੰਡੀਆ ਲਈ ਮਾੜੀ ਖ਼ਬਰ ਆਈ ਹੈ, ਕਿਉਂਕਿ ਰਿਸ਼ਭ ਪੰਤ ਗੰਭੀਰ ਸੱਟ ਲੱਗਣ ਕਾਰਨ ਮੈਦਾਨ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਲਈ ਖੜਾ ਹੋਣਾ ਵੀ ਔਖਾ ਹੋ ਗਿਆ ਸੀ। ਇਹ ਘਟਨਾ ਹੋਣ ਤੋਂ ਪਹਿਲਾਂ ਪੰਤ 37 ਰਨ ਬਣਾ ਕੇ ਖੇਡ ਰਹੇ ਸਨ। ਇਸ ਤੋਂ ਪਹਿਲਾਂ ਲਾਰਡਜ਼ ਟੈਸਟ ਦੌਰਾਨ ਵੀ ਉਨ੍ਹਾਂ ਦੀ ਉਂਗਲੀ ‘ਚ ਸੱਟ ਲੱਗੀ ਸੀ, ਜਿਸ ਕਰਕੇ ਉਹ ਵਿਕਟਕੀਪਿੰਗ ਨਹੀਂ ਕਰ ਸਕੇ। ਪੰਤ ਦੇ ਸੱਟ ਲੱਗਣ ਤੋਂ ਬਾਅਦ ਮੈਡੀਕਲ ਟੀਮ ਮੈਦਾਨ ਵਿੱਚ ਆਈ ਅਤੇ ਮੈਚ ਕੁਝ ਸਮੇਂ ਲਈ ਰੁਕ ਗਿਆ।
ਇਹ ਮਾਮਲਾ ਭਾਰਤੀ ਇਨਿੰਗ ਦੇ 68ਵੇਂ ਓਵਰ ਦੌਰਾਨ ਵਾਪਰਿਆ, ਜਦੋਂ ਕਿ ਕ੍ਰਿਸ ਵੋਕਸ ਗੇਂਦਬਾਜ਼ੀ ਕਰ ਰਹੇ ਸਨ। ਓਵਰ ਦੀ ਚੌਥੀ ਗੇਂਦ ‘ਤੇ ਰਿਸ਼ਭ ਪੰਤ ਨੇ ਰਿਵਰਸ ਸਵੀਪ ਮਾਰਣ ਦੀ ਕੋਸ਼ਿਸ਼ ਕੀਤੀ, ਪਰ ਗੇਂਦ ਉਨ੍ਹਾਂ ਦੇ ਸੱਜੇ ਪੈਰ ‘ਤੇ ਲੱਗ ਗਈ। ਇੰਗਲੈਂਡ ਟੀਮ ਨੇ LBW ਲਈ ਅਪੀਲ ਕੀਤੀ, ਜਿਸਨੂੰ ਅੰਪਾਇਰ ਨੇ ਖਾਰਜ ਕਰ ਦਿੱਤਾ, ਪਰ ਦੂਜੇ ਪਾਸੇ ਪੰਤ ਦਰਦ ਨਾਲ ਕਰਾਹ ਰਹੇ ਸਨ। ਉਨ੍ਹਾਂ ਲਈ ਮੈਡੀਕਲ ਟੀਮ ਨੂੰ ਬੁਲਾਇਆ ਗਿਆ ਅਤੇ ਅੰਪਾਇਰਾਂ ਨੇ ਡ੍ਰਿੰਕਸ ਬਰੇਕ ਦਾ ਇਸ਼ਾਰਾ ਦੇ ਦਿੱਤਾ। ਮੈਡੀਕਲ ਟੀਮ ਨੇ ਮੈਦਾਨ ‘ਤੇ ਹੀ ਪੰਤ ਦੀ ਹਾਲਤ ਦੀ ਜਾਂਚ ਕੀਤੀ, ਜਿਸ ਕਾਰਨ ਮੈਚ ਕਾਫੀ ਦੇਰ ਤੱਕ ਰੁਕਿਆ ਰਿਹਾ। ਗੇਂਦ ਦੀ ਸੱਟ ਕਾਰਨ ਰਿਸ਼ਭ ਪੰਤ ਦੇ ਸੱਜੇ ਪੈਰ ‘ਚ ਸੋਜ ਆ ਗਈ ਸੀ ਅਤੇ ਉਨ੍ਹਾਂ ਦੇ ਪੈਰ ‘ਤੇ ਖੂਨ ਵੀ ਦਿੱਸ ਰਿਹਾ ਸੀ। ਪੰਤ ਲਈ ਆਪਣੇ ਪੈਰਾਂ ‘ਤੇ ਖੜਾ ਹੋਣਾ ਵੀ ਬਹੁਤ ਔਖਾ ਹੋ ਗਿਆ ਸੀ। ਅਜਿਹੇ ਵਿੱਚ ਫਿਜ਼ਿਓ ਦੀ ਮਦਦ ਨਾਲ ਉਹ ਕਿਵੇਂ-ਤਿਵੇਂ ਖੜੇ ਹੋਏ, ਫਿਰ ਤੁਰੰਤ ਕਾਰਟ ਮੰਗਵਾਈ ਗਈ, ਜਿਸ ‘ਤੇ ਬੈਠ ਕੇ ਪੰਤ ਮੈਦਾਨ ਤੋਂ ਬਾਹਰ ਚਲੇ ਗਏ।
Share this content:


Post Comment